Khanna News: ਜਾਰਜੀਆ ਦੇ ਇੱਕ ਭਾਰਤੀ ਰੈਸਟੋਰੈਂਟ ਵਿੱਚ 11 ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਭੇਦ ਭਾਰੇ ਹਾਲਾਤਾਂ ਵਿੱਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜਾਰਜੀਆ ਦਾ ਇੱਕ ਨਾਗਰਿਕ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਲਾਸ਼ਾਂ ਰੈਸਟੋਰੈਂਟ ਦੇ ਉਸ ਕਮਰੇ 'ਚੋਂ ਮਿਲੀਆਂ, ਜਿੱਥੇ ਕਰਮਚਾਰੀ ਸੌਂਦੇ ਸਨ। ਅਧਿਕਾਰਤ ਰਿਪੋਰਟ ਮੁਤਾਬਕ ਮਰਨ ਵਾਲਿਆਂ 'ਚ ਰੈਸਟੋਰੈਂਟ ਦੇ ਸਟਾਫ ਮੈਂਬਰ ਵੀ ਸ਼ਾਮਲ ਹਨ।


COMMERCIAL BREAK
SCROLL TO CONTINUE READING

ਮ੍ਰਿਤਕਾਂ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਬੰਦ ਕਮਰੇ ਵਿੱਚ ਜਨਰੇਟਰ ਦੀ ਵਰਤੋਂ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਵਿੱਚੋਂ ਇੱਕ ਸਮੀਰ ਕੁਮਾਰ (26) ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦਾ ਰਹਿਣ ਵਾਲਾ ਹੈ।


ਸਮੀਰ ਖੰਨਾ ਦੇ ਬਿਲਾਂਵਾਲੀ ਛੱਪੜੀ ਦਾ ਰਹਿਣ ਵਾਲਾ ਹੈ। ਉਹ ਕਰੀਬ 6 ਮਹੀਨੇ ਪਹਿਲਾਂ ਜਾਰਜੀਆ ਗਿਆ ਸੀ। ਉੱਥੇ ਟਿਕਲੀਸ਼ ਰਾਜਧਾਨੀ 'ਚ ਭਾਰਤੀ ਅਰਬੀ ਰੈਸਟੋਰੈਂਟ ਹਵੇਲੀ 'ਚ ਕੰਮ ਕਰਦਾ ਸੀ। ਸਮੀਰ ਦੇ ਭਰਾ ਆਸ਼ੀਸ਼ ਕੁਮਾਰ ਨੇ ਦੱਸਿਆ ਕਿ 14 ਦਸੰਬਰ ਨੂੰ ਸਮੀਰ ਦਾ ਜਨਮ ਦਿਨ ਸੀ।


ਸਮੀਰ ਬੀਤੀ ਰਾਤ ਆਪਣੀ ਮਾਂ ਸੰਤੋਸ਼ ਕੁਮਾਰੀ ਨਾਲ ਫ਼ੋਨ 'ਤੇ ਗੱਲ ਕਰਕੇ ਸੌਂ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਈ ਫੋਨ ਕੀਤੇ ਪਰ ਸਮੀਰ ਵੱਲੋਂ ਕੋਈ ਜਵਾਬ ਨਹੀਂ ਆਇਆ। ਉਸਦੇ ਦੋਸਤਾਂ ਨੂੰ ਫੋਨ ਕੀਤੇ ਗਏ। ਉਸ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਇੰਟਰਨੈੱਟ ਤੋਂ ਰੈਸਟੋਰੈਂਟ ਦਾ ਨੰਬਰ ਲੈ ਕੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਸਮੀਰ ਸਮੇਤ ਕਮਰਿਆਂ ਵਿਚ ਸੁੱਤੇ ਪਏ ਸਾਰੇ 12 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਦੱਸਿਆ ਗਿਆ।


ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਦੀ ਲਾਸ਼ ਭਾਰਤ ਲਿਆਉਣ ਲਈ ਭਾਰਤੀ ਦੂਤਘਰ ਨੂੰ ਫੋਨ ਕੀਤਾ ਅਤੇ ਘਟਨਾ ਦੀ ਸਹੀ ਜਾਣਕਾਰੀ ਲਈ। ਉਥੋਂ ਉਸ ਨੂੰ ਕੋਈ ਮਦਦ ਨਹੀਂ ਦਿੱਤੀ ਗਈ। ਨਾ ਹੀ ਕੋਈ ਤਸੱਲੀਬਖਸ਼ ਜਵਾਬ ਮਿਲਿਆ। ਸਰਕਾਰ ਦਾ ਕੋਈ ਨੁਮਾਇੰਦਾ, ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ। ਉਹ ਮੁਸੀਬਤ ਵਿੱਚ ਹਨ ਅਤੇ ਇਹ ਨਹੀਂ ਜਾਣਦੇ ਹਨ ਕਿ ਉਨ੍ਹਾਂ ਦੇ ਭਰਾ ਦੀ ਲਾਸ਼ ਭਾਰਤ ਵਾਪਸ ਕਿਵੇਂ ਲਿਆਉਣੀ ਹੈ। 


ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਮੰਗ ਕੀਤੀ ਕਿ ਸਮੀਰ ਦੀ ਮ੍ਰਿਤਕ ਦੇਹ ਨੂੰ ਕਿਸੇ ਵੀ ਤਰੀਕੇ ਨਾਲ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਅੰਤਿਮ ਰਸਮਾਂ ਨਿਭਾਅ ਸਕਣ ਅਤੇ ਸਮੀਰ ਦੀਆਂ ਰਸਮਾਂ ਅਨੁਸਾਰ ਅੰਤਿਮ ਸਸਕਾਰ ਕਰ ਸਕਣ।