Khanna News(ਧਰਮਿੰਦਰ ਸਿੰਘ): ਖੰਨਾ ਦੇ ਅਮਲੋਹ ਰੋਡ ਸਬਜ਼ੀ ਮੰਡੀ ਦੇ ਪਿੱਛੇ ਸਥਿਤ ਗੁਰੂ ਨਾਨਕ ਨਗਰ 'ਚ ਪਤੀ ਨੇ ਆਪਣੀ ਪਤਨੀ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਜ਼ਾਲਮ ਪਤੀ ਨੇ ਪਤਨੀ ਦੇ ਮੂੰਹ ''ਤੇ ਸਿੱਧਾ ਵਾਰ ਕੀਤਾ। ਜਿਸ ਕਾਰਨ ਔਰਤ ਦੇ ਨੱਕ ਦੀ ਹੱਡੀ ਅਤੇ ਜਬਾੜਾ ਟੁੱਟ ਗਿਆ। 50 ਸਾਲਾ ਨਿਰਮਲ ਕੌਰ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰ ਨੇ ਔਰਤ ਦੀ ਹਾਲਤ ਸਥਿਰ ਕਰਨ ਮਗਰੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ।


COMMERCIAL BREAK
SCROLL TO CONTINUE READING

ਨਿਰਮਲ ਕੌਰ ਦੀ ਨੂੰਹ ਰਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਸਹੁਰਾ 10 ਦਿਨਾਂ ਤੋਂ ਕੰਮ ’ਤੇ ਨਹੀਂ ਜਾ ਰਿਹਾ ਸੀ। ਪਹਿਲਾਂ ਵੀ ਆਪਣੀ ਮਰਜ਼ੀ ਅਨੁਸਾਰ ਕੰਮ ਕਰਦਾ ਸੀ। ਘਰ ਵਿੱਚ ਗਰੀਬੀ ਕਾਰਨ ਉਸਦੀ ਸੱਸ ਨਿਰਮਲ ਕੌਰ 3 ਘਰਾਂ ਅੰਦਰ ਸਫ਼ਾਈ ਦਾ ਕੰਮ ਕਰਦੀ ਹੈ। ਉਹ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ 'ਚ ਮਦਦ ਕਰਦੀ ਹੈ। ਪਰ ਉਸਦਾ ਸਹੁਰਾ ਪੈਸੇ ਮੰਗਦਾ ਰਹਿੰਦਾ ਹੈ। ਅੱਜ ਵੀ ਜਦੋਂ ਉਹ ਸੱਸ ਤੋਂ ਪੈਸੇ ਮੰਗ ਰਿਹਾ ਸੀ ਤਾਂ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਸਹੁਰੇ ਨੇ ਉਸਦੀ ਸੱਸ 'ਤੇ ਲੋਹੇ ਦੀ ਕੁਲਹਾੜੀ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਬਚਾਅ ਕਰਨ ਲਈ ਅੱਗੇ ਆਈ ਤਾਂ ਸਹੁਰੇ ਨੇ ਉਸਨੂੰ ਪਿੱਛੇ ਧੱਕਾ ਮਾਰਿਆ ਅਤੇ ਉਸ 'ਤੇ ਵੀ ਹਮਲਾ ਕਰਨ ਦੀ ਧਮਕੀ ਦਿੱਤੀ।


ਕੁਹਾੜੀ ਉਸਦੀ ਸੱਸ ਦੇ ਮੂੰਹ ’ਤੇ ਮਾਰੀ। ਜਦੋਂ ਉਸਦੇ ਸਹੁਰੇ ਨੇ ਮੁੜ ਸਿਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਆਂਢੀਆਂ ਨੇ ਉਸਦੀ ਸੱਸ ਦੀ ਜਾਨ ਬਚਾਈ। ਖੂਨ ਨਾਲ ਲੱਥਪੱਥ ਉਸਦੀ ਸੱਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਰਮਨਦੀਪ ਕੌਰ ਅਨੁਸਾਰ  ਉਸਦਾ ਸਹੁਰਾ ਵਿਹਲਾ ਰਹਿਣਾ ਚਾਹੁੰਦਾ ਹੈ ਅਤੇ ਘਰੋਂ ਹੀ ਪੈਸੇ ਮੰਗਦਾ ਰਹਿੰਦਾ ਹੈ। ਇਸਦਾ ਉਹ ਵਿਰੋਧ ਕਰਦੇ ਹਨ। ਉਸਦਾ ਸਹੁਰਾ ਕੋਈ ਹੋਰ ਨਸ਼ਾ ਨਹੀਂ ਕਰਦਾ। ਕਦੇ-ਕਦੇ ਸ਼ਰਾਬ ਜ਼ਰੂਰ ਪੀ ਲੈਂਦਾ ਹੈ। ਅਜਿਹਾ ਨਹੀਂ ਕਿ ਉਸਦੇ ਸਹੁਰੇ ਨੇ ਨਸ਼ੇ 'ਚ ਇਹ ਹਮਲਾ ਕੀਤਾ, ਗੁੱਸੇ 'ਚ ਆਏ ਨੇ ਅਜਿਹਾ ਕਰ ਦਿੱਤਾ। ਜਿਸ ਨਾਲ ਉਸਦੀ ਸੱਸ ਦੀ ਜਾਨ ਵੀ ਜਾ ਸਕਦੀ ਸੀ।


ਸਿਵਲ ਹਸਪਤਾਲ ਵਿਖੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਉਨ੍ਹਾਂ ਨੇ ਐਮਐਲਆਰ ਕੱਟ ਕੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਘਟਨਾ ਵਿੱਚ ਨਿਰਮਲ ਕੌਰ ਦੇ ਨੱਕ ਦੀ ਹੱਡੀ ਟੁੱਟ ਗਈ। ਜਬਾੜਾ ਵੀ ਟੁੱਟ ਗਿਆ ਹੈ। ਖੰਨਾ ਹਸਪਤਾਲ ਵਿਖੇ ਈਐਨਟੀ ਡਾਕਟਰ ਨਾ ਹੋਣ ਕਾਰਨ ਉਸਨੂੰ ਸਿਵਲ ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।


ਸਿਟੀ ਥਾਣਾ 2 ਦੇ ਐੱਸਐੱਚਓ ਗੁਰਮੀਤ ਸਿੰਘ ਨੇ ਫੋਨ ਰਾਹੀਂ ਗੱਲਬਾਤ ਕਰਦੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਰੁੱਕਾ ਮਿਲਣ ਮਗਰੋਂ ਪੁਲਿਸ ਟੀਮ ਜ਼ਖ਼ਮੀ ਔਰਤ ਦੇ ਬਿਆਨ ਦਰਜ ਕਰੇਗੀ। ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।