Punjab News: ਜਲੰਧਰ ਜ਼ਿਮਨੀ ਚੋਣ ਵਾਲੇ ਦਿਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦਾ ਕਾਫਲਾ ਰੋਕਣ ਉਤੇ ਸ਼ਾਹਕੋਟ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ 13 ਵਿਅਕਤੀਆਂ ਖਿਲਾਫ ਸ਼ਾਹਕੋਟ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਈਵਰ ਗਗਨਦੀਪ ਅਰੋੜਾ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਗਗਨਦੀਪ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਵਿਧਾਇਕ ਟੌਂਗ ਦੇ ਕਾਫ਼ਲੇ ਨੂੰ ਜਲੰਧਰ ਰਾਹੀਂ ਸੁਲਤਾਨਪੁਰ ਲੋਧੀ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੇ ਸਮਰਥਕਾਂ ਸਮੇਤ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਇੱਥੋਂ ਤੱਕ ਕਿ ਉਸ ਦੀ ਕਾਰ ਦੀਆਂ ਚਾਬੀਆਂ ਵੀ ਖੋਹ ਲਈਆਂ। ਇਸ ਤੋਂ ਬਾਅਦ ਜਦੋਂ ਉਸ ਨੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਉਸ ਨੂੰ ਥਾਣੇ ਲੈ ਗਈ।


10 ਮਈ ਨੂੰ ਜਦੋਂ ਵਿਧਾਇਕ ਟੌਂਗ ਤੇ ਉਨ੍ਹਾਂ ਦਾ ਸਰਕਾਰੀ ਅਮਲਾ ਜੋ ਜਿਪਸੀ ਵਿਚ ਸੀ, ਨਾਲ ਬਾਬਾ ਬਕਾਲਾ ਤੋਂ ਵਾਇਆ ਜਲੰਧਰ, ਨਕੋਦਰ ਤੋਂ ਸੁਲਤਾਨਪੁਰ ਲੋਧੀ ਜਾ ਰਹੇ ਸਨ। ਮਲਸੀਆਂ ਵਿਖੇ ਜਾਮ ਲੱਗਾ ਹੋਣ ਕਾਰਨ ਗੱਡੀਆਂ ਪਿੰਡਾਂ ਵੱਲ ਪਾ ਲਈਆਂ। ਜਦੋਂ ਪਿੰਡ ਰੂਪੇਵਾਲ ਵਿਚ ਦੀ ਲੰਘਣ ਲੱਗੇ ਤਾਂ ਉਸ ਸਮੇਂ 11:15 ਵਜੇ ਦੇ ਕਰੀਬ ਪਿੰਡ ਵਿਚੋਂ ਕਾਫੀ ਕਾਂਗਰਸੀ ਵਰਕਰਾਂ, ਜਿਨ੍ਹਾਂ ਦੀ ਅਗਵਾਈ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਕੀਤੀ ਜਾ ਰਹੀ ਸੀ, ਨੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਗੱਡੀ ਨੂੰ ਰੋਕ ਲਿਆ। ਗਗਨਦੀਪ ਅਰੋੜਾ ਨੇ ਦੱਸਿਆ ਕਿ ਉਸਦੀ ਜਿਪਸੀ ਦੀ ਚਾਬੀ ਵੀ ਖਿੱਚ ਲਈ ਤੇ ਜਦੋਂ ਮੁਲਾਜ਼ਮਾਂ ਨੇ ਕਾਂਗਰਸੀ ਵਰਕਰਾਂ ਨੂੰ ਅਜਿਹਾ ਕਰਨ ਤੋ ਰੋਕਿਆ ਤਾਂ ਉਹ ਮੁਲਾਜ਼ਮਾਂ ਨਾਲ ਲੜਨ ਲੱਗ ਪਏ ਤੇ ਸਰਕਾਰੀ ਡਿਊਟੀ ਕਰਨ ਤੋਂ ਰੋਕਿਆ।


ਸ਼ਾਹਕੋਟ ਪੁਲਿਸ ਨੇ ਗਗਨਦੀਪ ਅਰੋੜਾ ਦੇ ਬਿਆਨਾਂ ਉਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਰੂਪ ਸਿੰਘ, ਲਖਵੀਰ ਸਿੰਘ ਉਰਫ ਲੱਖਾ,ਹਰਜਿੰਦਰ ਸਿੰਘ ਡੀਸੀ ਸਰਪੰਚ,  ਅਕਾਸ਼ਪ੍ਰੀਤ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ, ਬਲਰਾਜ ਸਿੰਘ ਜੰਮੂ,  ਚੈਂਚਲ ਸਿੰਘ,ਹਰਦੀਪ ਸਿੰਘ ਕੁੱਕੂ, ਸੁਖਦੀਪ ਸਿੰਘ ਸੋਨੂੰ, ਸੁਰਿੰਦਰ ਸਿੰਘ ਤੇ ਅਸ਼ਵਿੰਦਰ ਸਿੰਘ ਨੀਟੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਤਰ੍ਹਾਂ ਵਿਧਾਇਕ ਸ਼ੇਰੋਵਾਲੀਆ ਹੁਣ ਮੁਸ਼ਕਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ।


ਇਹ ਵੀ ਪੜ੍ਹੋ : CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ