India-Canada Relations: ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ `ਤੇ ਹੁਣ ਆਸਟ੍ਰੇਲੀਆ ਨੇ ਵੀ ਦਿੱਤੀ ਪ੍ਰਤੀਕ੍ਰਿਆ
Australia on India-Canada news: ਇਸ ਮਾਮਲੇ `ਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ `ਇਹ ਰਿਪੋਰਟਾਂ ਚਿੰਤਾਜਨਕ ਹਨ।
Australia on India-Canada Relations news: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤ ਦੇ ਹੱਥ ਹੋਣ ਦੇ ਦਾਅਵੇ 'ਤੇ ਹੁਣ ਆਸਟ੍ਰੇਲੀਆ ਦਾ ਬਿਆਨ ਵੀ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਵਿਵਾਦ ਦੌਰਾਨ ਯੂਕੇ ਅਤੇ ਅਮਰੀਕਾ ਵੱਲੋਂ ਵੀ ਬਿਆਨ ਸਾਹਮਣੇ ਆ ਚੁੱਕਿਆ ਹੈ।
ਹੁਣ ਇਸ ਮਾਮਲੇ 'ਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ "ਇਹ ਰਿਪੋਰਟਾਂ ਚਿੰਤਾਜਨਕ ਹਨ। ਅਸੀਂ ਨੋਟ ਕਰ ਰਹੇ ਹਾਂ ਕਿ ਜਾਂਚ ਅਜੇ ਵੀ ਚੱਲ ਰਹੀ ਹੈ... ਜਿਵੇਂ ਮੈਂ ਕਿਹਾ ਹੈ, ਅਸੀਂ ਸਾਡੇ ਭਾਈਵਾਲਾਂ ਦੇ ਨਾਲ ਇਹਨਾਂ ਵਿਕਾਸ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਅਤੇ ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ।"
ਇਸ ਤੋਂ ਪਹਿਲਾਂ ਯੂਕੇ ਦੇ ਵਿਦੇਸ਼ ਸਕੱਤਰ ਜੇਮਜ਼ ਕਲੀਵਰਲੀ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਖਾਲਿਸਤਾਨੀ ਨੇਤਾ ਦੀ ਹੱਤਿਆ ਵਿੱਚ ਭਾਰਤ 'ਤੇ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਕੈਨੇਡੀਅਨ ਭਾਈਵਾਲਾਂ ਦੇ ਸੰਪਰਕ ਵਿੱਚ ਹਨ।
ਜੇਮਜ਼ ਕਲੀਵਰਲੀ ਨੇ 'ਐਕਸ' 'ਤੇ ਪੋਸਟ ਕਰਦਿਆਂ ਕਿਹਾ ਕਿ, "ਸਾਰੇ ਦੇਸ਼ਾਂ ਨੂੰ ਪ੍ਰਭੂਸੱਤਾ ਅਤੇ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨਾ ਚਾਹੀਦਾ ਹੈ। ਅਸੀਂ ਕੈਨੇਡੀਅਨ ਸੰਸਦ ਵਿੱਚ ਉਠਾਏ ਗਏ ਗੰਭੀਰ ਦੋਸ਼ਾਂ ਬਾਰੇ ਆਪਣੇ ਕੈਨੇਡੀਅਨ ਭਾਈਵਾਲਾਂ ਨਾਲ ਨਿਯਮਤ ਸੰਪਰਕ ਵਿੱਚ ਹਾਂ।"
ਇਸੇ ਤਰ੍ਹਾਂ ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਐਡਰਿਏਨ ਵਾਟਸਨ ਦਾ ਵੀ ਬਿਆਨ ਸਾਹਮਣੇ ਆਇਆ ਸੀ ਕਿ "ਅਸੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਸੰਦਰਭਿਤ ਦੋਸ਼ਾਂ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਾਂ।"
ਐਡਰਿਏਨ ਵਾਟਸਨ ਨੇ ਕਿਹਾ ਕਿ "ਅਸੀਂ ਆਪਣੇ ਕੈਨੇਡੀਅਨ ਭਾਈਵਾਲਾਂ ਨਾਲ ਨਿਯਮਤ ਸੰਪਰਕ ਵਿੱਚ ਰਹਿੰਦੇ ਹਾਂ ਅਤੇ ਇਹ ਮਹੱਤਵਪੂਰਨ ਹੈ ਕਿ ਕੈਨੇਡਾ ਦੀ ਜਾਂਚ ਅੱਗੇ ਵਧੇ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।"
ਦੂਜੇ ਪਾਸੇ ਕੈਨੇਡਾ ਵਿੱਚ ਵਿਰੋਧੀ ਧਿਰਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਭਾਰਤ 'ਤੇ ਲਗਾਏ ਗਏ ਇਲਜ਼ਾਮਾਂ ਦੇ ਸਬੂਤ ਪੇਸ਼ ਕੀਤੇ ਜਾਣ।
ਇਹ ਵੀ ਪੜ੍ਹੋ: UK on India-Canada Relations: ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਸਾਹਮਣੇ ਆਇਆ ਯੂਕੇ ਦੇ ਵਿਦੇਸ਼ ਸਕੱਤਰ ਦਾ ਵੱਡਾ ਬਿਆਨ