Toy Train Accident: ਚੰਡੀਗੜ੍ਹ ਦੇ ਏਲਾਂਤੇ ਮਾਲ ਵਿੱਚ ਖਿਡੌਣਾ ਰੇਲ ਹਾਦਸੇ ਵਿੱਚ ਇੱਕ 11 ਸਾਲਾਂ ਬੱਚੇ ਦੀ ਜਾਨ ਚਲੀ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਟ੍ਰੇਨ ਆਪ੍ਰੇਟਰ ਨੂੰ ਗ੍ਰਿਫ਼ਤਾਰ ਕਰ ਲਿਆ। ਇਥੇ ਸਵਾਲ ਖੜ੍ਹੇ ਹੁੰਦੇ ਹਨ ਕਿ ਸ਼ਹਿਰ ਦੀਆਂ ਬਾਕੀ ਘੁੰਮਣ ਵਾਲੀਆਂ ਥਾਵਾਂ ਉਪਰ ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਝੂਲ, ਟੁਆਏ ਟ੍ਰੇਨ ਜਾਂ ਹੋਰ ਸਾਧਨ ਕਿੰਨੇ ਕੁ ਸੁਰੱਖਿਅਤ ਹਨ।


COMMERCIAL BREAK
SCROLL TO CONTINUE READING

ਸੁਖਨਾ ਝੀਲ ਦੀ ਖਿਡੌਣਾ ਰੇਲ ਏਲਾਂਤੇ ਮਾਲ ਤੋਂ ਅਲੱਗ ਨਹੀਂ ਹੈ। ਇਸ ਟ੍ਰੇਨ ਦੀ ਹਾਲਤ ਵੀ ਉਸ ਵਰਗੀ ਹੈ। ਇਸ ਵਿੱਚ ਕੋਈ ਵੀ ਸੀਟ ਬੈਲਟ ਨਹੀਂ ਹੈ ਅਤੇ ਕੋਈ ਵੀ ਹੈਂਡਰੈਸਟ ਨਹੀਂ ਹੈ ਅਤੇ ਵਾਇਰਿੰਗ ਵੀ ਪੁਰਾਣੀ ਹੈ। ਇਹ ਬਿਜਲੀ ਨਾਲ ਚੱਲਦੀ ਹੈ, ਜਿਸ ਦਾ ਮਤਲਬ ਹੈ ਕਿ ਬਿਜਲੀ ਵਿੱਚ ਥੋੜ੍ਹੀ ਜਿਹੀ ਖ਼ਰਾਬੀ ਆਉਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਬਾਕੀ ਸਵਾਲ ਖੜ੍ਹੇ ਹੁੰਦੇ ਹਨ ਕਿ ਅਜਿਹੇ ਖਿਡੌਣਿਆਂ ਨੂੰ ਬਣਾਉਣ ਤੋਂ ਪਹਿਲਾਂ ਨਿਯਮਾਂ ਦਾ ਧਿਆਨ ਰੱਖਿਆ ਜਾਂਦਾ ਹੈ। ਸੁਰੱਖਿਆ ਦੇ ਮੱਦੇਨਜ਼ਰ ਸਾਰੇ ਮਾਪਦੰਡ ਪੂਰੇ ਕੀਤੇ ਜਾਂਦੇ ਹਨ।


ਕਾਬਿਲੇਗੌਰ ਹੈ ਕਿ ਚੰਡੀਗੜ੍ਹ ਦੇ ਏਲਾਂਤੇ ਮਾਲ 'ਚ ਖਿਡੌਣਾ ਟਰੇਨ 'ਚ ਬੈਠਾ 11 ਸਾਲਾ ਬੱਚਾ ਟ੍ਰੇਨ ਪਲਟਣ ਕਾਰਨ ਥੱਲੇ ਡਿੱਗ ਗਿਆ। ਜਿਸ ਤੋਂ ਬਾਅਦ ਬੱਚੇ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਐਤਵਾਰ ਤੜਕੇ 4 ਵਜੇ ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਨੇ ਖਿਡੌਣਾ ਟਰੇਨ ਨੂੰ ਜ਼ਬਤ ਕਰ ਲਿਆ ਹੈ।


ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਖਿਡੌਣਾ ਟਰੇਨ ਦੇ ਸੰਚਾਲਕ ਸੌਰਭ, ਵਾਸੀ ਬਾਪੂ ਧਾਮ ਅਤੇ ਕੰਪਨੀ ਦੇ ਮਾਲਕਾਂ ਖਿਲਾਫ ਕਤਲ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਆਪ੍ਰੇਟਰ ਨੂੰ ਧਾਰਾ 304 ਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬੀਤੀ ਰਾਤ ਉਸ ਨੂੰ ਜ਼ਮਾਨਤ ਵੀ ਮਿਲ ਗਈ ਸੀ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।



ਨਵਾਂਸ਼ਹਿਰ ਵਾਸੀ ਜਤਿੰਦਰ ਪਾਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਸ਼ਨਿੱਚਰਵਾਰ ਨੂੰ ਆਪਣੇ ਦੋ ਬੱਚਿਆਂ, ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ਘੁੰਮਣ ਆਇਆ ਸੀ। ਰਾਤ ਕਰੀਬ 8 ਵਜੇ ਦੋਵੇਂ ਪਰਿਵਾਰਕ ਮੈਂਬਰ ਸੈਰ ਕਰਨ ਅਤੇ ਖਰੀਦਦਾਰੀ ਕਰਨ ਲਈ ਏਲਾਂਤੇ ਮਾਲ ਪਹੁੰਚੇ।


ਮਾਲ ਦੇ ਅੰਦਰ ਗਰਾਊਂਡ ਫਲੋਰ 'ਤੇ ਖਿਡੌਣਾ ਟਰੇਨ ਦੇਖ ਕੇ ਪੁੱਤਰ ਸ਼ਾਹਬਾਜ਼ ਅਤੇ ਨਵਦੀਪ ਦਾ ਬੇਟਾ ਉਸ 'ਚ ਝੂਲਾ ਲੈਣ ਲਈ ਕਹਿਣ ਲੱਗੇ। ਜਤਿੰਦਰ ਅਤੇ ਨਵਦੀਪ ਦੋਵੇਂ ਬੱਚਿਆਂ ਨੂੰ ਖਿਡੌਣਾ ਟਰੇਨ ਵਿੱਚ ਝੂਲੇ ਦੇਣ ਲਈ ਰਾਜ਼ੀ ਹੋ ਗਏ। ਖਿਡੌਣਾ ਟਰੇਨ 'ਚ ਬੈਠੇ ਬੱਚਿਆਂ ਨੂੰ ਝੂਲੇ ਦੇਣ ਲਈ ਆਪਰੇਟਰ ਸੌਰਵ ਟਰੇਨ ਦੀ ਗਰਾਊਂਡ ਫਲੋਰ 'ਤੇ ਚੱਕਰ ਲਗਾਉਣ ਲੱਗਾ ਤਾਂ ਅਚਾਨਕ ਖਿਡੌਣਾ ਟਰੇਨ ਦਾ ਸੰਤੁਲਨ ਵਿਗੜ ਗਿਆ ਤੇ ਪਿੱਛੇ ਵਾਲਾ ਡੱਬਾ ਪਲਟ ਗਿਆ।


ਸ਼ਾਹਬਾਜ਼ ਦਾ ਸਿਰ ਖਿੜਕੀ ਤੋਂ ਬਾਹਰ ਆ ਕੇ ਫਰਸ਼ 'ਤੇ ਜ਼ੋਰ ਨਾਲ ਵੱਜਿਆ। ਸਿਰ 'ਤੇ ਸੱਟ ਲੱਗਣ ਕਾਰਨ ਖੂਨ ਵਗਣਾ ਸ਼ੁਰੂ ਹੋ ਗਿਆ, ਜਦਕਿ ਨਵਦੀਪ ਦੇ ਬੱਚੇ ਦਾ ਵਾਲ-ਵਾਲ ਬਚ ਗਿਆ। ਜਿਸ ਤੋਂ ਬਾਅਦ ਸ਼ਾਹਬਾਜ਼ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।