Amritsar News: ਸਮਾਜ ਸੇਵੀ ਤੇ ਹਮੇਸ਼ਾਂ ਸਮਾਜਿਕ ਮੁੱਦਿਆਂ ਨੂੰ ਉਜਾਗਰ ਕਰਨ ਤੇ ਉਹਨਾਂ ਦਾ ਨਿਪਟਾਰਾ ਕਰਵਾਉਣ ਵਾਲੇ ਤੇ ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਆਗੂ ਸ:ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਵੱਲੋ ਲੰਬੇ ਸਮੇਂ ਤੋਂ ਡੇਰਾ ਰਾਧਾ ਸੁਆਮੀ ਅਤੇ ਲੋਕਾਂ ਦਾ ਜੀਣਾ ਹਰਾਮ ਕਰਨ ਵਾਲੀਆਂ ਸ਼ਰਾਬ ਫੈਕਟਰੀਆਂ ਦੇ ਖਿਲਾਫ ਕਾਰਵਾਈ ਕਰਕੇ ਸਮਾਜਿਕ ਮਸਲਿਆ ਨੂੰ ਹੱਲ ਕਰਨ ਦੇ ਯਤਨ ਕਰਾਉਣ ਲਈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਸਮੇਂ ਦੋ ਸਤੰਬਰ ਨੂੰ ਪਹਿਲਾਂ ਉਹ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਕਾਲੇ ਚੋਲੇ ਪਾ ਕਿ ਰੋਸ ਮੁਜ਼ਾਹਰਾ ਕਰਨਗੇ ਤੇ ਫਿਰ ਵਿਧਾਨ ਸਭਾ ਦੇ ਬਾਹਰ ਰੋਸ ਮੁਜ਼ਾਹਰਾ ਕਰਨ ਲਈ ਚੰਡੀਗੜ੍ਹ ਨੂੰ ਚਾਲੇ ਪਾਉਣਗੇ।


COMMERCIAL BREAK
SCROLL TO CONTINUE READING

ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਗੁਰਿੰਦਰ ਸਿੰਘ ਢਿੱਲੋਂ ਮੁੱਖੀ ਡੇਰਾ ਰਾਧਾ ਸੁਆਮੀ ਬਿਆਸ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋ ਦਿੱਤੇ ਹੁਕਮਾਂ ਦੀ ਉਲੰਘਣਾ ਕਰਕੇ ਦਰਿਆ ਬਿਆਸ ਦੇ ਕੁਦਰਤੀ ਵਹਾਅ ਨੂੰ ਬਦਲਣ ਦਾ ਕੰਮ ਰਾਤ ਦਿਨ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਪਰ ਪ੍ਰਸ਼ਾਸ਼ਨ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਦੋਸ਼ੀਆਂ ਦੀ ਸਰਪ੍ਰਸਤੀ ਕਰਦਾ ਹੋਇਆ ਉਲਟਾ ਪੀੜਤਾਂ ‘ਤੇ ਦਬਾਅ ਪਾ ਰਿਹਾ ਹੈ।


ਉਹਨਾਂ ਕਿਹਾ ਕਿ ਸਾਲ 2008 ਵਿੱਚ ਸ੍ਰ: ਜਗਦੀਪ ਸਿੰਘ ਨਕਈ ਦੀ ਪ੍ਰਧਾਨਗੀ ਹੇਠ ਪੰਜਾਬ ਵਿਧਾਨ ਸਭਾ ਵੱਲੋ ਕਮੇਟੀ ਬਣਾਈ ਗਈ ਸੀ ਕਿ ਪੰਜਾਬ ਦੀਆਂ ਖੰਡ ਮਿਲਾਂ ਅਤੇ ਸ਼ਰਾਬ ਦੀਆਂ ਫੈਕਟਰੀਆਂ ਆਦਿ ਵੱਲੋ ਪੈਦਾ ਕੀਤਾ ਜਾਂਦਾ ਪ੍ਰਦੂਸ਼ਣ ਕਿਵੇ ਰੁਕਵਾਇਆ ਜਾਵੇ । ਉਹਨਾਂ ਕਿਹਾ ਕਿ ਬਣੀ ਕਮੇਟੀ ਨੇ ਸਾਰੀਆਂ ਮਿੱਲਾਂ ਆਦਿ ਦੀ ਵਿਸਥਾਰ ਪੂਰਵਕ ਤਿਆਰ ਕੀਤੀ ਰਿਪੋਰਟ ਅਕਤੂਬਰ 2010 ਵਿੱਚ ਪੰਜਾਬ ਵਿਧਾਨ ਸਭਾ ਨੂੰ ਦੇ ਦਿੱਤੀ ਸੀ ਪਰ ਪੰਜਾਬ ਸਰਕਾਰ ਨੇ ਪ੍ਰਦੂਸ਼ਣ ਨੂੰ ਰੁਕਵਾਉਣ ਲਈ ਦੋਸ਼ੀਆਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਲੁਧਿਆਣਾ ਬੁੱਢਾ ਦਰਿਆ ‘ਚ ਫੈਕਟਰੀਆਂ ਵੱਲੋ ਜ਼ਹਿਰੀਲਾ ਪਾਣੀ ਪਾਉਣ ਵਾਲੀਆਂ ਦੀ ਸਰਪ੍ਰਸਤੀ ਕੀਤੀ ਜਾ ਰਹੀ ਹੈ ਜਿਸ ਕਰਕੇ ਆਮ ਜਨਤਾਂ ਵੱਲੋ ਹਰ ਰੋਜ਼ ਉਥੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।


ਜਿਲ੍ਹਾ ਗੁਰਦਾਸਪੁਰ ‘ਚ ਰਾਵੀ ਦਰਿਆ ਦੇ ਕੁਦਰਤੀ ਵਹਾਅ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਦੀਨਾਨਗਰ ਦੇ ਨਿੱਕਾ ਪਿੰਡ ਚੌਕੀ ਦੇ ਨੇੜੇ ਬੀ.ਐਸ.ਐਫ ਵੱਲੋ ਸੀਮਿੰਟ, ਕੰਕਰੀਟ ਦੀ ਬਹੁਤ ਮਜਬੂਰ ਦੀਵਾਰ ਬਣਾ ਦਿੱਤੀ ਹੈ। ਜਿਸ ਨਾਲ ਗਰੀਬ ਕਿਸਾਨਾਂ ਦੀਆਂ ਸੈਕੜੇ ਏਕੜ ਉਪਜਾਊ ਜ਼ਮੀਨਾਂ ਦਰਿਆ ਬੁਰਦ ਕਰ ਦਿੱਤੀਆਂ ਹਨ ਅਤੇ ਅੱਗੇ ਤੋ ਅੱਗੇ ਇਹ ਉਜਾੜਾ ਜਾਰੀ ਹੈ। ਜਿਸ ਬਾਰੇ ਪਿਛਲੇ ਸਾਲ ਉਹਨਾਂ ਵੱਲੌ ਡਿਪਟੀ ਕਮਿਸ਼ਨਰ ਗੁਰਦਾਸਪੁਰ ਅੱਗੇ ਧਰਨੇ ਲਗਾਉਣ ਤੋ ਬਾਅਦ ਡੀ.ਸੀ ਵੱਲੋ ਐਸ.ਡੀ.ਐਮ ਦੀਨਾਨਗਰ ਦੇ ਰਾਹੀ ਪੜ੍ਹਤਾਲ ਕਰਵਾ ਕੇ ਉਸਦੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ। ਪਰ ਅੱਜ ਤੱਕ ਗਰੀਬ ਕਿਸਾਨਾਂ ਦੇ ਉਜਾੜੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋ ਕੋਈ ਕਾਰਵਾਈ ਸ਼ੁਰੂ ਨਹੀ ਕੀਤੀ ਗਈ ।


ਸਿਰਸਾ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸਮੇਤ ਸਾਥੀਆਂ ਪੰਜਾਬ ਸਰਕਾਰ ਵੱਲੋ ਐਨ.ਐਸ.ਏ ਦੇ ਕੀਤੇ ਵਾਧੇ ਨੂੰ ਰੱਦ ਕਰਕੇ ਇਹਨਾਂ ਸਾਰਿਆਂ ਨੂੰ ਤੁਰੰਤ ਰਿਹਾਅ ਕਰਵਾਇਆ ਜਾਵੇ ਅਤੇ ਲੰਬੇ ਸਮੇ ਤੋ ਜੇਲ੍ਹਾਂ ‘ਚ ਬੰਦ ਸਮੂੰਹ ਬੰਦੀ ਸਿੰਘਾਂ ਦੀ ਰਿਹਾਈ ਲਈ 2 ਸਤੰਬਰ ਨੂੰ ਹੋਣ ਵਾਲੇ ਵਿਧਾਨ ਸਭਾ ਸ਼ੈਸ਼ਨ ‘ਚ ਮਤਾ ਪਾਸ ਕਰਕੇ ਕੇਦਰ ਸਰਕਾਰ ਨੂੰ ਭੇਜ ਕੇ ਉਹਨਾਂ ਦੀ ਰਿਹਾਈ ਕਰਵਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾਵੇ।


ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਰ ਰੋਜ਼ ਹੁੰਦੀਆਂ ਬੇਅਦਬੀਆਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਅਤੇ ਸਕੂਲਾਂ ‘ਚ ਬੱਚਿਆਂ ਨੂੰ ਜੋ ਗ਼ਲਤ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ ਉਹ ਸੋਧ ਕੇ ਪੜ੍ਹਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।