Punjab News: ਵੱਖ-ਵੱਖ ਨਿਊਜ਼ ਚੈਨਲਾਂ ਅਤੇ ਸ਼ੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੀ ਖਬਰ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਇੰਟਰਨੈਸ਼ਨਲ ਸਕੂਲ ਮਾਹਿਲਪੁਰ ਦੇ ਗੇਟ ਤੋਂ 4 ਸਾਲਾ ਬੱਚੀ ਨੂੰ ਬਾਹਰ ਕੱਢਿਆ ਗਿਆ, ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਵੱਲੋਂ ਇਸ ਮਾਮਲੇ 'ਤੇ ਸੂ-ਮੋਟੋ ਨੋਟਿਸ ਲਿਆ ਗਿਆ ਹੈ।


COMMERCIAL BREAK
SCROLL TO CONTINUE READING

ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਕਮਿਸ਼ਨ "ਦਾ ਕਮਿਸ਼ਨਜ਼ ਫਾਰ ਦ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਜ਼ ਐਕਟ, 2005" ਦੀ ਧਾਰਾ 17 ਦੇ ਤਹਿਤ ਵਿਧਾਨਕ ਸੰਸਥਾ ਹੈ, ਜਿਸ ਅਨੁਸਾਰ ਇਹ ਕਮਿਸ਼ਨ ਬਾਲ ਅਧਿਕਾਰਾਂ ਦੀ ਰੱਖਿਆ ਦੇ ਹੱਕ ਵਿੱਚ ਕੰਮ ਕਰਦੀ ਹੈ। ਕਮਿਸ਼ਨ ਨੂੰ ਜੇ.ਜੇ ਐਕਟ 2015, ਪੌਕਸੋ ਐਕਟ 2012 ਅਤੇ ਆਰ.ਟੀ.ਈ. ਐਕਟ 2009 ਦੇ ਤਹਿਤ ਨਿਗਰਾਨੀ ਕਰਨ ਦਾ ਅਧਿਕਾਰ ਹੈ। ਕਮਿਸ਼ਨ ਪਾਸ ਇਸ ਐਕਟ ਦੀ ਧਾਰਾ 14 ਅਤੇ ਸਿਵਲ ਪ੍ਰੋਸੀਜ਼ਰ ਕੋਡ 1908 ਦੇ ਤਹਿਤ ਕੇਸ ਦੀ ਸੁਣਵਾਈ ਲਈ ਸਿਵਲ ਕੋਰਟ ਦੀਆਂ ਸ਼ਕਤੀਆਂ ਹਨ।


ਇਸ ਖਾਸ ਮਾਮਲੇ ਵਿੱਚ, ਕਮਿਸ਼ਨ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਮਾਹਿਲਪੁਰ ਦੇ ਪ੍ਰਿੰਸੀਪਲ ਅਤੇ ਸੰਬੰਧਤ ਸਟਾਫ ਨੂੰ 12 ਦਸੰਬਰ 2024, ਸਵੇਰੇ 11:00 ਵਜੇ ਕਮਿਸ਼ਨ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੂੰ ਮਾਮਲੇ ਦੇ ਤੱਥ ਅਤੇ ਪੂਰੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ।


ਕਮਿਸ਼ਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੱਚੇ ਦੇ ਹੱਕਾਂ ਦੀ ਉਲੰਘਣਾ ਦੀ ਜਾਂਚ ਕਰੇਗਾ। 


ਦੱਸਦਈਏ ਕਿ ਮਾਹਿਲਪੁਰ ਦੇ ਨਿੱਜੀ ਸਕੂਲ ਦਿੱਲੀ ਇੰਟਰ ਨੈਸ਼ਨਲ ਸਕੂਲ ਵਿਚ ਪੜ੍ਹਨ ਵਾਲੀ ਨਰਸਰੀ ਕਲਾਸ ਵਿਚ ਪੜ੍ਹਦੀ ਬੱਚੀ ਨੂੰ ਫ਼ੀਸ ਜਮ੍ਹਾ ਨਾ ਕਰਵਾਉਣ ਨੂੰ ਲੈ ਕੇ ਅਧਿਆਪਕਾ ਵੱਲੋਂ ਸਕੂਲ ਵਿਚੋਂ ਬਾਹਰ ਕੱਢ ਦਿੱਤਾ ਗਿਆ। ਸਕੂਲ 'ਤੇ ਗੰਭੀਰ ਇਲਜ਼ਾਮ ਲਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਧਿਆਪਕ ਨੇ ਬਾਂਹ ਤੋਂ ਫੜ ਕੇ ਬੱਚੀ ਨੂੰ ਸਕੂਲ ਵਿਚੋਂ ਬਾਹਰ ਕੱਢਿਆ। ਇਸ ਦੀ ਸ਼ਿਕਾਇਤ ਪਰਿਵਾਰ ਵੱਲੋਂ ਥਾਣਾ ਮਾਹਿਲਪੁਰ ਅਤੇ ਐੱਸ. ਡੀ. ਐੱਮ. ਦਫ਼ਤਰ ਵਿਚ ਕੀਤੀ ਗਈ ਹੈ।