ਚੰਡੀਗੜ੍ਹ-  ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਵਾਲੇ ਨੌਜਵਾਨ ਭਗਤ ਸਿੰਘ ਦਾ ਅੱਜ 115 ਵਾਂ ਜਨਮ ਦਿਨ ਹੈ। ਜਦੋਂ ਵੀ ਕਿਤੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਦੀ ਗੱਲ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ ਦਾ ਨਾਮ ਆਉਂਦਾ ਹੈ ,ਜਿਸ ਨੂੰ ਬਚਪਨ ਤੋਂ ਹੀ ਆਜ਼ਾਦੀ ਦੀ ਲੜਾਈ ਲੜਨ ਦਾ ਚਾਹ ਦਿਲ ਵਿੱਚ ਉੱਠ ਪਿਆ ਸੀ। ਭਾਰਤ ਦਾ ਇਤਿਹਾਸ ਸੂਰਬੀਰਾਂ, ਯੋਧਿਆਂ ਤੇ ਬਹਾਦਰਾਂ ਦੀ ਕੁਰਬਾਨੀ ਨਾਲ ਭਰਿਆ ਪਿਆ ਹੈ। ਇਹ ਵੀਰ ਯੋਧੇ ਇਸ ਦੇਸ਼ ਦੀ ਸ਼ਾਨ ਹਨ, ਲੋਕ-ਦਿਲਾਂ ‘ਤੇ ਰਾਜ ਕਰਨ ਵਾਲੇ ਨਾਇਕ ਹਨ। 


COMMERCIAL BREAK
SCROLL TO CONTINUE READING

ਸ਼ਹੀਦ ਭਗਤ ਸਿੰਘ ਦਾ ਜਨਮ


ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ  ਚੱਕ ਨੰਬਰ 5, ਗੁਗੇਸ ਬਰਾਂਚ, ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਸੀ। ਉਹ ਇੱਕ ਕ੍ਰਾਤੀਕਾਰੀ ਪਰਿਵਾਰ ਨਾਲ ਸਬੰਧ ਰੱਖਦੇ ਸਨ। ਕਿਹਾ ਜਾਂਦਾ ਕਿ ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਉਸ ਦਿਨ ਉਸ ਦੇ ਚਾਚਾ ਅਜੀਤ ਸਿੰਘ ਜੋ ਕਿ ਪਗੜੀ ਸੰਭਾਲ ਓ ਜੱਟਾ’ ਲਹਿਰ ਦੇ ਪ੍ਰਸਿੱਧ ਆਗੂ ਸਨ, ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਸਨ। ਉਨ੍ਹਾਂ ਦੇ ਪਿਤਾ ਵੀ ਜੇਲ੍ਹ ਵਿੱਚੋਂ ਜਮਾਨਤ 'ਤੇ ਬਾਹਰ ਆਏ ਸਨ।
ਭਗਤ ਸਿੰਘ ਨੂੰ ਅਜ਼ਾਦੀ ਦੀ ਗੁੜਤੀ ਪਰਿਵਾਰ ਵਿੱਚੋ ਹੀ ਮਿਲੀ ਸੀ। ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ।


ਬਚਪਨ ਤੋਂ ਹੀ ਭਗਤ ਸਿੰਘ ਦੇ ਮਨ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਨਫ਼ਰਤ ਸੀ। ਉਸ ਦੀਆਂ ਖੇਡਾਂ ਵੀ ਆਮ ਬੱਚਿਆਂ ਨਾਲੋਂ ਵੱਖ ਸਨ। ਉਹ ਖੇਤਾਂ ਵਿੱਚ ਤੀਲੇ ਗੱਡ ਕੇ ਕਹਿੰਦਾ ਹੁੰਦਾ ਸੀ ਕਿ ਉਹ ਦਮੂਕਾਂ (ਬੰਦੂਕਾਂ) ਬੀਜ ਰਿਹਾ ਹੈ ਤਾਂ ਜੋ ਵੱਡਾ ਹੋ ਕੇ ਅੰਗਰੇਜ਼ਾਂ ਨੂੰ ਮਾਰ ਸਕੇ। ਜਦੋਂ ਉਹ ਨੌਂ ਵਰ੍ਹਿਆਂ ਦਾ ਸੀ ਤਾਂ ਉਸ ਨੂੰ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਪਤਾ ਲੱਗਿਆ। ਭਗਤ ਸਿੰਘ ਉੱਤੇ ਸਰਾਭਾ ਦੀ ਕੁਰਬਾਨੀ ਦਾ ਬਹੁਤ ਅਸਰ ਹੋਇਆ। ਉਸ ਨੇ ਕਿਸੇ ਅਖਬਾਰ ਵਿੱਚੋਂ ਉਸ ਦੀ ਤਸਵੀਰ ਕੱਟ ਲਈ ਜੋ ਹਰ ਵਕਤ ਆਪਣੇ ਕੋਲ ਰੱਖਦਾ ਸੀ।


12 ਸਾਲ ਦੀ ਉਮਰ ਵਿੱਚ ਭਗਤ ਸਿੰਘ ਨੂੰ ਉਸ ਸਮੇਂ ਹੋਏ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਪਤਾ ਲੱਗਿਆ। ਇਸ ਘਟਨਾ ਦੀ ਖਬਰ ਸੁਣ ਕੇ ਉਹ ਅੰਮ੍ਰਿਤਸਰ ਪਹੁੰਚਿਆ ਤੇ ਬਾਗ ਵਿੱਚ ਸ਼ਹੀਦ ਹੋਏ ਲੋਕਾਂ ਦੇ ਖੂਨ ਨਾਲ ਭਿੱਜੀ ਮਿਟੀ ਨੂੰ ਦੇਖਣ ਲੱਗਿਆ। ਅੰਗਰੇਜ਼ਾਂ ਵੱਲੋਂ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਇਸ ਸਾਕੇ ਨੇ ਉਸ ਦੇ ਮਨ ਉੱਤੇ ਬੜਾ ਅਸਰ ਕੀਤਾ। 


ਭਗਤ ਸਿੰਘ ਨੇ 1925 ਈਸਵੀ ਵਿੱਚ ‘ਨੌਜਵਾਨ ਭਾਰਤ ਸਭਾ’ ਬਣਾਈ। ਇਸ ਲਹਿਰ ਨੇ ਦੇਸ਼ ਦੀ ਆਜ਼ਾਦੀ ਵਿੱਚ ਬੁਹਤ ਯੋਗਦਾਨ ਪਾਇਆ। 1928 ਵਿੱਚ ਅੰਗਰੇਜ਼ ਹਕੂਮਤ ਦਾ ਵਿਰੋਧ ਚੱਲ ਰਿਹਾ ਸੀ ਇਸ ਵਿੱਚ ਲਾਲਾ ਲਾਜਪਤ ਰਾਏ ਤੇ ਭਾਰਤ ਨੌਜਵਾਨ ਸਭਾ ਨੇ ਹਿੱਸਾ ਲਿਆ। ਅੰਗਰੇਜ਼ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਜਿਸ ਦੌਰਾਨ ਸਿੱਧ ਦੇਸ਼-ਭਗਤ ਲਾਲਾ ਲਾਜਪਤ ਰਾਇ ਦੀ ਮੌਤ ਹੋ ਗਈ ਜਿਸ ਦਾ ਬਦਲਾ ਸਰਦਾਰ ਭਗਤ ਸਿੰਘ ਨੇ ਸਾਂਡਰਸ ਨੂੰ ਮਾਰ ਕੇ ਲਿਆ। ਇਸ ਤੋਂ ਬਾਅਦ ਭਗਤ ਸਿੰਘ ਨੇ 8 ਅਪ੍ਰੈਲ, 1929 ਈ: ਅੰਗਰੇਜ਼ ਸਰਕਾਰ ਵਿਰੁੱਧ ਰੋਸ ਜਤਾਉਣ ਲਈ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਅਸੈਂਬਲੀ ਵਿੱਚ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਿਆਂ ਗਿਰਫ਼ਤਾਰੀ ਦੇ ਦਿੱਤੀ। 


ਅੰਗਰੇਜ਼ ਸਰਕਾਰ ਵੱਲੋਂ 24 ਮਾਰਚ 1931 ਨੂੰ ਸਰਦਾਰ ਭਗਤ ਸਿੰਘ ਉਨ੍ਹਾਂ ਦੇ ਸਾਥੀ ਰਾਜਗੁਰੂ, ਸੁਖਦੇਵ ਤਿੰਨਾਂ ਨੂੰ ਫਾਂਸੀ ਦਿੱਤੀ ਜਾਣੀ ਸੀ। ਪਰ ਲੋਕਾਂ ਦੀ ਭੀੜ ਤੋਂ ਡਰਦਿਆਂ ਅੰਗਰੇਜਾਂ ਨੇ ਉਨ੍ਹਾਂ ਨੂੰ ਇੱਕ ਦਿਨ ਪਹਿਲਾਂ 23 ਮਾਰਚ 1931 ਦੀ ਸ਼ਾਮ 7.30 ਵਜੇ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। 


 ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।-ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।


ਰਾਮ ਪ੍ਰਸਾਦ ਬਿਸਮਿਲ ਦੇ ਇਨ੍ਹਾਂ ਬੋਲਾਂ ਨੂੰ ਗੁਣਗੁਣਾਉਂਦਾ ਹੋਇਆ ਅਜਿਹਾ ਹੀ ਇੱਕ ਨਾਇਕ ਹੈ ‘ਸ਼ਹੀਦ ਭਗਤ ਸਿੰਘ’, ਜਿਸ ਨੇ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲੈ ਕੇ ਫਾਂਸੀ ਦਾ ਰੱਸਾ ਚੁੰਮਿਆ ਅਤੇ ਭਾਰਤੀ ਕੌਮ ਵਿੱਚ ਇੱਕ ਅਜਿਹੀ ਲਹਿਰ ਪੈਦਾ ਕੀਤੀ ਜਿਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਇਸ ਤਰ੍ਹਾਂ 23-24 ਸਾਲ ਦੀ ਉਮਰ ਵਿੱਚ ਹੀ ਭਗਤ ਸਿੰਘ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਾ ਦਿੱਤੀ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ (ਫਿਰੋਜ਼ਪੁਰ) ਸਤਲੁਜ ਦਰਿਆਂ ਦੇ ਕੰਢੇ 'ਤੇ ਜਲ੍ਹਾ ਦਿੱਤੀਆਂ ਗਈਆਂ ਸਨ।


WATCH LIVE TV