Amritsar News(ਪਰਮਬੀਰ ਔਲਖ): ਹਲਾਕਾ ਰਾਜਾਸਾਂਸੀ ਵਿੱਚ ਪੈਂਦੇ ਪਿੰਡ ਬਲੱਗਣ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋਹਾਂ ਧਿਰਾਂ ਵਿੱਚ ਇੱਟਾਂ ਰੋੜੇ ਚੱਲੇ ਪਏ। ਇਸ ਲੜਾਈ ਵਿੱਚ ਦੋਹਾਂ ਧਿਰਾਂ ਦੇ ਕਰੀਬ ਅੱਧੀ ਦਰਜਨ ਨੌਜਵਾਨ ਜ਼ਖਮੀ ਹੋ ਗਏ। ਅੱਡੇ ਵਿੱਚ ਲੜਾਈ ਹੋਣ ਕਰਕੇ ਕਾਫੀ ਦੇਰ ਤੱਕ ਆਵਾਜਾਈ ਰੁਕੀ ਰਹੀ। ਇਸ ਲੜਾਈ ਵਿੱਚ ਨੌਜਵਾਨਾਂ ਵੱਲੋਂ ਮਾਰੂ ਹਥਿਆਰਾਂ ਦੇ ਨਾਲ ਨਾਲ ਇੱਟਾਂ ਰੋੜੇ ਅਤੇ ਬੋਤਲਾਂ ਦੀ ਵਰਤੋਂ ਵੀ ਕੀਤੀ ਗਈ। ਜਿਸ ਦੀਆਂ ਤਸਵੀਰਾਂ ਵੀ ਸਹਾਮਣੇ ਆਇਆ ਹਨ। ਪੁਲਿਸ ਫੋਰਸ ਨੇ ਭਾਰੀ ਗਿਣਤੀ ਵਿੱਚ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਦੋਹਾਂ ਧਿਰਾਂ ਦੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ।


COMMERCIAL BREAK
SCROLL TO CONTINUE READING

ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਪਿੰਡ ਵਿੱਚ ਪੀਰ ਦੀ ਜਗ੍ਹਾ 'ਤੇ ਮੇਲਾ ਸੀ। ਮੇਲਾ ਵੇਖਣ ਤੋਂ ਬਾਅਦ ਨੌਜਵਾਨਾਂ ਨੇ ਸ਼ਰਾਬ ਪੀ ਕੇ ਇਹ ਹੁੱਲੜਬਾਜੀ ਕੀਤੀ ਜੋ ਲੜਾਈ ਦਾ ਕਾਰਨ ਬਣੀ ਹੈ। ਜ਼ਿਕਰਯੋਗ ਹੈ ਕਿ ਦੋਹਾਂ ਧਿਰਾਂ ਨੇ ਇੱਕ ਦੂਜੇ ਦੇ ਘਰਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਸਰਪੰਚ ਹਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸੋਨੀ ਦੇ ਘਰਾਂ ਦੇ ਸਾਰੇ ਸ਼ੀਸ਼ੇ ਟੁੱਟੇ ਹੋਏ ਹਨ। ਇਸ ਮੌਕੇ ਤੇ ਕਾਂਗਰਸ ਧੜੇ ਨਾਲ ਸੰਬੰਧਿਤ ਸਰਪੰਚ ਹਰਜੀਤ ਸਿੰਘ ਦੇ ਸਮਰਥਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਸੋਨੀ 'ਤੇ ਸਮੈਕ ਵੇਚਣ ਦੇ ਵੀ ਦੋਸ਼ ਲਾਏ ਗਏ । ਇਸ ਹਮਲੇ ਵਿੱਚ ਕੁਝ ਗੱਡੀਆਂ ਅਤੇ ਮੋਟਰਸਾਈਕਲਾਂ ਦੀ ਵੀ ਭੰਨਤੋੜ ਕੀਤੀ ਗਈ।


ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪਿੰਡ ਬਲੱਗਣ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੌਜਵਾਨ ਸੁਖਵਿੰਦਰ ਸਿੰਘ ਸੋਨੀ ਵੱਲੋਂ ਵੋਟਾਂ ਦੀ ਰੰਜਿਸ਼ ਦੇ ਚੱਲਦਿਆਂ 50 ਤੋਂ ਵੱਧ ਅਣਪਛਾਤੇ ਲੋਕਾਂ ਨਾਲ ਉਹਨਾਂ ਦੇ ਘਰ ਅਤੇ ਦੁਕਾਨ ਤੇ ਹਮਲਾ ਕਰਕੇ ਉਹਨਾਂ ਦਾ ਭਾਰੀ ਨੁਕਸਾਨ ਕੀਤਾ। ਇਸ ਹਮਲੇ ਵਿੱਚ ਉਨਾਂ ਦੀ ਧਿਰ ਦੇ ਰੇਸ਼ਮ ਸਿੰਘ ਪੁੱਤਰ ਗੁਰਮੇਜ ਸਿੰਘ, ਵਿੱਕੀ ਪੁੱਤਰ ਧਰਮ ਸਿੰਘ ਸਮੇਤ ਕੁਝ ਹੋਰ ਵਿਅਕਤੀ ਵੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ।


ਦੂਜੇ ਧਿਰ ਨੇ ਵਿਅਕਤੀ ਸੁਖਵਿੰਦਰ ਸਿੰਘ ਸੋਨੀ ਨੇ ਸਰਪੰਚ ਹਰਜੀਤ ਸਿੰਘ ਅਤੇ ਉਸਦੇ ਸਮਰਥਕਾਂ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਨੇ ਉਸ ਦੇ ਘਰ ਦੀ ਭਾਰੀ ਭੰਨ ਤੋੜ ਕੀਤੀ ਹੈ। 


 ਘਟਨਾ ਸਥਾਨ ਤੇ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਰਾਜਾਸਾਂਸੀ ਥਾਣੇ ਦੇ ਐਸ.ਐਚ. ਓ. ਹਰਚੰਦ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਕਾਨੂੰਨ ਮੁਤਾਬਿਕ ਦੋਹਾਂ ਧਿਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।