ਚੰਡੀਗੜ੍ਹ: ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ 9 ਹੋਰਨਾਂ ਮੁਲਕਾਂ (9 International) ਅਤੇ 11 ਘਰੇਲੂ (11 domestic) ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋ ਗਈਆਂ ਹਨ। 


COMMERCIAL BREAK
SCROLL TO CONTINUE READING


ਇਸ ਸਬੰਧੀ ਪ੍ਰੈਸ-ਕਾਨਫ਼ਰੰਸ ਦੌਰਾਨ ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਭਾਰਤੀ ਏਅਰਲਾਈਨਜ਼ ਸਪਾਈਸਜੈੱਟ ਦੁਆਰਾ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਇਟਲੀ ਦੇ ਰੋਮ, ਮਿਲਾਨ ਅਤੇ ਬਰਗਾਮੋ ਲਈ ਸਿੱਧੀਆਂ ਨਿਰਧਾਰਤ ਉਡਾਣਾਂ (Direct flights) ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦੇ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲਿਆ ਹੈ। 



ਘਰੇਲੂ ਉਡਾਣਾਂ ਵਿੱਚ ਅੰਮ੍ਰਿਤਸਰ ਦਿੱਲੀ ਸਮੇਤ ਮੁੰਬਈ, ਸ੍ਰੀਨਗਰ, ਕੋਲਕਤਾ, ਬੈਂਗਲੁਰੂ, ਪੁਣੇ, ਗੋਆ, ਲਖਨਉ ਅਤੇ ਅਹਿਮਦਾਬਾਦ, ਚੇਨਈ ਅਤੇ ਹੈਦਰਾਬਾਦ ਨਾਲ ਜੁੜਿਆ ਹੈ।



ਇੱਥੇ ਦੱਸਣਾ ਬਣਦਾ ਹੈ ਕਿ ਸਪਾਈਸਜੈੱਟ ਕੋਵਿਡ ਮਹਾਂਮਾਰੀ ਦੌਰਾਨ ਸਤੰਬਰ, 2020 ਤੋਂ ਇਟਲੀ ਲਈ ਵਿਸ਼ੇਸ਼ ਚਾਰਟਰ ਉਡਾਣਾਂ ਚਲਾ ਰਹੀ ਸੀ, ਇਹ ਉਡਾਣ ਤਬਿਲਿਸੀ, ਜਾਰਜੀਆ ਵਿਖੇ ਜਹਾਜ਼ ਵਿੱਚ ਤੇਲ ਭਰਾਉਣ ਵਾਸਤੇ 40 ਮਿੰਟ ਲਈ ਰੁਕਦੀ ਹੈ।



ਇਸ ਤੋਂ ਇਲਾਵਾ ਯੂਰਪ, ਯੂਕੇ, ਅਤੇ ਉੱਤਰੀ ਅਮਰੀਕਾ ਨਾਲ ਅੰਮ੍ਰਿਤਸਰ ਦੇ ਵਿਸਤ੍ਰਿਤ ਹਵਾਈ ਸੰਪਰਕ ਬਾਰੇ  ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਹੁਣ ਏਅਰ ਇੰਡੀਆ ਵਲੋਂ 16 ਨਵਬੰਰ ਤੋਂ ਬਰਮਿੰਘਮ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੌਜੂਦਾ ਗਿਣਤੀ ਨੂੰ ਵਧਾ ਕੇ ਹਫ਼ਤੇ ’ਚ 2 ਤੋਂ 3 ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਲੰਡਨ ਹੀਥਰੋ ਲਈ ਵੀ ਹਫ਼ਤੇ ’ਚ 3 ਸਿੱਧੀਆਂ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਕਤਰ ਏਅਰਵੇਜ਼ ਵੀ ਦੋਹਾ ਦੇ ਹਵਾਈ ਅੱਡੇ ਰਾਹੀਂ ਅਮਰੀਕਾ, ਕੈਨੇਡਾ, ਯੂਰਪ, ਅਤੇ ਹੋਰਨਾਂ ਮੁਲਕਾਂ ਤੋਂ ਛੁੱਟੀਆਂ ਮਨਾਉਣ ਲਈ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਲਈ ਰੋਜ਼ਾਨਾ ਸਿੱਧੀ ਉਡਾਣ ਦਾ ਸੁਵਿਧਾਜਨਕ ਵਿਕਲਪ ਉਪਲੱਬਧ ਕਰਵਾ ਰਹੀ ਹੈ। 



ਵਿਦੇਸ਼ ਤੋਂ ਭਾਰਤ ਆ ਰਹੇ ਯਾਤਰੀ ਵੀ ਏਅਰ ਇੰਡੀਆ ਦੁਆਰਾ ਦਿੱਲੀ-ਅੰਮ੍ਰਿਤਸਰ ਦਰਮਿਆਨ ਉਡਾਣਾਂ ਦੀ ਵੱਧ ਰਹੀ ਗਿਣਤੀ ਦਾ ਲਾਭ ਉਠਾ ਸਕਦੇ ਹਨ। ਏਅਰ ਇੰਡੀਆ ਵਲੋਂ ਦਿੱਲੀ ਤੋਂ ਅੰਮ੍ਰਿਤਸਰ ਲਈ ਦੁਪਹਿਰ 2:15 ਵਜੇ ਦੀ ਨਵੀਂ ਉਡਾਣ ਦੇ ਨਾਲ, ਯਾਤਰੀ ਹੁਣ 17 ਘੰਟਿਆ ਵਿੱਚ ਟੋਰਾਂਟੋ ਤੋਂ ਅੰਮ੍ਰਿਤਸਰ ਤੱਕ ਦਾ ਸਫ਼ਰ ਪੂਰਾ ਕਰ ਸਕਦੇ ਹਨ।