Ravneet Singh Bittu: ਰਵਨੀਤ ਸਿੰਘ ਬਿੱਟੂ ਨੇ ਰਾਜਸਥਾਨ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ

Ravneet Singh Bittu: ਵਿਧਾਨ ਸਭਾ ਦੇ ਗਣਿਤ ਮੁਤਾਬਕ ਹੁਣ ਇਹ ਸੀਟ ਭਾਜਪਾ ਦੇ ਹਿੱਸੇ ਜਾਣ ਵਾਲੀ ਹੈ। ਅਜਿਹੇ `ਚ ਕਾਂਗਰਸ ਆਪਣਾ ਉਮੀਦਵਾਰ ਨਹੀਂ ਉਤਾਰ ਰਹੀ ਹੈ।
Ravneet Singh Bittu: ਰਾਜਸਥਾਨ ਦੀ ਇੱਕ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਹੋ ਰਹੀ ਹੈ। ਭਾਜਪਾ ਨੇ ਇਸ ਸੀਟ ਤੋਂ ਰਵਨੀਤ ਸਿੰਘ ਬਿੱਟੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਰਵਨੀਤ ਸਿੰਘ ਬਿੱਟੂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਬੀਤੀ ਰਾਤ ਉਹ ਜੈਪੁਰ ਪਹੁੰਚੇ ਗਏ ਸਨ, ਜੈਪੁਰ ਪਹੁੰਚਦੇ ਹੀ ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।
ਦੱਸਦਈਏ ਕਿ ਇਹ ਸੀਟ ਇਸ ਤੋਂ ਪਹਿਲਾ ਕਾਂਗਰਸ ਦੇ ਹਿੱਸੇ ਸੀ, ਕਾਂਗਰਸ ਦੇ ਕੇਸੀ ਵੇਣੂਗੋਪਾਲ ਦੇ ਲੋਕ ਸਭਾ ਵਿੱਚ ਦਾਖ਼ਲ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਜਿਸ ਤੋਂ ਬਾਅਦ ਇਸ ਸੀਟ 'ਤੇ ਮੁੜ ਤੋਂ ਉਪ ਚੋਣ ਹੋਣੀ ਬਾਕੀ ਸੀ। ਵਿਧਾਨ ਸਭਾ ਦੇ ਗਣਿਤ ਮੁਤਾਬਕ ਹੁਣ ਇਹ ਸੀਟ ਬੀਜੇਪੀ ਦੇ ਹਿੱਸੇ ਜਾਣ ਵਾਲੀ ਹੈ। ਕਾਂਗਰਸ ਆਪਣਾ ਉਮੀਦਵਾਰ ਨਹੀਂ ਉਤਾਰ ਰਹੀ ਹੈ। ਜਦੋਂਕਿ ਭਾਜਪਾ ਨੇ ਪੰਜਾਬ ਦੇ ਆਗੂ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਰਵਨੀਤ ਸਿੰਘ ਬਿੱਟੂ ਕੇਂਦਰ ਵਿੱਚ ਮੰਤਰੀ ਵੀ ਹਨ।
ਰਵਨੀਤ ਸਿੰਘ ਬਿੱਟੂ ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਕਾਂਗਰਸ ਵਿਚ ਸਨ ਅਤੇ 2009, 2014 ਅਤੇ 2019 ਵਿਚ ਕਾਂਗਰਸ ਦੀ ਟਿਕਟ 'ਤੇ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਹਨ। ਉਹ 2024 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ। 2024 ਦੀਆਂ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਸੀ। ਪਰ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਜਪਾ ਨੇ ਫਿਰ ਵੀ ਉਨ੍ਹਾਂ ਨੂੰ ਅਹਿਮੀਅਤ ਦਿੱਤੀ ਅਤੇ ਉਨ੍ਹਾਂ ਨੂੰ ਕੇਂਦਰੀ ਮੰਤਰੀ ਦਾ ਅਹੁਦਾ ਦਿੱਤਾ ਗਿਆ। ਰਵਨੀਤ ਬਿੱਟੂ ਪੰਜਾਬ ਦੇ ਇਕਲੌਤੇ ਅਜਿਹੇ ਨੇਤਾ ਹਨ ਜਿਨ੍ਹਾਂ ਨੂੰ ਮੋਦੀ ਸਰਕਾਰ ਦੀ 3.0 ਸਰਕਾਰ ਵਿਚ ਮੰਤਰੀ ਦਾ ਅਹੁਦਾ ਮਿਲਿਆ ਹੈ। ਉਨ੍ਹਾਂ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਰੇਲ ਮੰਤਰਾਲੇ ਵਿੱਚ ਰਾਜ ਮੰਤਰੀ ਬਣਾਇਆ ਗਿਆ ਹੈ।