Banur News: ਮੋਹਾਲੀ ਜ਼ਿਲ੍ਹੇ ਦੇ ਬਨੂੜ ਦੇ ਪਿੰਡ ਗੀਗੇਮਾਜਰਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਚਾਰ ਦਿਨਾਂ ਦੌਰਾਨ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਬੁਖਾਰ ਲਪੇਟ ਵਿੱਚ ਆਉਣ ਮਗਰੋਂ ਦੋਵਾਂ ਦੀ ਸੋਹਾਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ । ਦੋਵੇਂ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਦੋਹਾਂ ਦੀ ਮੌਤ ਨਾਲ ਇਲਾਕੇ ਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ 22 ਸਾਲਾ ਪਰਮਪ੍ਰੀਤ ਸਿੰਘ ਪੁੱਤਰ ਯਾਦਵਿੰਦਰ ਸਿੰਘ, ਜਿਹੜਾ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਬੀਏ ਵਿੱਚ ਪੜ੍ਹ ਰਿਹਾ ਸੀ, ਨੂੰ 8 ਨਵੰਬਰ ਨੂੰ ਬੁਖਾਰ ਹੋਇਆ ਸੀ। ਇਸ ਮਗਰੋਂ ਉਹ ਦੋ ਦਿਨ ਖਰੜ ਦੇ ਇੱਕ ਨਿੱਜੀ ਡਾਕਟਰ ਕੋਲੋਂ ਇਲਾਜ ਕਰਵਾਉਂਦਾ ਰਿਹਾ।


10 ਨਵੰਬਰ ਨੂੰ ਬੁਖਾਰ ਦੇ ਨਾਲ-ਨਾਲ ਪਰਮਪ੍ਰੀਤ ਨੂੰ ਪੇਟ ਦਰਦ ਵੀ ਆਰੰਭ ਹੋ ਗਿਆ ਤੇ ਪਲੇਟਲੈਟਸ ਵੀ ਕਾਫ਼ੀ ਜ਼ਿਆਦਾ ਘੱਟ ਗਏ। ਪੀੜਤ ਨੂੰ ਖਰੜ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਫਿਰ ਸੋਹਾਣਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ 12 ਨਵੰਬਰ ਨੂੰ ਉਸ ਦੀ ਮੌਤ ਹੋ ਗਈ।


ਇਸੇ ਤਰ੍ਹਾਂ ਪਿੰਡ ਦੇ ਹੀ 32 ਸਾਲਾ ਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਜਿਹੜਾ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਤੇ  ਤਿੰਨ ਵਰ੍ਹਿਆਂ ਦੀ ਬੇਟੀ ਦਾ ਪਿਓ ਸੀ। ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਸਿੰਘ ਨੇ ਮੋਗਾ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚੋਂ ਪੇਟ 'ਚ ਚਰਬੀ ਘੱਟ ਕਰਨ ਦਾ ਕੋਈ ਆਪ੍ਰੇਸ਼ਨ ਕਰਵਾਇਆ ਸੀ। 12 ਨਵੰਬਰ ਨੂੰ ਉਹ ਘਰ ਆ ਗਿਆ ਤੇ ਉਸ ਨੇ ਘਰੇ ਸਿਹਤ ਖਰਾਬ ਹੋਣ ਅਤੇ ਆਪਣੇ ਪਲੇਟਲੈੱਟਸ ਘੱਟ ਹੋਣ ਦੀ ਗੱਲ ਆਖੀ।


ਇੱਕ ਦਿਨ ਬਾਅਦ ਉਸ ਦੇ ਪੇਟ ਵਿੱਚ ਜ਼ੋਰਦਾਰ ਦਰਦ ਹੋਇਆ, ਬੁਖ਼ਾਰ ਹੋ ਗਿਆ ਤੇ ਪਲੇਟਲੈਟਸ ਵੀ ਘੱਟ ਗਏ। ਪਰਿਵਾਰ ਵੱਲੋਂ ਉਸ ਨੂੰ ਸੋਹਾਣਾ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਬੀਤੀ ਸ਼ਾਮ ਉਸ ਨੇ ਆਖਰੀ ਸਾਹ ਲਿਆ। ਗੀਗੇਮਾਜਰਾ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਸਿਹਤ ਵਿਭਾਗ ਵੀ ਅੱਜ ਹਰਕਤ ਵਿੱਚ ਆ ਗਿਆ।


ਸਿਹਤ ਵਿਭਾਗ ਦੀ ਟੀਮ ਨੇ ਮ੍ਰਿਤਕ ਨੌਜਵਾਨਾਂ ਦੇ ਘਰ ਜਾ ਕੇ ਉਨ੍ਹਾਂ ਦੇ ਵਾਰਿਸਾਂ ਕੋਲੋਂ ਮਰੀਜ਼ਾਂ ਦੀ ਹਿਸਟਰੀ ਨੋਟ ਕੀਤੀ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਮੌਤ ਡੇਂਗੂ ਨਾਲ ਹੋਈ ਜਾਂ ਹੋਰ ਕਾਰਨਾਂ ਨਾਲ ਇਸ ਸਬੰਧੀ ਮੈਡੀਕਲ ਰਿਪੋਰਟ ਜਾਂਚਣ ਤੋਂ ਬਾਅਦ ਪਤਾ ਲੱਗੇਗਾ। ਟੀਮ ਨੇ ਪਿੰਡ 'ਚ ਘਰੋ- ਘਰੀ ਸਰਵੇ ਕੀਤਾ ਤੇ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੇ ਖ਼ੂਨ ਦੇ ਟੈਸਟ ਹਾਸਲ ਕੀਤੇ।


ਇਹ ਵੀ ਪੜ੍ਹੋ : Nuh Violence: ਹਰਿਆਣਾ ਦੇ ਨੂੰਹ 'ਚ ਮੁੜ ਤੋਂ ਤਨਾਅ, ਮੰਦਰ ਜਾ ਰਹੀਆਂ ਔਰਤਾਂ 'ਤੇ ਸੁੱਟੇ ਗਏ ਪੱਥਰ


ਕੁਲਦੀਪ ਸਿੰਘ ਦੀ ਰਿਪੋਰਟ