Chandigarh News: ਚੰਡੀਗੜ੍ਹ `ਚ ਡੇਂਗੂ ਪਸਾਰ ਰਿਹੈ ਪੈਰ; ਐਮਰਜੈਂਸੀ ਖ਼ੂਨ ਦੇਣ ਲਈ ਵਲੰਟੀਅਰਾਂ ਦੀ ਸੂਚੀ ਤਿਆਰ
Chandigarh News: ਚੰਡੀਗੜ੍ਹ ਵਿੱਚ ਡੇਂਗੂ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਡੇਂਗੂ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਰੋਜ਼ਾਨਾ ਦੀ ਗਿਣਤੀ 250 ਤੋਂ ਵੱਧ ਹੋ ਚੁੱਕੀ ਹੈ।
Chandigarh News: ਚੰਡੀਗੜ੍ਹ ਵਿੱਚ ਡੇਂਗੂ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਡੇਂਗੂ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਰੋਜ਼ਾਨਾ ਦੀ ਗਿਣਤੀ 250 ਤੋਂ ਵੱਧ ਹੋ ਚੁੱਕੀ ਹੈ। ਸਿਹਤ ਵਿਭਾਗ ਇਸ ਸਥਿਤੀ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਨਵੰਬਰ ਵਿੱਚ ਡੇਂਗੂ ਦਾ ਪ੍ਰਕੋਪ ਆਪਣੇ ਸਿਖਰ ਉਤੇ ਹੁੰਦਾ ਹੈ।
ਜੀਐਮਐਸਐਚ-16 ਵਿੱਚ ਰੋਜ਼ਾਨਾ ਲਗਭਗ 70 ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਬੁਖਾਰ ਅਤੇ ਡੇਂਗੂ ਦੇ ਸ਼ੱਕੀ ਮਰੀਜ਼ ਸ਼ਾਮਲ ਹਨ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਨੇ ਦੱਸਿਆ ਕਿ ਡੇਂਗੂ ਅਤੇ ਵਾਇਰਲ ਬੁਖਾਰ ਦੇ ਲੱਛਣ ਕਾਫੀ ਹੱਦ ਤੱਕ ਇਕੋ ਜਿਹੇ ਹੁੰਦੇ ਹਨ। ਇਸ ਵਿੱਚ ਪਲੇਟਲੈਟਸ ਦਾ ਡਿੱਗਣਾ ਆਮ ਗੱਲ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਤੋਂ ਟੈਸਟਿੰਗ ਕਰਵਾਉਣ ਦੀ ਅਪੀਲ ਕੀਤੀ ਹੈ।
ਡਾ.ਸੁਮਨ ਸਿੰਘ ਨੇ ਸਲਾਹ ਦਿੱਤੀ ਕਿ ਜੇਕਰ ਕਿਸੇ ਨੂੰ ਇੱਕ ਹਫਤੇ ਤੋਂ ਜ਼ਿਆਦਾ ਸਮੇਂ ਤੋਂ ਬੁਖਾਰ, ਹੱਡੀਆਂ ਅਤੇ ਜੋੜਾਂ ਵਿੱਚ ਦਰਦ ਹੋ ਰਿਹਾ ਹੈ ਤਾਂ ਉਹ ਤੁਰੰਤ ਜਾਂਚ ਕਰਵਾਉਣ। ਨੱਕ ਅਤੇ ਮਸੂੜਿਆਂ ਵਿੱਚ ਖੂਨ ਆਉਣਾ, ਉਲਟੀ ਵਿੱਚ ਖੂਨ, ਸਾਹ ਵਿੱਚ ਤਕਲੀਫ ਅਤੇ ਪਲੇਟਲੈਟਸ ਦਾ ਘੱਟ ਹੋਣਾ ਡੇਂਗੂ ਦੇ ਸੰਕੇਤ ਹੋ ਸਕਦੇ ਹਨ। ਅਜਿਹੇ ਲੱਛਣ ਦਿਸਣ ਉਤੇ ਤੁਰੰਤ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।
ਬਲੱਡ ਬੈਂਕ ਵਿੱਚ ਪੂਰੀ ਤਿਆਰੀ
ਡੇਂਗੂ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਜੀ.ਐਮ.ਐਸ.ਐਚ.-16 ਦੇ ਬਲੱਡ ਬੈਂਕ ਵਿੱਚ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ। ਇੱਥੇ ਤਿੰਨ ਮਸ਼ੀਨਾਂ ਉਪਲਬਧ ਹਨ ਜਿਨ੍ਹਾਂ ਰਾਹੀਂ ਮਰੀਜ਼ਾਂ ਨੂੰ ਦਾਨੀਆਂ ਤੋਂ ਪਲੇਟਲੈਟ ਦਿੱਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਹਸਪਤਾਲ ਨੇ ਐਨਜੀਓਜ਼ ਅਤੇ ਵਲੰਟੀਅਰਾਂ ਦੀ ਸੂਚੀ ਤਿਆਰ ਕੀਤੀ ਹੈ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਪਲੇਟਲੈਟਸ ਤੁਰੰਤ ਉਪਲਬਧ ਕਰਵਾਏ ਜਾ ਸਕਣ। ਪਿਛਲੇ ਸਾਲ ਡੇਂਗੂ ਦਾ DEN-2 ਸਟ੍ਰੇਨ ਦੇਖਿਆ ਗਿਆ ਸੀ, ਜਿਸ ਵਿਚ ਪਲੇਟਲੈਟਸ ਘੱਟ ਹੋਣ ਕਾਰਨ ਕੁਝ ਮਰੀਜ਼ਾਂ ਨੂੰ ਦਾਖਲ ਕਰਵਾਉਣਾ ਪਿਆ ਸੀ।
ਰੋਜ਼ਾਨਾ 700-800 ਮਰੀਜ਼ਾਂ ਦਾ ਇਲਾਜ
ਹਸਪਤਾਲ ਦੀ ਐਮਰਜੈਂਸੀ ਵਿੱਚ ਰੋਜ਼ਾਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲਾਂ ਵਿੱਚ ਡੇਂਗੂ ਲਈ ਸਮਰਪਿਤ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਮਰੀਜ਼ਾਂ ਦਾ ਸਹੀ ਇਲਾਜ ਹੋ ਸਕੇ।
ਮੁਫ਼ਤ ਟੈਸਟਿੰਗ ਸਹੂਲਤ
GMCH-32, PGI ਅਤੇ GMSH-16 ਵਿੱਚ ਡੇਂਗੂ ਦੀ ਮੁਫ਼ਤ ਜਾਂਚ ਦੀ ਸਹੂਲਤ ਹੈ। ਡੇਂਗੂ NS/IgM ELISA ਟੈਸਟ ਇਹਨਾਂ ਹਸਪਤਾਲਾਂ ਵਿੱਚ ਉਪਲਬਧ ਹੈ। ਆਯੁਸ਼ਮਾਨ ਅਰੋਗਿਆ ਮੰਦਰ, ਸਿਵਲ ਹਸਪਤਾਲ ਅਤੇ ਮਲੇਰੀਆ ਯੂਨਿਟਾਂ ਵਿੱਚ ਮਲੇਰੀਆ ਲਈ ਮੁਫ਼ਤ ਜਾਂਚ ਦੀ ਸਹੂਲਤ ਵੀ ਉਪਲਬਧ ਹੈ। ਫੋਗਿੰਗ ਅਤੇ ਹੋਰ ਸਬੰਧਤ ਸ਼ਿਕਾਇਤਾਂ ਲਈ ਇੱਕ ਹੈਲਪਲਾਈਨ ਨੰਬਰ 7626002036 ਜਾਰੀ ਕੀਤਾ ਗਿਆ ਹੈ, ਜਿਸ 'ਤੇ ਲੋਕ ਸੰਪਰਕ ਕਰ ਸਕਦੇ ਹਨ।