Amritsar Jail News: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ `ਚ ਲਾਪਰਵਾਹੀ ਨਾਲ 4 ਹਵਾਲਾਤੀਆਂ ਦੀ ਹੋਈ ਮੌਤ; ਪਰਿਵਾਰ ਨੇ ਲਗਾਏ ਦੋਸ਼
Amritsar Jail News: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਚਾਰ ਹਵਾਲਾਤੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
Amritsar Jail News (ਪਰਮਬੀਰ ਸਿੰਘ) : ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਚਾਰ ਹਵਾਲਾਤੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਹਵਾਲਾਤੀਆਂ ਦੀ ਕੱਲ੍ਹ ਮੌਤ ਹੋ ਗਈ ਸੀ ਤੇ ਇੱਕ ਹਵਾਲਾਤੀ ਦੀ ਅੱਜ ਮੌਤ ਹੋ ਗਈ ਹੈ।
ਮ੍ਰਿਤਕ ਹਵਾਲਾਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੇ ਬੱਚੇ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਕਈ ਵਾਰ ਕੇਂਦਰੀ ਜੇਲ੍ਹ ਦੇ ਸਿਕਿਓਰਿਟੀ ਇੰਚਾਰਜ ਨੂੰ ਗਾਰਦ ਲਗਾਉਣ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਵੱਲੋਂ ਹਵਾਲਾਤੀਆਂ ਦੀ ਕੋਈ ਸੁਣਵਾਈ ਨਹੀਂ ਹੋਈ।
ਜੇਕਰ ਸਮੇਂ ਸਿਰ ਸਿਕਿਓਰਿਟੀ ਇੰਚਾਰਜ ਵੱਲੋਂ ਗਾਰਦ ਲਗਾਈ ਹੁੰਦੀ ਤਾਂ ਅੱਜ ਉਨ੍ਹਾਂ ਦੇ ਬੱਚੇ ਜਿਉਂਦੇ ਹੁੰਦੇ। ਉਨ੍ਹਾਂ ਨੇ ਕਿਹਾ ਕਿ ਅਸੀ ਪ੍ਰਸ਼ਾਸਨ ਕੋਲੋਂ ਸਿਕਿਓਰਿਟੀ ਇੰਚਾਰਜ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ ਚਾਰ ਲਾਸ਼ਾਂ ਕੇਂਦਰੀ ਜੇਲ੍ਹ ਵਿਚੋਂ ਪੋਸਟਮਾਰਟਮ ਲਈ ਆਈਆਂ ਹਨ।
ਜਿਨ੍ਹਾਂ ਦਾ ਜੇਲ੍ਹ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਕਰਵਾਈਆਂ ਜਾ ਰਿਹਾ ਹੈ ਉੱਥੇ ਹੀ ਇੱਕ ਮ੍ਰਿਤਕ ਨੌਜਵਾਨ ਦੇ ਭਰਾ ਨੇ ਕਿਹਾ ਕਿ ਓਉਸਦੇ ਭਰਾ ਦੇ ਵਿਆਹ ਨੂੰ ਅੱਠ ਮਹੀਨੇ ਹੋਏ ਸਨ। ਸਹੀ ਇਲਾਜ ਨਾ ਹੋਣ ਦੇ ਚੱਲਦੇ ਉਸ ਦੇ ਭਰਾ ਦੀ ਮੌਤ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਆਪਣੇ ਭਰਾ ਦੇ ਲਈ ਤੜਫ ਰਹੇ ਹਾਂ ਉਹ ਤਾਂ ਵਾਪਿਸ ਨਹੀਂ ਆ ਸਕਦੇ ਪਰ ਜਿਹੜੇ ਅੰਦਰ ਹਨ ਉਨ੍ਹਾਂ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ। ਉਥੇ ਹੀ ਕੇਂਦਰੀ ਜੇਲ੍ਹ ਵਿਚੋਂ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਇਲਾਜ ਦੇ ਹਸਪਤਾਲ਼ ਦਾਖ਼ਲ ਕਰਵਾਇਆ ਗਿਆ ਸੀ। ਬਿਮਾਰੀ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਇਸ ਵਿੱਚ ਜੇਲ੍ਹ ਪ੍ਰਸ਼ਾਸਨ ਦਾ ਕੋਈ ਕਸੂਰ ਨਹੀਂ। ਇਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜੋ ਵੀ ਰਿਪੋਰਟ ਆਵੇਗੀ ਉਸ ਤੋਂ ਪਤਾ ਲੱਗ ਜਾਵੇਗਾ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਜੇਲ੍ਹ ਪ੍ਰਸ਼ਾਸਨ ਤੋਂ ਕਾਫੀ ਨਾਰਾਜ਼ ਦਿਖਾਈ ਦੇ ਰਹੇ ਹਨ। ਪੀੜਤਾਂ ਨੇ ਸਿਕਿਓਰਿਟੀ ਇੰਚਾਰਜ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Pawan Tinu Join AAP: ਅਕਾਲੀ ਆਗੂ ਪਵਨ ਟੀਨੂੰ 'ਆਪ' 'ਚ ਹੋਏ ਸ਼ਾਮਿਲ; ਸੀਐਮ ਭਗਵੰਤ ਮਾਨ ਨੇ ਕੀਤਾ ਸਵਾਗਤ