Anandpur Sahib News(Bimal Sharma): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਕਿਸਾਨਾਂ ਦੀਆਂ ਹੜਾਂ ਦੇ ਦੌਰਾਨ ਖਰਾਬ ਹੋਈਆਂ ਫਸਲਾਂ ਦੀਆਂ ਗਰਦਾਵਰੀਆਂ ਬਾਅਦ ਵਿੱਚ ਹੁੰਦੀਆਂ ਰਹਿਣਗੀਆਂ ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦਾ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਸੀ ਕਿਸਾਨਾਂ ਨੂੰ ਫਸਲਾਂ ਦੇ ਨਾਲ ਨਾਲ ਬੱਕਰੀਆਂ ਅਤੇ ਮੁਰਗੀਆਂ ਦੇ ਨੁਕਸਾਨ ਦੀ ਭਰਭਾਈ ਵੀ ਸਰਕਾਰ ਕਰੇਗੀ। ਹੜਾਂ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲਗਭਗ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਨਹੀਂ ਮਿਲਿਆ ਤੇ ਅਨੰਦਪੁਰ ਸਾਹਿਬ ਦੇ ਕਿਸਾਨ ਹਾਲੇ ਵੀ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ।


COMMERCIAL BREAK
SCROLL TO CONTINUE READING

ਦੱਸ ਦਈਏ ਕਿ 15 ਅਗਸਤ 2023 ਨੂੰ ਭਾਖੜਾ ਡੈਮ ਦੁਆਰਾ ਸਤਲੁਜ ਦਰਿਆ ਵਿੱਚ ਪਾਣੀ ਛੱਡੇ ਜਾਣ ਕਾਰਨ ਆਸ ਪਾਸ ਦੇ ਕਈ ਦਰਜਨਾਂ ਪਿੰਡਾਂ ਦੀਆਂ ਫਸਲਾਂ ਅਤੇ ਜਮੀਨਾਂ ਦਾ ਭਾਰੀ ਨੁਕਸਾਨ ਹੋਇਆ ਸੀ। ਕਿਸਾਨ ਆਪਣੀਆਂ ਖਰਾਬ ਹੋਈਆਂ ਫਸਲਾਂ ਅਤੇ ਦਰਿਆ ਵਿੱਚ ਬਹਿ ਗਈਆਂ ਜਮੀਨਾਂ ਦਾ ਮੁਆਵਜ਼ਾ ਮੰਗ ਰਹੇ ਹਨ।


15 ਅਗਸਤ ਦੇ ਦਿਨ ਜਦੋਂ ਸਾਲ ਪਹਿਲਾਂ ਪੂਰਾ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਸੀ ਤਾਂ ਦੂਸਰੇ ਪਾਸੇ ਰੂਪਨਗਰ ਜਿਲੇ ਦੇ ਪਿੰਡ ਹੜਾਂ ਦੀ ਮਾਰ ਝੱਲ ਰਹੇ ਸਨ। ਇਸ ਦਿਨ ਭਾਰੀ ਬਰਸਾਤ ਕਾਰਨ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਗਏ ਸਨ ਅਤੇ ਸਤਲੁਜ ਦਰਿਆ ਵਿੱਚ ਵਾਧੂ ਪਾਣੀ ਛੱਡਿਆ ਗਿਆ ਸੀ। ਜਿਸ ਕਾਰਨ ਸਤਲੁਜ ਦਰਿਆ ਦੇ ਕਿਨਾਰੇ ਬਸੇ ਕਈ ਦਰਜਨਾਂ ਪਿੰਡਾਂ ਵਿੱਚ ਇਸ ਪਾਣੀ ਨੇ ਭਾਰੀ ਨੁਕਸਾਨ ਕੀਤਾ ਸੀ। ਜਿੱਥੇ ਬੇਲਿਆਂ ਦੇ ਕਈ ਪਿੰਡਾਂ ਵਿੱਚ ਇਸ ਪਾਣੀ ਨੇ ਘਰਾਂ ਵਿੱਚ ਵੜ ਕੇ ਕਾਫੀ ਨੁਕਸਾਨ ਕੀਤਾ।


ਉੱਥੇ ਹੀ ਕਿਸਾਨਾਂ ਦੀਆਂ ਮਿਹਨਤ ਨਾਲ ਤਿਆਰ ਕੀਤੀਆਂ ਫਸਲਾਂ ਵੀ ਬਰਬਾਦ ਹੋ ਗਈਆਂ ਇੱਥੋਂ ਤੱਕ ਕਿਸਾਨਾਂ ਦੀ ਬੇਸ਼ਕੀਮਤੀ ਜ਼ਮੀਨ ਵੀ ਸਤਲੁਜ ਦਰਿਆ ਆਪਣੇ ਨਾਲ ਵਹਾ ਕੇ ਲੈ ਗਿਆ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਧ ਨੁਕਸਾਨ ਸਤਲੁਜ ਦਰਿਆ ਕਿਨਾਰੇ ਵਸੇ ਹਰਸਾ ਬੇਲਾ ਪਿੰਡ ਦਾ ਹੋਇਆ ਸੀ।


ਕਿਸਾਨਾਂ ਨੇ ਗੱਲਬਾਤ ਦੌਰਾਨ ਆਪਣਾ ਦਰਦ ਬਿਆਨ ਕਰਦੇ ਹੋਏ ਦੱਸਿਆ ਕਿ ਸਭ ਤੋਂ ਵੱਧ ਨੁਕਸਾਨ ਉਹਨਾਂ ਦੇ ਪਿੰਡ ਹਰਸਾ ਬੇਲਾ ਵਿੱਚ ਹੋਇਆ ਜਿੱਥੇ ਕਿਸਾਨਾਂ ਦੀ ਕਈ ਏਕੜ ਫਸਲ ਸਤਲੁਜ ਨੇ ਆਪਣੇ ਨਾਲ ਬਹਾ ਲਈ ਇੱਕ ਕਿਸਾਨ ਨੇ ਦੱਸਿਆ ਕਿ ਉਸ ਦੀ 12 ਕਿੱਲੇ ਜਮੀਨ ਸਤਲੁਜ ਨੇ ਵਹਾ ਦਿੱਤੀ। ਅੱਜ ਉਹ ਫਸਲ ਦੇ ਇੱਕ ਦਾਣੇ ਤੋਂ ਵੀ ਮੁਹਤਾਜ ਹੈ।


ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਸਮੇਂ ਰਹਿੰਦੀ ਉਹਨਾਂ ਦੀ ਬਾਂਹ ਫੜੀ ਹੁੰਦੀ ਤਾਂ ਸ਼ਾਇਦ ਉਹ ਕੁਝ ਸੰਭਲ ਜਾਂਦੇ ਸਰਕਾਰ ਨੇ ਮੁਆਵਜ਼ਾ ਸਿਰਫ ਫਲੈਕਸ ਬੋਰਡ 'ਤੇ ਹੀ ਦਿੱਤਾ ਜਮੀਨੀ ਹਕੀਕਤ ਇਸ ਵਿੱਚ ਕੁਝ ਨਹੀਂ । ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸਤਲੁਜ ਦਰਿਆ ਇਸ ਵਾਰ ਵੀ ਉਹਨਾਂ ਦਾ ਨੁਕਸਾਨ ਕਰ ਸਕਦਾ ਹੈ।ਸਰਕਾਰ ਸਤਲੁਜ ਦਰਿਆ ਨੂੰ ਚੈਨੇਲਾਈਜ਼ ਕਰੇ ਤਾਂ ਹੀ ਉਹਨਾਂ ਦਾ ਬਚਾਅ ਹੋ ਸਕਦਾ ਹੈ ।