Rat Mining News: ਰੈਟ ਮਾਈਨਿੰਗ ਵਿਧੀ ਰਾਹੀਂ ਸੁਰੰਗ `ਚ ਫਸੇ ਮਜ਼ਦੂਰਾਂ ਨੂੰ ਮਿਲੀ ਨਵੀਂ ਜ਼ਿੰਦਗੀ; ਕਈ ਲੱਗੀ ਸੀ ਪਾਬੰਦੀ
Rat Mining News: ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ਵਿੱਚ 17 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਮੰਗਲਵਾਰ ਨੂੰ ਨਵੀਂ ਜ਼ਿੰਦਗੀ ਮਿਲੀ। ਲੰਮੇ ਸਮੇਂ ਤੋਂ ਬਚਾਅ ਕਾਰਜ `ਚ ਲੱਗੀ ਟੀਮ ਦੀ ਮਿਹਨਤ ਨੂੰ ਬੂਰ ਪਿਆ।
Uttarkashi Tunnel Rescue Operation: ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ਵਿੱਚ 17 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਮੰਗਲਵਾਰ ਨੂੰ ਨਵੀਂ ਜ਼ਿੰਦਗੀ ਮਿਲੀ। ਲੰਮੇ ਸਮੇਂ ਤੋਂ ਬਚਾਅ ਕਾਰਜ 'ਚ ਲੱਗੀ ਟੀਮ ਦੀ ਮਿਹਨਤ ਨੂੰ ਬੂਰ ਪਿਆ। ਮਾਈਨਿੰਗ ਵਿੱਚ ਫੇਸ ਮਜ਼ਦੂਰਾਂ ਨੂੰ ਬਚਾਉਣ ਲਈ ਰੈਟ ਮਾਈਨਿੰਗ ਵਿਧੀ ਦੁਆਰਾ ਸੁਰੰਗ ਦੇ ਅੰਦਰ ਹੱਥੀਂ ਡ੍ਰਿਲਿੰਗ ਕੀਤੀ ਗਈ ਸੀ।
ਇਹ ਡ੍ਰਿਲਿੰਗ ਰੈਟ ਮਾਈਨਰਾਂ ਵੱਲੋਂ 57 ਮੀਟਰ ਤੱਕ ਕੀਤੀ ਗਈ ਸੀ। ਇਸ ਟੀਮ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਖਾਸ ਗੱਲ ਇਹ ਕਿ ਰੈਟ ਮਾਈਨਿੰਗ ਵਿਧੀ ਉਪਰ ਕਈ ਸਾਲਾਂ ਤੋਂ ਪਾਬੰਦੀ ਲੱਗੀ ਹੋਈ ਹੈ। ਇਸ ਵਿਧੀ ਨੂੰ ਅਣਸੁਰੱਖਿਅਤ ਕਰਾਰ ਦਿੰਦੇ ਹੋਏ 2014 ਵਿੱਚ ਰੈਟ ਮਾਈਨਿੰਗ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ।
ਰੈਟ ਮਾਈਨਿੰਗ ਕੀ ਹੈ?
ਰੈਟ ਹੋਲ ਮਾਈਨਿੰਗ ਇੱਕ ਅਜਿਹੀ ਵਿਧੀ ਜਾਂ ਤਰੀਕਾ ਹੈ, ਜਿਸ ਵਿੱਚ ਖਾਣ ਵਿੱਚ ਕੋਲਾ ਕੱਢਣ ਲਈ ਤੰਗ ਮੋਰੀ ਵਿਚੋਂ ਮਾਈਨਰ ਜਾਂਦੇ ਹਨ। ਸਰਲ ਭਾਸ਼ਾ ਵਿੱਚ ਕਹੀਏ ਤਾਂ ਕੋਲਾ ਜਾਂ ਹੋਰ ਖਾਣ ਤੱਕ ਪੁੱਜਣ ਲਈ ਖੱਡਾ ਪੁੱਟਣ ਲਈ ਅਪਣਾਏ ਜਾਂਦੇ ਤਰੀਕੇ ਜਾਂ ਢੰਗ ਨੂੰ ਰੈਟ ਮਾਈਨਿੰਗ ਕਿਹਾ ਜਾਂਦਾ ਹੈ। ਹਾਲਾਂਕਿ ਇਹ ਵਿਧੀ ਵਿਵਾਦਤ ਅਤੇ ਗ਼ੈਰਾਕਨੂੰਨੀ ਵੀ ਹੈ। ਦਰਅਸਲ ਇਹ ਵਿਧੀ ਪੂਰਬ-ਉੱਤਰ ਦੇ ਰਾਜ ਮੇਘਾਲਿਆ ਵਿੱਚ ਕਾਫੀ ਅਪਣਾਈ ਜਾਂਦੀ ਸੀ। ਮਾਈਨਰ ਖੱਡਾ ਪੁੱਟ ਕੇ ਚਾਰ ਫੁੱਟ ਚੌੜਾਈ ਵਾਲੀਆਂ ਮੋਰੀਆਂ ਵਿੱਚ ਉੱਤਰਦੇ ਸਨ। ਇਸ ਮੋਰੀ ਵਿੱਚ ਸਿਰਫ਼ ਇੱਕ ਸਖ਼ਸ਼ ਦੇ ਉੱਤਰਨ ਲਈ ਹੀ ਜਗ੍ਹਾ ਹੁੰਦੀ ਸੀ। ਉਹ ਬਾਂਸ ਦੀਆਂ ਪੌੜੀਆਂ ਤੇ ਰੱਸੀਆਂ ਦਾ ਇਸਤੇਮਾਲ ਕਰਕੇ ਥੱਲੇ ਉੱਤਰਦੇ ਸਨ। ਫਿਰ ਬੇਲਚਾ ਤੇ ਟੋਕਰੀਆਂ ਆਦਿ ਦਾ ਇਸਤੇਮਾਲ ਕਰਕੇ ਹੱਥੀ ਕੋਲਾ ਕੱਢਦੇ ਸਨ।
ਵਿਵਾਦਾਂ ਵਿੱਚ ਕਿਉਂ ਹੈ ਰੈਟ ਮਾਈਨਿੰਗ ਵਿਧੀ?
ਰੈਟ ਮਾਈਨਿੰਗ ਰਾਹੀਂ ਕੀਤੀ ਜਾਣ ਵਾਲੀ ਖੁਦਾਈ ਕਾਫੀ ਖ਼ਤਰੇ ਭਰੀ ਹੁੰਦੀ ਹੈ। ਅਜਿਹਾ ਇਸ ਲਈ ਕਿਉਂਕਿ ਮਾਈਨਰ ਸੁਰੱਖਿਆ ਉਪਾਅ ਕੀਤੇ ਬਿਨਾਂ ਖੱਡੇ ਵਿੱਚ ਉਤਰ ਜਾਂਦੇ ਸਨ ਅਤੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਸਨ। ਅਜਿਹੇ ਕਈ ਮਾਮਲੇ ਵੀ ਆਏ ਹਨ ਜਿਥੇ ਬਰਸਾਤ ਵਿੱਚ ਰੈਟ ਹੋਲ ਮਾਈਨਿੰਗ ਕਾਰਨ ਮਾਈਨਿੰਗ ਵਾਲਿਆਂ ਵਿੱਚ ਪਾਣੀ ਭਰ ਗਿਆ ਸੀ, ਜਿਸ ਕਾਰਨ ਮਜ਼ਦੂਰਾਂ ਦੀ ਜਾਨ ਚਲੀ ਗਈ ਸੀ। ਇਹ ਕਾਰਨ ਹੈ ਸਾਲ 2014 ਵਿੱਚ ਨੈਸ਼ਨਲ ਗ੍ਰੀਨ ਅਥਾਰਟੀ(ਐਨਜੀਟੀ) ਨੇ ਮੇਘਾਲਿਆ ਵਿੱਚ ਇਸ ਵਿਧੀ ਨਾਲ ਕੀਤੀ ਜਾਣ ਵਾਲੀ ਖੁਦਾਈ ਉਤੇ ਪਾਬੰਦੀ ਲਗਾ ਦਿੱਤੀ ਸੀ।
ਸਿਲਕਿਆਰਾ 'ਚ ਰੈਟ ਮਾਈਨਰਸ ਨੇ ਕਿਵੇਂ ਬਚਾਈ ਮਜ਼ਦੂਰਾਂ ਦੀ ਜਾਨ?
ਸਿਲਕਿਆਰਾ ਸੁਰੰਗ ਵਿੱਚ ਬਚਾਅ ਕਾਰਜ ਵਿੱਚ ਰੈਟ ਮਾਈਨਿੰਗ ਵਿਧੀ ਅਪਣਾਈ ਗਈ। ਜੋ ਵਿਧੀ ਸਾਲਾਂ ਤੋਂ ਅਸੁਰੱਖਿਆ ਦੇ ਮੱਦੇਨਜ਼ਰ ਬੰਦ ਸੀ, ਉਹ ਵਿਧੀ 41 ਮਜ਼ਦੂਰਾਂ ਲਈ ਵਰਦਾਨ ਸਾਬਿਤ ਹੋਈ। ਸਿਲਕਿਆਰਾ ਵਿੱਚ ਬਚਾਅ ਕਾਰਜ ਵਿੱਚ ਲਗਾਤਾਰ ਫੇਲ੍ਹ ਹੋਣ ਮਗਰੋਂ ਸੋਮਵਾਰ ਨੂੰ ਛੇ ਮੈਂਬਰੀ ਰੈਟ ਮਾਈਨਰਸ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਸੀ। ਮਸ਼ੀਨਾਂ ਰਾਹੀਂ ਯਤਨਾਂ ਮਗਰੋਂ ਫੇਲ੍ਹ ਹੋਣ ਤੋਂ ਬਾਅਦ ਹੱਥ ਨਾਲ ਖੁਦਾਈ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ।
ਰੈਟ ਮਾਈਨਿੰਗ ਵਿੱਚ ਮਾਹਿਰ ਮਜ਼ਦੂਰਾਂ ਦੀ ਟੀਮ ਨੂੰ ਰੈਟ ਮਾਈਨਿੰਗ ਵਿਧੀ ਦਾ ਇਸਤੇਮਾਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਇਸ ਵਿਧੀ ਦਾ ਇਸਤੇਮਾਲ ਕਰਕੇ ਮਜ਼ਦੂਰਾਂ ਨੇ ਹੱਥ ਨਾਲ ਮਲਬਾ ਹਟਾਉਣ ਦਾ ਕੰਮ ਕੀਤਾ ਸੀ। ਇੱਕ ਮਾਹਿਰ ਨੇ ਦੱਸਿਆ ਕਿ ਇੱਕ ਆਦਮੀ ਖੁਦਾਈ ਕਰਦਾ ਹੈ, ਦੂਜਾ ਮਲਬਾ ਇਕੱਠਾ ਕਰਦਾ ਹੈ ਅਤੇ ਤੀਜਾ ਉਸ ਨੂੰ ਬਾਹਰ ਕੱਢਣ ਲਈ ਟਰਾਲੀ ਉਪਰ ਰੱਖਦਾ ਹੈ।
ਮਾਹਿਰ ਹੱਥੀ ਮਲਬੇ ਨੂੰ ਹਟਾਉਣ ਲਈ 800 ਮਿ.ਮੀ. ਪਾਈਪ ਦੇ ਅੰਦਰ ਕੰਮ ਕਰ ਰਹੇ ਸਨ। ਕਿਹਾ ਗਿਆ ਸੀ ਕਿ ਇਸ ਦੌਰਾਨ ਇੱਕ ਬੇਲਚਾ ਅਤੇ ਹੋਰ ਸੰਦਾਂ ਦਾ ਇਸਤੇਮਾਲ ਕੀਤਾ ਸੀ। ਆਕਸੀਜਨ ਲਈ ਇੱਕ ਬਲੋਓਅਰ ਵੀ ਲਗਾ ਦਿੱਤਾ ਸੀ। ਇਸ ਪ੍ਰਕਾਰ ਦੀ ਡ੍ਰਿਲਿੰਗ ਕਾਫੀ ਮਿਹਨਤ ਵਾਲਾ ਕੰਮ ਹੈ ਅਤੇ ਖੁਦਾਈ ਕਰਨ ਵਾਲੇ ਨੂੰ ਵਾਰੀ-ਵਾਰੀ ਖੁਦਾਈ ਕਰਨੀ ਪੈਂਦੀ ਹੈ। ਹਾਲਾਂਕਿ ਇਹ ਮਾਈਨਰ ਅਜਿਹੇ ਕੰਮ ਵਿੱਚ ਕਾਫੀ ਹੁਨਰਮੰਦ ਸਨ।
ਇਹ ਵੀ ਪੜ੍ਹੋ : Assembly Session: ਪੰਜਾਬ ਵਿਧਾਨ ਦਾ ਸਭਾ ਦਾ ਸਰਦ ਰੁੱਤ ਸ਼ੈਸ਼ਨ ਸ਼ੁਰੂ; ਪਹਿਲੇ ਦਿਨ ਕਈ ਵਾਰ ਤਲਖ਼ੀ ਵਾਲਾ ਮਾਹੌਲ ਬਣਿਆ