ਪੁਲਸ ’ਤੇ ਹੀ ਭਾਰੀ ਪੈਣ ਲੱਗਾ ਨਸ਼ਾ, ਖੰਨਾ ’ਚ 4 ਮੁਲਾਜ਼ਮਾਂ ਦਾ ਡੋਪ ਟੈਸਟ ਆਇਆ Positive
ਡੋਪ ਟੈਸਟ ’ਚ ਪਾਜ਼ਿਟਿਵ ਆਏ ਮੁਲਾਜ਼ਮਾਂ ’ਚ 3 ਸਬ-ਇੰਕਪੈਕਟਰ ਅਤੇ 1 ਹੈੱਡ ਕਾਂਸਟੇਬਲ ਸ਼ਾਮਲ ਹੈ।
ਚੰਡੀਗੜ੍ਹ: ਜਿੱਥੇ ਪੁਲਿਸ ਸੂਬੇ ’ਚੋਂ ਨਸ਼ਾ ਖ਼ਤਮ ਕਰਨ ਦੀਆਂ ਗੱਲਾਂ ਕਰ ਰਹੀ ਹੈ, ਉੱਥੇ ਹੀ ਹੁਣ ਪੁਲਿਸ ਵਿਭਾਗ ਦੇ ਮੁਲਾਜ਼ਮ ਖ਼ੁਦ ਹੀ ਨਸ਼ੇ ਦੀ ਗ੍ਰਿਫ਼ਤ ’ਚ ਘਿਰਦੇ ਨਜ਼ਰ ਆ ਰਹੇ ਹਨ।
ਮਾਮਲਾ ਜ਼ਿਲ੍ਹਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਐੱਸਐੱਸਪੀ ਦਯਾਮਾ ਹਰੀਸ਼ ਕੁਮਾਰ ਦੇ ਹੁਕਮਾਂ ਤਹਿਤ ਪੁਲਿਸ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਗਿਆ ਤਾਂ 4 ਮੁਲਾਜ਼ਮ ਪਾਜ਼ਟਿਵ ਆਏ। ਦੱਸਿਆ ਜਾ ਰਿਹਾ ਹੈ ਡੋਪ ਟੈਸਟ ’ਚ ਪਾਜ਼ਿਟਿਵ ਆਏ ਮੁਲਾਜ਼ਮਾਂ ’ਚ 3 ਸਬ-ਇੰਕਪੈਕਟਰ ਅਤੇ 1 ਹੈੱਡ ਕਾਂਸਟੇਬਲ ਸ਼ਾਮਲ ਹੈ।
ਇਸ ਸਬੰਧੀ ਡੀਐੱਸਪੀ (ਨਾਰਕੋਟਿਕਸ) ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਫਿਲਹਾਲ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਜੇਕਰ ਡੋਪ ਟੈਸਟ ਦੀ ਰਿਪੋਰਟ ’ਚ ਆਏ ਨਸ਼ੀਲੇ ਕੈਮੀਕਲ ਦੀ ਜਾਂਚ ਤੋਂ ਸਾਫ਼ ਹੋਇਆ ਕਿ ਇਹ ਨਸ਼ੇ ਦੀ ਵਰਤੋਂ ਕਾਰਨ ਹੈ ਤਾਂ ਬਰਖ਼ਾਸਤ (Dismiss) ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਨਸ਼ੇ ਦਾ ਆਦੀ ਹੈ ਤਾਂ ਉਸਦਾ ਇਲਾਜ ਕਰਵਾਇਆ ਜਾਵੇਗਾ, ਇਸ ਮੁਹਿੰਮ ਦਾ ਮਕਸਦ ਪੁਲਿਸ ਨੂੰ ਨਸ਼ਾ ਮੁਕਤ ਕਰਨਾ ਹੈ।