Patiala News: ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਬੀਤੀ ਸ਼ਾਮ ਨਾਭਾ ਰੋਹਟੀ ਪੁਲ ਤੋਂ-ਜੌੜੇਪੁਲ ਨੂੰ ਜਾਂਦੀ ਸੈਕੰਡ ਪਟਿਆਲਾ ਫੀਡਰ ਨਹਿਰ ਦੇ 23.20 ਕਿਲੋਮੀਟਰ ਟੋਟੇ ਨੂੰ 42 ਕਰੋੜ ਰੁਪਏ ਦੀ ਲਾਗਤ ਨਾਲ ਪੱਕੀ ਕਰਨ (ਲਾਇਨਿੰਗ/ਰੀਹੈਬਲੀਟੇਸ਼ਨ) ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਬਰਿੰਦਰ ਗੋਇਲ ਨੇ ਦੱਸਿਆ ਕਿ ਇਸ ਨਹਿਰ ਦੇ ਪੱਕਾ ਹੋਣ ਨਾਲ ਪਟਿਆਲਾ ਸਮੇਤ ਸੰਗਰੂਰ, ਮਾਲੇਰਕੋਟਲਾ ਤੇ ਮਾਨਸਾ ਆਦਿ ਜ਼ਿਲ੍ਹਿਆਂ ਦੀ ਕਰੀਬ 4 ਲੱਖ ਏਕੜ ਜ਼ਮੀਨ ਨੂੰ 1617 ਕਿਊਸਿਕ ਪਾਣੀ ਮਿਲੇਗਾ ਅਤੇ ਹੁਣ ਇਸ ਦੀ ਸਮਰੱਥਾ 10 ਫੀਸਦੀ ਹੋਰ ਵਧਾਈ ਗਈ ਹੈ।


COMMERCIAL BREAK
SCROLL TO CONTINUE READING

ਜਲ ਸਰੋਤ, ਖਨਣ ਤੇ ਜੀਓਲੋਜੀ ਅਤੇ ਭੂਮੀ ਤੇ ਜਲ ਰੱਖਿਆ ਵਿਭਾਗਾਂ ਦੇ ਮੰਤਰੀ ਬਰਿੰਦਰ ਗੋਇਲ ਨੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੀ ਹਿਤਾਇਸ਼ੀ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੇ ਸੂਬੇ ਦੇ ਕਿਸਾਨਾਂ ਨਾਲ ਟੇਲਾਂ ਤੱਕ ਸਿੰਚਾਈ ਲਈ ਪਾਣੀ ਪਹੁੰਚਾਉਣ ਦਾ ਕੀਤਾ ਵਾਅਦਾ ਵੀ ਹੁਣ ਪੂਰਾ ਕਰ ਦਿੱਤਾ ਹੈ।


ਜਲ ਸਰੋਤ ਮੰਤਰੀ ਨੇ ਧਰਤੀ ਹੇਠਲੇ ਪਾਣੀ ਦੇ ਦਿਨੋ-ਦਿਨ ਡੂੰਘੇ ਹੁੰਦੇ ਜਾਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਹਰਾਂ ਮੁਤਾਬਕ ਸਾਲ 2037 ਤੱਕ ਧਰਤੀ ਹੇਠਲੇ ਪਾਣੀ ਦਾ ਸੰਕਟ ਹੋਰ ਗਹਿਰਾ ਹੋ ਜਾਵੇਗਾ ਇਸ ਲਈ ਹਰੇਕ ਵਿਅਕਤੀ ਨੂੰ ਜਲ ਸਰੋਤਾਂ ਦੀ ਸੰਭਾਲ ਤੇ ਇਸ ਦੀ ਵਰਤੋਂ ਸੰਜਮ ਨਾਲ ਕਰਨ ਲਈ ਹੰਭਲਾ ਮਾਰਨਾ ਪਵੇਗਾ। ਬਰਿੰਦਰ ਗੋਇਲ ਨੇ ਪਾਣੀ ਦੀ ਸੰਭਾਲ ਲਈ ਅਵੇਸਲੇ ਹੋਣ ਵਾਸਤੇ ਪਿਛਲੀਆਂ ਸਰਕਾਰਾਂ ਨੂੰ ਕੋਸਦਿਆਂ ਆਖਿਆ ਕਿ ਇਸ ਸਮੱਸਿਆਂ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ ਜਦਕਿ ਉਨ੍ਹਾਂ ਦੀ ਸਰਕਾਰ ਨੇ ਇਸ ਸਬੰਧੀ ਠੋਸ ਨੀਤੀ ਬਣਾ ਕੇ ਕੰਮ ਸ਼ੁਰੂ ਕੀਤਾ ਹੈ।


ਬਰਿੰਦਰ ਗੋਇਲ ਨੇ ਕਿਹਾ ਕਿ ਪਹਿਲਾਂ ਡੈਮਾਂ ਤੋਂ ਮਿਲਣ ਵਾਲੇ ਪਾਣੀ ਵਿੱਚੋਂ ਅਸੀਂ ਕਰੀਬ 68 ਪ੍ਰਤੀਸਤ ਵਰਤੋਂ ਕਰਦੇ ਸੀ ਅਤੇ 38 ਫ਼ੀਸਦੀ ਪਾਣੀ ਵਿਅਰਥ ਜਾ ਰਿਹਾ ਸੀ, ਜੋ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ ਤਿੰਨ ਸਾਲਾਂ ਵਿੱਚ ਇਹ 84 ਫ਼ੀਸਦੀ ਵਰਤੋਂ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਕਰਨ ਨਾਲ ਜਮੀਨੀ ਪਾਣੀ ਦਾ ਪੱਧਰ ਉੱਪਰ ਉਠਦਾ ਹੈ, ਇਸ ਲਈ ਕਿਸਾਨ ਵੀ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕਰਨ ਕਿਉਂਕਿ ਇਸ ਨਾਲ ਹੋਣ ਵਾਲੀ ਫ਼ਸਲ ਤੰਦਰੁਸਤ ਹੋਣ ਸਮੇਤ ਬਿਜਲੀ ਦੀ ਖਪਤ ਵੀ ਨਹੀਂ ਕਰਨੀ ਪੈਂਦੀ।


ਮੀਡੀਆ ਨਾਲ ਗੱਲਬਾਤ ਮੌਕੇ ਬਰਿੰਦਰ ਗੋਇਲ ਨੇ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਹੜ੍ਹਾਂ ਦੀ ਮਾਰ ਨਹੀਂ ਝੱਲਣੀ ਪਵੇਗੀ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ 'ਚ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਕੋਈ ਵਾਧੂ ਪਾਣੀ ਨਹੀਂ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅੜੀਅਲ ਵਤੀਰਾ ਤਿਆਗ ਕੇ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਦਾ ਹੀ ਕਿਸਾਨਾਂ ਦੇ ਨਾਲ ਖੜ੍ਹੀ ਹੈ।


ਇਸ ਮੌਕੇ ਵਿਧਾਇਕ ਅਮਰਗੜ੍ਹ ਪੋ. ਜਸਵੰਤ ਸਿੰਘ ਗੱਜਣਮਾਜਰਾ, ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਤੇਜਿੰਦਰ ਸਿੰਘ ਖਹਿਰਾ, ਸਿੰਚਾਈ ਵਿਭਾਗ ਦੇ ਨਿਗਰਾਨ ਇੰਜੀਨੀਅਰ ਸੁਖਜੀਤ ਸਿੰਘ ਭੁੱਲਰ, ਲਹਿਲ ਡਵੀਜਨ ਦੇ ਕਾਰਜਕਾਰੀ ਇੰਜੀਨੀਅਰ ਕਿਰਨਦੀਪ ਕੌਰ, ਐਸ.ਡੀ.ਓਜ ਅਸ਼ੀਸ਼ ਕੁਮਾਰ ਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।