ਚੰਡੀਗੜ੍ਹ: ਬਹਿਬਲ ਕਲਾਂ ’ਚ ਅੱਜ ਸਿੱਖ ਸੰਗਤ ਦਾ ਵੱਡਾ ਇਕੱਠ ਹੋਣ ਜਾ ਰਿਹਾ ਹੈ, ਜਿਸ ਕਾਰਨ ਬੇਅਦਬੀ ਮਾਮਲੇ ਨੂੰ ਲੈਕੇ ਪੰਜਾਬ ’ਚ ਮਾਨ ਸਰਕਾਰ ਦੀਆਂ ਮੁਸ਼ਕਿਲਾ ਵਧਦੀਆਂ ਨਜ਼ਰ ਆ ਰਹੀਆਂ ਹਨ।


COMMERCIAL BREAK
SCROLL TO CONTINUE READING


7 ਮਹੀਨਿਆਂ ਤੋਂ ਜਾਰੀ ਹੈ ਇਨਸਾਫ਼ ਮੋਰਚਾ
ਸਿੱਖ ਸੰਗਤ ਦੁਆਰਾ ਬਰਗਾੜੀ ਬੇਅਦਬੀ ਕਾਂਡ ਅਤੇ ਇਸ ਨਾਲ ਸਬੰਧਿਤ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ’ਚ ਕਾਰਵਾਈ ਲਈ ਇਨਸਾਫ਼ ਮੋਰਚਾ ਪਿਛਲੇ 7 ਮਹੀਨੇ ਤੋਂ ਚੱਲ ਰਿਹਾ ਹੈ। ਅੱਜ ਇਸ ਮੋਰਚੇ ਨੂੰ ਵੱਡੇ ਪੱਧਰ ’ਤੇ ਚਲਾਉਣ ਲਈ ਪੰਥਕ ਜਥੇਬੰਦੀਆਂ ਦੀ ਬੈਠਕ ਬੁਲਾਈ ਗਈ ਹੈ, ਜਿਸਦੇ ਚੱਲਦਿਆਂ ਵੱਡੀ ਗਿਣਤੀ ’ਚ ਸਿੱਖ ਸੰਗਤ ਦੇ ਇਕੱਠ ਹੋਣ ਦੀ ਸੰਭਾਵਨਾ ਹੈ।


 



ਪੰਜਾਬ ਸਰਕਾਰ ਵਲੋਂ ਮੰਗੀ ਜਾ ਰਹੀ ਸੀ 6 ਮਹੀਨੇ ਦੀ ਹੋਰ ਮੋਹਲਤ 
ਦੱਸ ਦੇਈਏ ਕਿ ਜੇਲ੍ਹ ਮੰਤਰੀ ਹਰਜੋਤ ਬੈਂਸ ਤੇ ਸਪੀਕਰ ਕੁਲਤਾਰ ਸੰਧਵਾ ਇਨਸਾਫ਼ ਮੋਰਚੇ ਦਾ ਆਗੂਆਂ ਕੋਲ ਕਾਰਵਾਈ ਲਈ 6 ਮਹੀਨੇ ਦੀ ਮੋਹਲਤ ਮੰਗਣ ਗਏ ਸਨ ਪਰ ਮੋਰਚੇ ਵਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ। ਇਨ੍ਹਾਂ ਤੋਂ ਪਹਿਲਾਂ 2 ਵਾਰ  AG ਦੀ ਅਗਵਾਈ ’ਚ 2 ਵਾਰ ਟੀਮ ਉੱਥੇ ਪਹੁੰਚੀ, ਤੇ ਕਾਰਵਾਈ ਲਈ ਸਮਾਂ ਮੰਗਿਆ।


ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ 4 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰੰਤੂ ਸਰਕਾਰ ਬੇਅਦਬੀ ਮਾਮਲੇ ’ਚ ਕੋਈ ਐਕਸ਼ਨ ਲੈਂਦੀ ਨਜ਼ਰ ਨਹੀਂ ਆ ਰਹੀ । 


 



ਕੀ ਹੈ ਪੂਰਾ ਮਾਮਲਾ
ਅਕਤੂਬਰ, 2015 ’ਚ ਫ਼ਰੀਦਕੋਟ ਦੇ ਪਿੰਡ ਬਰਗਾੜੀ ’ਚ ਗੁਰੂ ਗ੍ਰੰਥ ਸਾਹਿਬ ਦੇ ਕੁਝ ਅੰਗ ਸੜਕਾਂ ’ਤੇ ਸੁੱਟਕੇ ਬੇਅਦਬੀ ਕੀਤੀ ਗਈ ਸੀ। ਇਸ ਘਟਨਾ ਦੇ ਰੋਸ ’ਚ ਸਿੱਖ ਸੰਗਠਨਾਂ ਅਤੇ ਸੰਗਤ ਨੇ ਕੋਟਕਪੁਰਾ ਅਤੇ ਬਰਗਾੜੀ ਦੇ ਨਾਲ ਲੱਗਦੇ ਪਿੰਡ ਬਹਿਬਲ ਕਲਾਂ ’ਚ ਧਰਨਾ ਦਿੱਤਾ ਸੀ। ਧਰਨੇ ਤੋਂ 2 ਦਿਨ ਬਾਅਦ ਪੁਲਿਸ ਦੀ ਫਾਇਰਿੰਗ ਦੌਰਾਨ ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨਾਮ ਦੇ 2 ਸਿੱਖਾਂ ਦੀ ਮੌਤ ਹੋ ਗਈ ਸੀ। 


 



ਪਿਛਲੀਆਂ ਸਰਕਾਰਾਂ ਦੌਰਾਨ ਜਾਂਚ ਟੀਮਾਂ ਤਾਂ ਬਣੀਆਂ ਪਰ ਇਨਸਾਫ਼ ਨਹੀਂ ਦੇ ਸਕੀਆਂ
ਇਨ੍ਹਾਂ ਮਾਮਲਿਆਂ ’ਚ ਤੱਤਕਾਲੀ ਅਕਾਲੀ ਸਰਕਾਰ ਦੁਆਰਾ ਵੀ ਜਾਂਚ ਟੀਮਾਂ ਬਣਾਈਆਂ ਗਈਆਂ। ਉਨ੍ਹਾਂ ਤੋਂ ਬਾਅਦ ਕਾਂਗਰਸ ਦੀ ਕੈਪਟਨ ਸਰਕਾਰ ਨੇ ਸੇਵਾ-ਮੁਕਤ ਜੱਜ ਰਣਜੀਤ ਸਿੰਘ ਦੀ ਅਗਵਾਈ ’ਚ ਜਾਂਚ ਟੀਮ ਦਾ ਗਠਨ ਕੀਤਾ। ਪਰ ਦੋਹਾਂ ਸਰਕਾਰਾਂ ਦੌਰਾਨ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ।


ਪੰਜਾਬ ’ਚ ਨਵੀਂ ਬਣੀ ਭਗਵੰਤ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕੀਤਾ ਸੀ, ਪਰ 4 ਮਹੀਨੇ ਬੀਤਣ ਦੇ ਬਾਵਜੂਦ ਸਿੱਖਾਂ ਨੂੰ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ, ਜਿਸਦੇ ਚੱਲਦਿਆਂ ਅੱਜ ਇਨਸਾਫ਼ ਮੋਰਚੇ ’ਚ ਵੱਡੀ ਗਿਣਤੀ ’ਚ ਸਿੱਖ ਸੰਗਤ ਦੇ ਇਕੱਠ ਹੋਣ ਦੀ ਸੰਭਾਵਨਾ ਹੈ।