Australia News: ਆਸਟ੍ਰੇਲੀਆ `ਚ ਸਿੱਖ ਭਾਈਚਾਰੇ ਲਈ ਇਤਿਹਾਸਕ ਪਲ! ਬਰਵਿਕ ਸਪਰਿੰਗਜ਼ ਲੇਕ ਦਾ ਨਾਂ `ਗੁਰੂ ਨਾਨਕ ਲੇਕ` ਰੱਖਿਆ
Australia News: ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਨੇ ਬਰਵਿਕ ਸਪਰਿੰਗਜ਼ ਝੀਲ ਦਾ ਨਾਮ ਬਦਲ ਕੇ ਅਧਿਕਾਰਤ ਤੌਰ ਉਤੇ `ਗੁਰੂ ਨਾਨਕ ਝੀਲ` ਰੱਖ ਦਿੱਤਾ ਹੈ।
Australia News (ਖੁਸ਼ਪ੍ਰੀਤ ਸਿੰਘ ਸੁਨਾਮ): ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਨੇ ਆਸਟ੍ਰੇਲੀਆ ਵਿੱਚ ਸਿੱਖ ਕੌਮ ਵੱਲੋਂ ਪਾਏ ਜਾ ਰਹੇ ਯੋਗਦਾਨ ਤੇ ਗੁਰੂ ਨਾਨਕ ਦੇਵ ਜੀ ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ਦੇ ਸਨਮਾਨ ਵਿੱਚ ਬਰਵਿਕ ਸਪਰਿੰਗਜ਼ ਝੀਲ ਦਾ ਨਾਮ ਬਦਲ ਕੇ ਅਧਿਕਾਰਤ ਤੌਰ ਉਤੇ "ਗੁਰੂ ਨਾਨਕ ਝੀਲ" ਰੱਖ ਦਿੱਤਾ ਹੈ। ਇਹ ਝੀਲ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਸਥਿਤ ਇਲਾਕੇ ਬੈਰਵਿਕ ਵਿੱਚ ਸਥਿਤ ਹੈ ਤੇ ਇਹ ਝੀਲ ਕੁਦਰਤੀ ਰੰਗਾਂ ਨਾਲ ਭਰਪੂਰ ਹੈ।
ਇਸ ਸਬੰਧੀ ਅੱਜ ਵਿਕਟੋਰੀਆ ਸਰਕਾਰ ਵੱਲੋਂ ਰਸਮੀ ਤੌਰ ਉਤੇ ਇੱਕ ਸਮਾਗਮ ਰੱਖਿਆ ਗਿਆ ਜਿਸ ਵਿੱਚ ਵਿਕਟੋਰੀਆ ਦੇ ਮਲਟੀਕਲਚਰਲ ਮੰਤਰੀ ਇੰਗ੍ਰਿਡ ਸਟੀਟ, ਯੋਜਨਾ ਮੰਤਰੀ ਸੋਨੀਆ ਕਿਲਕੇਨੀ, ਸੰਸਦ ਮੈਂਬਰ, ਵਿਕਟੋਰੀਆ ਮਲਟੀਕਲਚਰਲ ਕਮਿਸ਼ਨ ਦੀ ਸੀਈਓ ਵਿਵ ਨਗੁਇਨ, ਸਥਾਨਕ ਅਧਿਕਾਰੀ ਤੇ ਕਈ ਸਿੱਖ ਸੰਸਥਾਵਾਂ ਦੇ ਮੈਂਬਰ ਸ਼ਾਮਲ ਸਨ।
ਇਸ ਮੌਕੇ ਨਵੇਂ ਨਾਂ ਦੇ ਸਮਰਪਣ ਨੂੰ ਰਵਾਇਤੀ ਰਸਮਾਂ, ਅਰਦਾਸ ਦੇ ਨਾਲ ਕੀਤਾ ਗਿਆ। ਇਸ ਮੌਕੇ ਸੂਬਾ ਸਰਕਾਰ ਵੱਲੋਂ ਆਏ ਬੁਲਾਰਿਆਂ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਕਟੋਰੀਆ ਸੂਬਾ ਸਾਂਝੀਵਾਦ ਅਤੇ ਬਹੁ-ਸੰਸਕ੍ਰਿਤਿਕ ਮੂਲ ਪਿਛੋਕੜਾਂ ਦੀਆਂ ਕਦਰਾਂ ਦਾ ਪ੍ਰਤੀਕ ਹੈ ਅਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਸਿੱਖਿਆਵਾਂ ਨੂੰ ਮਨਾਉਂਦਾ ਹੈ, ਜੋ ਸਾਰਿਆਂ ਲਈ ਦਇਆ, ਸਮਾਨਤਾ ਅਤੇ ਨਿਸ਼ਕਾਮ ਸੇਵਾ ਦਾ ਸੁਨੇਹਾ ਦਿੰਦੇ ਹਨ ਤੇ ਵਿਕਟੋਰੀਆ ਸਰਕਾਰ ਨੇ ਬੈਰਵਿਕ ਦੇ ਪ੍ਰਸਿੱਧ ਸਪ੍ਰਿੰਗਸ ਲੇਕ ਦਾ ਨਾਂ ਬਦਲ ਕੇ ਆਸਟ੍ਰੇਲੀਆ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਫੈਸਲਾ ਲਿਆ ਹੈ , ਜੋ ਕਿ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੈ।
ਬੁਲਾਰਿਆਂ ਨੇ ਕਿਹਾ ਕਿ ਵਿਕਟੋਰੀਆ ਵਿੱਚ ਸਿੱਖ ਭਾਈਚਾਰੇ ਨੂੰ ਲੋਕ ਭਲਾਈ ਦੇ ਕਾਰਜਾਂ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਜਾਣਿਆ ਜਾਂਦਾ ਹੈ ਭਾਵੇਂ ਉਹ ਕੁਦਰਤੀ ਆਫਤ ਹੋਵੇ, ਕੋਵਿਡ ਮਹਾਮਾਰੀ ਹੋਵੇ ਜਾਂ ਜੰਗਲੀ ਅੱਗ ਹੋਵੇ ਹਰ ਫਰੰਟ ਤੇ ਸੇਵਾ ਪ੍ਰਦਾਨ ਕਰਨ ਲਈ ਕਦਮ ਚੁੱਕੇ।
ਵਿਕਟੋਰੀਆ ਦੇ ਮਲਟੀਕਲਚਰਲ ਅਫੇਅਰ ਮੰਤਰੀ ਨੇ ਸਿੱਖ ਭਾਈਚਾਰੇ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਹਿਯੋਗ ਤੇ ਆਸਟ੍ਰੇਲੀਆਈ ਸਮਾਜ ਲਈ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਗੱਲ ਉਤੇ ਜ਼ੋਰ ਦਿੱਤਾ ਕਿ ਗੁਰੂ ਨਾਨਕ ਲੇਕ ਸੂਬੇ ਵਿੱਚ ਵੱਖ-ਵੱਖ ਸੱਭਿਆਚਾਰਾਂ ਵਿਚਕਾਰ ਆਪਸੀ ਭਾਈਚਾਰੇ ਦਾ ਸੁਨੇਹਾ ਪ੍ਰਦਾਨ ਕਰੇਗੀ।
ਇਹ ਵੀ ਪੜ੍ਹੋ : Faridkot Weather Update: ਫਰੀਦਕੋਟ 'ਚ ਮੌਸਮ ਦੀ ਪਹਿਲੀ ਹੀ ਧੁੰਦ ਨੇ ਦਿਖਾਇਆ ਆਪਣਾ ਰੰਗ, ਵਿਜੀਬੀਲਟੀ ਹੋਈ ਘੱਟ