Vigilance Bureau: ਪੰਜਾਬ ਵਿਜੀਲੈਂਸ ਬਿਊਰੋ ਨੇ ਐਸਬੀਐਸ ਨਗਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਲੇਬਰ ਕਾਰਟੇਜ ਤੇ ਢੋਆ-ਢੁਆਈ ਦੇ ਟੈਂਡਰਾਂ ਵਿੱਚ ਧੋਖਾਧੜੀ ਕਰਨ ਵਾਲਿਆਂ ’ਚ ਸ਼ਾਮਲ ਇੱਕ ਹੋਰ ਭਗੌੜੇ ਮੁਲਜ਼ਮ ਯਸ਼ਪਾਲ ਵਾਸੀ ਪਿੰਡ ਉਧਨਵਾਲ, ਜ਼ਿਲ੍ਹਾ ਐਸਬੀਐਸ ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਖ਼ਸ਼ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਤੇ ਖ਼ਰੀਦ ਏਜੰਸੀਆਂ ਸਮੇਤ ਹੋਰ ਠੇਕੇਦਾਰਾਂ ਅਤੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਲੇਬਰ ਕਾਰਟੇਜ ਤੇ ਢੋਆ-ਢੁਆਈ ਦੇ ਟੈਂਡਰਾਂ ਵਿੱਚ ਘਪਲਾ ਕਰਨ ਵਿੱਚ ਲੋੜੀਂਦਾ ਸੀ।


COMMERCIAL BREAK
SCROLL TO CONTINUE READING

ਇਸ ਸਬੰਧ ਵਿੱਚ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਉਨ੍ਹਾਂ ਦੇ ਨਿੱਜੀ ਸਹਾਇਕ ਪੰਕਜ ਕੁਮਾਰ ਉਰਫ ਮੀਨੂੰ ਮਲਹੋਤਰਾ, ਡਿਪਟੀ ਡਾਇਰੈਕਟਰ ਆਰਕੇ ਸਿੰਗਲਾ, ਡੀਐਫਐਸਸੀ ਰਾਕੇਸ਼ ਭਾਸਕਰ ਤੋਂ ਇਲਾਵਾ ਇਸ ਧੋਖਾਧੜੀ ਤੇ ਗਬਨ ਰਾਹੀਂ ਸਰਕਾਰੀ ਖਜ਼ਾਨੇ ਨੂੰ ਸੰਨ੍ਹ ਲਾਉਣ ਵਾਲੇ ਤਿੰਨ ਠੇਕੇਦਾਰਾਂ ਤੇਲੂ ਰਾਮ, ਯਸ਼ਪਾਲ ਤੇ ਅਜੈਪਾਲ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਹੈ।


ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਸਬੀਬੀ ਨਗਰ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਇਸ ਘਪਲੇ ਦੀ ਜਾਂਚ ਕਰਨ ਉਪਰੰਤ ਉਕਤ ਦੋਸ਼ੀਆਂ ਖਿਲਾਫ਼ ਧਾਰਾ 420, 409, 467 ਅਤੇ 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 8, 12, 13 (2) ਤਹਿਤ ਥਾਣਾ ਵਿਜੀਲੈਂਸ, ਜਲੰਧਰ ਵਿਖੇ 22-09-22 ਨੂੰ ਮੁਕੱਦਮਾ ਨੰਬਰ 18 ਦਰਜ ਕੀਤਾ ਸੀ।


ਬੁਲਾਰੇ ਨੇ ਦੱਸਿਆ ਕਿ ਸਾਲ 2020-2021 ਵਿੱਚ ਕਣਕ/ਝੋਨੇ/ਸਟਾਕ ਸਬੰਧੀ ਅਨਾਜ ਮੰਡੀਆਂ ਵਿੱਚ ਲੇਬਰ ਕਾਰਟੇਜ ਤੇ ਢੋਆ-ਢੁਆਈ ਦੇ ਟੈਂਡਰਾਂ ਦੌਰਾਨ ਆਰਐੱਸ ਕੋ-ਆਪ੍ਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਦੇ ਪ੍ਰੋਪਰਾਈਟਰ ਹਨੀ ਕੁਮਾਰ ਨੇ ਨਵਾਂਸ਼ਹਿਰ ਤੇ ਰਾਹੋਂ ਕਲੱਸਟਰਾਂ ਲਈ ਟੈਂਡਰ ਜਮ੍ਹਾਂ ਕਰਵਾਏ ਸਨ।


ਇਕ ਹੋਰ ਸੰਸਥਾ ਪੀਜੀ ਗੋਦਾਮ ਨੇ ਨਵਾਂਸ਼ਹਿਰ ਲਈ ਮੁੱਢਲੀਆਂ ਟੈਂਡਰ ਦਰਾਂ ’ਤੇ ਹੀ ਟੈਂਡਰ ਭਰੇ ਸਨ, ਜੋ ਵਿਭਾਗ ਵੱਲੋਂ ਬਿਨਾਂ ਕਿਸੇ ਠੋਸ ਆਧਾਰ/ ਕਾਰਨ ਦੇ ਰੱਦ ਕਰ ਦਿੱਤੇ ਗਏ ਪਰ ਨਵਾਂਸ਼ਹਿਰ ਕਲੱਸਟਰ ਲਈ ਠੇਕੇਦਾਰ ਤੇਲੂ ਰਾਮ ਨੂੰ 71 ਫ਼ੀਸਦੀ ਤੇ ਰਾਹੋਂ ਕਲੱਸਟਰ ਲਈ 72 ਫ਼ੀਸਦੀ ਵੱਧ ਰੇਟਾਂ ’ਤੇ ਟੈਂਡਰ ਅਲਾਟ ਕਰ ਦਿੱਤੇ ਗਏ ਸਨ।


ਬੁਲਾਰੇ ਨੇ ਦੱਸਿਆ ਕਿ ਬਾਅਦ ਵਿੱਚ ਸਾਲ 2022-23 ਲਈ ਟੈਂਡਰ ਮੰਗੇ ਗਏ ਤੇ ਉਕਤ ਹਨੀ ਕੁਮਾਰ ਨੇ ਆਪਣੀਆਂ ਉਪਰੋਕਤ ਫਰਮਾਂ ਤੋਂ ਰਾਹੋਂ ਕਲੱਸਟਰ ਅਤੇ ਨਵਾਂਸ਼ਹਿਰ ਕਲੱਸਟਰ ਵਿੱਚ ਲੇਬਰ ਦੇ ਕੰਮਾਂ ਲਈ ਮੁੱਢਲੀਆਂ ਦਰਾਂ ਉਤੇ ਦੁਬਾਰਾ ਟੈਂਡਰ ਜਮ੍ਹਾਂ ਕਰਵਾਏ ਪਰ ਜ਼ਿਲ੍ਹਾ ਟੈਂਡਰ ਅਲਾਟਮੈਂਟ ਕਮੇਟੀ ਨੇ ਉਸ ਦੀਆਂ ਟੈਂਡਰਾਂ ਨੂੰ ਰੱਦ ਕਰ ਦਿੱਤਾ। ਨਵਾਂਸ਼ਹਿਰ ਕਲੱਸਟਰ ਦੇ ਕੰਮਾਂ ਲਈ ਠੇਕੇਦਾਰ ਅਜੈਪਾਲ ਨੂੰ ਲੇਬਰ ਟੈਂਡਰ 73 ਫ਼ੀਸਦੀ ਅਤੇ ਰਾਹੋਂ ਕਲਸਟਰ ਵਿੱਚ 72 ਫ਼ੀਸਦੀ ਵੱਧ ਰੇਟਾਂ ’ਤੇ ਅਲਾਟ ਕਰ ਦਿੱਤੇ।


ਬੁਲਾਰੇ ਨੇ ਅੱਗੇ ਦੱਸਿਆ ਕਿ ਠੇਕੇਦਾਰ ਤੇਲੂ ਰਾਮ ਤੇ ਯਸ਼ਪਾਲ ਨੇ ਸਾਲ 2020-21 ਦੇ ਟੈਂਡਰ ਭਰਨ ਸਮੇਂ ਤੇ ਠੇਕੇਦਾਰ ਅਜੈਪਾਲ ਨੇ ਸਾਲ 2020-21 ਅਤੇ 2022-23 ਦੌਰਾਨ ਮਾਲ ਦੀ ਢੋਆ-ਢੁਆਈ ਸਬੰਧੀ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਸਬੰਧੀ ਜੋ ਆਨਲਾਈਨ ਸੂਚੀਆਂ ਨੱਥੀ ਕੀਤੀਆਂ ਸਨ।


ਉਹ ਸਬੰਧਤ ਜ਼ਿਲ੍ਹਾ ਟਰਾਂਸਪੋਰਟ ਅਥਾਰਟੀਆਂ ਦੁਆਰਾ ਤਸਦੀਕ ਕੀਤੀਆਂ ਗਈਆਂ ਸਨ ਪਰ ਜਾਂਚ ਦੌਰਾਨ ਪਾਇਆ ਗਿਆ ਕਿ ਠੇਕੇਦਾਰਾਂ ਵੱਲੋਂ ਦਿੱਤੀਆਂ ਗਈਆਂ ਇਨ੍ਹਾਂ ਸੂਚੀਆਂ ਵਿੱਚ ਵੱਡੀ ਗਿਣਤੀ ਵਿੱਚ ਸਕੂਟਰ, ਮੋਟਰਸਾਈਕਲ, ਕਾਰਾਂ, ਪਿਕਅੱਪ, ਟਰੈਕਟਰ ਟਰਾਲੇ, ਕਲੋਜ਼ ਬਾਡੀ ਟਰੱਕ, ਐਲਪੀਜੀ ਟੈਂਕਰ ਅਤੇ ਹਾਰਵੈਸਟਰ ਆਦਿ ਵਾਹਨਾਂ ਦਾ ਜ਼ਿਕਰ ਹੈ, ਜਦੋਂ ਕਿ ਅਜਿਹੇ ਵਾਹਨਾਂ ’ਤੇ ਅਨਾਜ ਢੋਇਆ ਨਹੀਂ ਜਾ ਸਕਦਾ।


ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੇਟ ਪਾਸਾਂ ਵਿੱਚ ਦਰਸਾਏ ਗਏ ਜਾਅਲੀ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੇ ਨਾਲ-ਨਾਲ ਇਨ੍ਹਾਂ ਗੇਟ ਪਾਸਾਂ ਵਿੱਚ ਦਰਸਾਏ ਗਏ ਅਨਾਜ ਦੀ ਮਾਤਰਾ ਸਬੰਧੀ ਵੇਰਵੇ ਵੀ ਜਾਅਲੀ ਹਨ, ਜਿਨ੍ਹਾਂ ਰਾਹੀਂ ਫਰਜ਼ੀ ਰਿਪੋਰਟਿੰਗ ਤੇ ਗਬਨ ਕਰਨ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੇ ਉਕਤ ਠੇਕੇਦਾਰਾਂ ਨੂੰ ਇਨ੍ਹਾਂ ਜਾਅਲੀ ਗੇਟ ਪਾਸਾਂ ਦੀ ਤਸਦੀਕ ਕੀਤੇ ਬਿਨਾਂ ਕੀਤੇ ਹੋਏ ਕੰਮ ਲਈ ਪੈਸੇ ਵੀ ਦੇ ਦਿੱਤੇ ਸਨ।


ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਟੈਂਡਰ ਪ੍ਰਕਿਰਿਆ ਦੌਰਾਨ ਉਕਤ ਠੇਕੇਦਾਰਾਂ ਵੱਲੋਂ ਮੁਹੱਈਆ ਕਰਵਾਈ ਗਈ ਲੇਬਰ ਦੇ ਆਧਾਰ ਕਾਰਡਾਂ ਦੀਆਂ ਫੋਟੋ ਕਾਪੀਆਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਨ੍ਹਾਂ ’ਚੋਂ ਕਈ ਆਧਾਰ ਕਾਰਡ ਨਾਬਾਲਗ ਮਜ਼ਦੂਰਾਂ ਦੇ ਹਨ, ਕਈ ਆਧਾਰ ਕਾਰਡਾਂ 60 ਸਾਲ ਤੋਂ ਵਡੇਰੀ ਉਮਰ ਦੇ ਬਜ਼ੁਰਗਾਂ ਦੇ ਹਨ ਤੇ ਬਹੁਤ ਸਾਰੇ ਆਧਾਰ ਕਾਰਡ ਪੜ੍ਹਨਯੋਗ ਹੀ ਨਹੀਂ ਹਨ।


ਤੱਥਾਂ ਅਨੁਸਾਰ ਜ਼ਿਲ੍ਹਾ ਟੈਂਡਰ ਕਮੇਟੀ ਨੂੰ ਸਬੰਧਤ ਠੇਕੇਦਾਰਾਂ ਦੀ ਇਹ ਤਕਨੀਕੀ ਬੋਲੀ ਰੱਦ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਵੱਲੋਂ ਨਹੀਂ ਕੀਤੀ ਗਈ। ਇਸ ਤਰ੍ਹਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਤੇ ਸਬੰਧਤ ਖ਼ਰੀਦ ਏਜੰਸੀਆਂ ਨੇ ਆਪਸੀ ਮਿਲੀਭੁਗਤ ਨਾਲ ਲੇਬਰ ਕਾਟੇਜ ਤੇ ਟਰਾਂਸਪੋਰਟ ਟੈਂਡਰਾਂ ਵਿੱਚ ਇਹ ਧੋਖਾਧੜੀ ਕੀਤੀ ਹੈ। ਇਸੇ ਤਫ਼ਤੀਸ਼ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਹੈ।


ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਭਾਰਤ ਭੂਸ਼ਣ ਆਸ਼ੂ, ਮੀਨੂੰ ਮਲਹੋਤਰਾ, ਤੇਲੂ ਰਾਮ ਤੇ ਯਸ਼ਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਭਗੌੜੇ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਜ਼ਿਕਰਯੋਗ ਹੈ ਕਿ ਮੁਲਜ਼ਮ ਡੀਐਫਐਸਸੀ ਰਾਕੇਸ਼ ਭਾਸਕਰ ਦਾ ਪਹਿਲਾਂ ਹੀ ਦੇਹਾਂਤ ਹੋ ਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਡਿਪਟੀ ਡਾਇਰੈਕਟਰ ਆਰਕੇ ਸਿੰਗਲਾ ਨੂੰ ਭਗੌੜਾ ਐਲਾਨਣ ਲਈ ਸਮਰੱਥ ਅਦਾਲਤ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ : Hoshiarpur News: ਕਾਲਜ ਪੜ੍ਹਨ ਦੇ ਨਾਂ 'ਤੇ ਘਰੋਂ ਨਿਕਲੀ ਲੜਕੀ, ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ