`AAP` ਨੂੰ ਭਾਜਪਾ ਦਾ ਖੌਫ਼, ਗੁਜਰਾਤ ’ਚ ਜਿੱਤੇ 5 ਵਿਧਾਇਕਾਂ ਦੀ ਪੰਜਾਬ ’ਚ ਮਹਿਮਾਨ ਨਵਾਜ਼ੀ!
ਗੁਜਰਾਤ ’ਚ ਜਿੱਤੇ ਪੰਜ ਵਿਧਾਇਕ ਪੰਜਾਬ ਪਹੁੰਚ ਚੁੱਕੇ ਹਨ, ਚੰਡੀਗੜ੍ਹ ਦੇ ਪੰਜਾਬ ਭਵਨ ’ਚ ਇਨ੍ਹਾਂ ਵਿਧਾਇਕਾਂ ਦੇ ਨਾਮ ਨਾਲ ਹੋਈ ਬੁਕਿੰਗ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਇਨ੍ਹਾਂ ਪੰਜ ਵਿਧਾਇਕਾਂ ’ਤੇ ਭਾਜਪਾ ਵਲੋਂ ਡੋਰੇ ਪਾਏ ਜਾ ਰਹੇ ਹਨ, ਭਾਵ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਕਰਨ
Gujarat MLAs in Punjab: ਗੁਜਰਾਤ ’ਚ ਜਿੱਤੇ ਪੰਜ ਵਿਧਾਇਕ ਪੰਜਾਬ ਪਹੁੰਚ ਚੁੱਕੇ ਹਨ, ਚੰਡੀਗੜ੍ਹ ਦੇ ਪੰਜਾਬ ਭਵਨ ’ਚ ਇਨ੍ਹਾਂ ਵਿਧਾਇਕਾਂ ਦੇ ਨਾਮ ਨਾਲ ਹੋਈ ਬੁਕਿੰਗ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ।
ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਇਨ੍ਹਾਂ ਪੰਜ ਵਿਧਾਇਕਾਂ ’ਤੇ ਭਾਜਪਾ ਵਲੋਂ ਡੋਰੇ ਪਾਏ ਜਾ ਰਹੇ ਹਨ, ਭਾਵ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਇਹ ਗੱਲ ਮੀਡੀਆ ’ਚ ਜ਼ੋਰ ਫੜ ਗਈ ਸੀ ਕਿ ਗੁਜਰਾਤ ’ਚ ਆਮ ਆਦਮੀ ਪਾਰਟੀ ਦੇ ਜੇਤੂ ਵਿਧਾਇਕ ਭਾਜਪਾ ਦਾ ਪੱਲਾ ਫੜ ਸਕਦੇ ਹਨ।
ਹੋਰ ਤਾਂ ਹੋਰ ਇੱਕ ਆਪ ਵਿਧਾਇਕ ਭੂਪਿਤ ਭਿਆਨੀ ਨੇ ਤਾਂ ਚੋਣ ਜਿੱਤਣ ਮਗਰੋਂ ਭਾਜਪਾ ਲੀਡਰਸ਼ਿਪ ਦੀ ਤਾਰੀਫ਼ ਵੀ ਕਰ ਦਿੱਤੀ ਸੀ। 'ਆਪ' ਹਾਈਕਮਾਨ ਨੂੰ ਖਦਸ਼ਾ ਹੈ ਕਿ ਭਾਜਪਾ ਵਿਧਾਇਕਾਂ ਨੂੰ ਤੋੜ ਸਕਦੀ ਹੈ, ਜਿਸਦੇ ਚੱਲਦਿਆਂ 'ਆਪ' ਵਿਧਾਇਕਾਂ ਨੂੰ ਪੰਜਾਬ ਲਿਆਇਆ ਗਿਆ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ, ਪੰਜਾਬ ਦੀ ਮਾਰਫ਼ਤ ਇਨ੍ਹਾਂ ਲਈ ਕਮਰੇ ਬੁੱਕ ਕੀਤੇ ਗਏ ਹਨ। ਹਾਲਾਂਕਿ ਗੁਜਰਾਤ ਦੇ ਇਨ੍ਹਾਂ ਪੰਜ ਵਿਧਾਇਕਾਂ ਦੀ ਪੰਜਾਬ ’ਚ ਮੌਜੂਦਗੀ ਬਾਰੇ ਕੋਈ ਅਧਿਕਾਰਤ ਤੌਰ ’ਤੇ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ।
'ਆਪ' ਲੀਡਰਸ਼ਿਪ ਨੂੰ ਖਦਸ਼ਾ ਹੈ ਕਿ ਗੁਜਰਾਤ ’ਚ ਜਿੱਤੇ ਇਹ ਵਿਧਾਇਕ ਭਾਜਪਾ ਦਾ ਪੱਲਾ ਫੜ ਸਕਦੇ ਹਨ ਜਾਂ ਸੰਭਾਵੀ ਬਗ਼ਾਵਤ ਨਾਲ ਪਾਰਟੀ ਦੀ ਕਿਰਕਿਰੀ ਹੋਣ ਦਾ ਵੀ ਖਦਸ਼ਾ ਹੈ।
ਦੱਸ ਦੇਈਏ ਕਿ ਗੁਜਰਾਤ ’ਚ ਇਸ ਵਾਰ ਆਮ ਆਦਮੀ ਪਾਰਟੀ ਨੇ ਪੂਰੇ ਉਤਸ਼ਾਹ ਅਤੇ ਜ਼ੋਰਦਾਰ ਢੰਗ ਨਾਲ ਚੋਣ ਲੜੀ ਸੀ। ਹੋਰ ਤਾਂ ਹੋਰ 'ਆਪ' ਨੇ ਗੁਜਰਾਤ ’ਚ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਸਨ, ਪਰ ਗੁਜਰਾਤੀਆਂ ਨੇ 'ਆਪ' ਦੀ ਝੋਲੀ ਖ਼ੈਰ ਨਹੀਂ ਪਾਈ।
ਭਾਵੇਂ ਗੁਜਰਾਤ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੇ 12.9 ਫ਼ੀਸਦ ਵੋਟਾਂ ਹਾਸਲ ਕਰ ਆਪਣੇ ਆਪ ਨੂੰ ਕੌਮੀ ਪਾਰਟੀ (National Party)ਵਜੋਂ ਸਥਾਪਿਤ ਕਰ ਲਿਆ, ਪਰ ਪਾਰਟੀ ਮਿੱਥੇ ਨਿਸ਼ਾਨੇ ਤੋਂ ਕਿਤੇ ਦੂਰ ਰਹਿ ਗਈ।
ਇਹ ਵੀ ਪੜ੍ਹੋ: ਯੂਕੇ ਜਾਣ ਵਾਲਿਆਂ ਲਈ ਬੁਰੀ ਖ਼ਬਰ, ਦੁੱਗਣਾ ਹੋਇਆ ਕਿਰਾਇਆ