Malwinder Kang: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਕਾਰਵਾਈਆਂ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਰਵਉੱਚ ਸਿੱਖ ਸੰਸਥਾ ਦੇ ਜਥੇਦਾਰ ਵਿਰੁੱਧ ਬੋਲੇ ​​ਸ਼ਬਦਾਂ ਦੀ ਤਿੱਖੀ ਆਲੋਚਨਾ ਕੀਤੀ ਹੈ।


COMMERCIAL BREAK
SCROLL TO CONTINUE READING

ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਅਤੇ ਸਿੱਖ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਨਾਲ ਇਕ ਸਦੀ ਪਹਿਲਾਂ ਸਥਾਪਿਤ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੇ ਅਧੀਨ ਇਕ ਪਰਿਵਾਰਕ ਅਦਾਰਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦਾ ਸਮਾਨਾਰਥੀ ਹੈ। ਉਨ੍ਹਾਂ ਨੇ ਇਕ ਪਵਿੱਤਰ ਸੰਸਥਾ ਨੂੰ ਨਿੱਜੀ ਜਾਇਦਾਦ ਵਿਚ ਬਦਲ ਦਿੱਤਾ ਹੈ।


ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਆਗੂਆਂ ਵੱਲੋਂ ਕੀਤੀਆਂ ਇਤਿਹਾਸਕ ਕੁਰਬਾਨੀਆਂ ਨੂੰ ਉਜਾਗਰ ਕਰਦੇ ਹੋਏ, ਕੰਗ ਨੇ ਉਨ੍ਹਾਂ ਦੀਆਂ ਹਾਲੀਆ ਕਾਰਵਾਈਆਂ, ਖਾਸ ਤੌਰ ‘ਤੇ ਆਉਣ ਵਾਲੀਆਂ ਜ਼ਿਮਨੀ ਚੋਣਾਂ ਨਾ ਲੜਨ ਦੇ ਫੈਸਲੇ ‘ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਡੀ ਆਜ਼ਾਦੀ ਲਈ ਯੋਗਦਾਨ ਪਾਇਆ ਉਹ ਹੁਣ ਜਿਮਨੀ ਚੋਣ ਦੌਰਾਨ ਪੰਜਾਬ ਨੂੰ ਛੱਡ ਕੇ ਚਲੇ ਗਏ ਹਨ। ਉਨ੍ਹਾਂ ਬਾਦਲ ਪਰਿਵਾਰ ਦੇ ਪਿਛਲੇ ਗਠਜੋੜਾਂ ਅਤੇ ਸਿੱਖ ਸੰਸਥਾਵਾਂ ਪ੍ਰਤੀ ਉਨ੍ਹਾਂ ਦੇ ਵਿਵਹਾਰ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਅਤੇ ਕਿਹਾ ਕਿ “ਆਪਣੇ ਸ਼ਾਸਨ ਦੌਰਾਨ, ਉਨ੍ਹਾਂ ਨੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕੀਤਾ, ਉਨ੍ਹਾਂ ਨੂੰ ਸਿਰਫ਼ ਸਿਆਸੀ ਟੂਲ ਵਜੋਂ ਵਰਤਿਆ।” ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਪੰਜਾਬ, ਸਿੱਖਾਂ ਅਤੇ ਉਨ੍ਹਾਂ ਦੇ ਮਾਮਲਿਆਂ ਨੂੰ ਬਹੁਤ ਸਮਾਂ ਪਹਿਲਾਂ ਹੀ ਨਜ਼ਰਅੰਦਾਜ਼ ਕਰ ਦਿੱਤਾ ਹੈ।


ਕੰਗ ਨੇ ਆਪਣੀਆਂ ਹਾਲੀਆ ਟਿੱਪਣੀਆਂ ਲਈ ਰਾਜਾ ਵੜਿੰਗ ਨੂੰ ਵੀ ਘੇਰਿਆ ਅਤੇ ਕਿਹਾ ਕਿ ਅਜਿਹੇ ਬਿਆਨ ਉਨ੍ਹਾਂ ਦੀ ਸਿੱਖ ਵਿਰੋਧੀ ਭਾਵਨਾ ਨੂੰ ਦਰਸਾਉਂਦਾ ਹੈ।ਕੰਗ ਨੇ ਕਿਹਾ,”ਵੜਿੰਗ ਦੀਆਂ ਟਿੱਪਣੀਆਂ ਸਾਬਤ ਕਰਦੀਆਂ ਹਨ ਕਿ ਕਾਂਗਰਸ ਦੇ ਨਾਲ-ਨਾਲ ਉਹ ਵੀ ਸਿੱਖ ਸੰਸਥਾਵਾਂ ਦਾ ਨਿਰਾਦਰ ਕਰਦੇ ਹਨ। ਉਨ੍ਹਾਂ ਨੇ ਵੜਿੰਗ ਦੀ ਇਮਾਨਦਾਰੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਤੇ ਹਮਲੇ ਸਮੇਤ ਕਾਂਗਰਸ ਦੀਆਂ ਪਿਛਲੀਆਂ ਕਾਰਵਾਈਆਂ ਉਨ੍ਹਾਂ ਦੇ ਅਸਲ ਇਰਾਦਿਆਂ ਨੂੰ ਪ੍ਰਗਟ ਕਰਦੀਆਂ ਹਨ।


ਬਾਦਲ ਪਰਿਵਾਰ, ਕਾਂਗਰਸ ਅਤੇ ਭਾਜਪਾ ਦੇ ਗੱਠਜੋੜ ਨੂੰ ਸੰਬੋਧਿਤ ਕਰਦੇ ਹੋਏ, ਕੰਗ ਨੇ ਪੰਜਾਬ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਇਹ ਪਾਰਟੀਆਂ ਆਪਣੇ ਸਿਆਸੀ ਲਾਭ ਲਈ ਵਾਰ-ਵਾਰ ਪੰਜਾਬ ਅਤੇ ਸਿੱਖਾਂ ਵਿਰੁੱਧ ਸਾਜ਼ਿਸ਼ਾਂ ਰਚ ਰਹੀਆਂ ਹਨ। ਉਨ੍ਹਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਕੰਗ ਨੇ ਸਿੱਖ ਕੌਮ ਦੀ ਲਚਕੀਲੇਪਣ ਅਤੇ ਅਕਾਲ ਤਖ਼ਤ ਦੇ ਸਥਾਈ ਅਧਿਕਾਰ ਵਿੱਚ ਭਰੋਸਾ ਪ੍ਰਗਟਾਇਆ।  ਉਨ੍ਹਾਂ ਕਿਹਾ “ਸਿੱਖ ਲੋਕ ਹੁਣ ਉਨ੍ਹਾਂ ਦਾ ਸਾਥ ਨਹੀਂ ਦੇਣਗੇ ਜੋ ਉਨ੍ਹਾਂ ਦੇ ਭਰੋਸੇ ਨਾਲ ਧੋਖਾ ਕਰਦੇ ਹਨ। ਬਾਦਲ ਪਰਿਵਾਰ ਵਿਸ਼ਵਾਸਘਾਤ ਦਾ ਸਮਾਨਾਰਥੀ ਜਾਂ ਦੂਜਾ ਨਾਂ ਬਣ ਗਿਆ ਹੈ।