Charanjit Channi(Manpreet Chahal): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੀਤੇ ਦਿਨੀਂ ਫ਼ੋਨ ਜ਼ਰੀਏ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਸੀ। ਪੁਲਿਸ ਨੇ ਸਾਬਕਾ ਮੰਤਰੀ ਨੂੰ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਦੀਪਕ ਸ਼੍ਰੀਮੰਤ ਕਾਬਲੇ ਪੁੱਤਰ ਸ਼੍ਰੀਮੰਤ ਕਾਬਲੇ ਮੁੰਬਈ ਵਜੋਂ ਹੋਈ ਹੈ। ਜਿਸ ਨੂੰ ਸੀਆਈਏ ਰੂਪਨਗਰ ਦੀ ਟੀਮ ਵੱਲੋ ਮਹਾਰਾਸ਼ਟਰ ਤੋ ਮਿਤੀ 15.03.2024 ਨੂੰ ਗ੍ਰਿਫਤਾਰ ਕਰ ਲਿਆ ਸੀ।


COMMERCIAL BREAK
SCROLL TO CONTINUE READING

ਮੁੰਬਈ ਤੋਂ ਮਲਜ਼ਮ ਨੂੰ ਕੀਤਾ ਕਾਬੂ


ਅੱਜ ਰੂਪਨਗਰ ਪੁਲਿਸ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ਤੇ ਵੀਡਿਓ ਵਾਇਰਲ ਹੋਈ ਸੀ ਜਿਸ ਵਿੱਚ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਪੰਜਾਬ ਨੇ ਕਿਹਾ ਕਿ ਕਿਸੇ ਵਿਅਕਤੀ ਨੇ ਉਨ੍ਹਾ ਨੂੰ ਧਮਕੀ ਭਰੀ ਕਾਲ ਕਰਕੇ ਅਤੇ ਫਿਰ ਮੈਸਜ਼ ਕਰਕੇ ਉਨ੍ਹਾਂ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋ ਮਾਰਨ ਦੀ ਧਮਕੀ ਦਿੱਤੀ। ਜੋ ਵੀਡਿਓ ਵਾਇਰਲ ਹੋਣ ਤੇ ਇਸ ਸਬੰਧੀ ਥਾਣਾ ਸਿਟੀ ਮੋਰਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। 



ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਾਈਬਰ ਟੀਮ ਦੀ ਮਦਦ ਨਾਲ ਪੁਲਿਸ ਨੇ ਮੁੰਬਈ ਵਿੱਚ ਬੈਠੇ ਇੱਕ ਵਿਅਕਤੀ ਨੂੰ ਲੱਭਣ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਨੇ ਸਾਬਕਾ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਪਾਸੋ ਇੱਕ ਲੈਪਟਾਪ ਅਤੇ ਦੋ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਜਿਸ ਤੋਂ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ ਕਿ ਇਸ ਨੇ ਹੋਰ ਕਿਹੜੇ-ਕਿਹੜੇ ਵਿਅਕਤੀਆਂ ਪਾਸੋ ਐਕਸਟੋਰਸ਼ਨ ਦੀ ਡਿਮਾਂਡ ਕੀਤੀ ਹੈ।


ਪੂਰਾ ਮਾਮਲਾ ਕੀ ਹੈ?


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਰਿਹਾਇਸ਼ ਮੋਰਿੰਡਾ ਵਿਖੇ ਵਰਕਰਾਂ ਅਤੇ ਸਰਪੰਚਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਫੋਨ ਆਇਆ ਹੈ ਜਿਸ ਵਿੱਚ ਉਨ੍ਹਾਂ ਕੋਲੋਂ 2 ਕਰੋੜ ਰੁਪਏ ਫਿਰੌਤੀ ਮੰਗੀ ਗਈ ਸੀ। ਜਿਸ ਤੋਂ ਬਾਅਦ ਉਨਾਂ ਵੱਲੋਂ ਇਸ ਬਾਬਤ ਜਾਣਕਾਰੀ ਪੁਲਿਸ ਵਿਭਾਗ ਨੂੰ ਦੇ ਦਿੱਤੀ ਗਈ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਇਸ ਦੀ ਜਾਣਕਾਰੀ ਡੀਜੀ ਪੰਜਾਬ ਨੂੰ ਅਤੇ ਡੀ ਆਈ ਜੀ ਨੂੰ ਉਸ ਵਾਰਤਾਲਾਪ ਦੇ ਸਕਰੀਨਸ਼ੋਟ ਭੇਜ ਦਿੱਤੇ ਸਨ। ਲੇਕਿਨ ਉਹਨਾਂ ਵੱਲੋਂ ਅੱਜ ਤੱਕ ਇਹ ਨਹੀਂ ਪੁੱਛਿਆ ਗਿਆ ਕਿ ਕੀ ਗੱਲ ਬਾਤ ਹੈ। ਉਨਾਂ ਵੱਲੋਂ ਉਸੇ ਦਿਨ ਦੋ ਤੋਂ ਤਿੰਨ ਵਾਰ ਮੈਨੂੰ ਫੋਨ ਆਇਆ ਅਤੇ ਮੈਂ ਉਹਨਾਂ ਨੂੰ ਸਮਝਾਇਆ ਕਿ ਮੇਰੇ ਕੋਲੋਂ ਤੁਹਾਨੂੰ ਕੁਝ ਨਹੀਂ ਮਿਲੇਗਾ, ਤੁਸੀਂ ਗਲਤ ਜਗ੍ਹਾ ਦੇ ਉੱਤੇ ਪੰਗੇ ਲੈ ਰਹੇ ਹੋ ਇਸ ਨਾਲ ਤੁਹਾਡਾ ਨੁਕਸਾਨ ਹੋਵੇਗਾ।


ਪੰਜਾਬ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤੇ ਜਾਣ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਅਤੇ ਮੈਸੇਜ ਕੀਤਾ ਸੀ ਉਹ ਠੇਠ ਪੰਜਾਬੀ ਬੋਲਦਾ ਸੀ। ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹ ਗ਼ੈਰ ਪੰਜਾਬੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਅਸਲ ਬੰਦੇ ਨੂੰ ਫੜੇ ਅਤੇ ਡਰਾਮੇਬਾਜ਼ੀ ਬੰਦ ਕਰੇ।