Celebrity In Politics: ਤੂੰਬੀ ਛੱਡਕੇ ਕਲਾਕਾਰ ਇੰਝ ਮਾਰ ਰਹੇ ਨੇ ਸਿਆਸੀ ਲਲਕਾਰੇ, ਹੋਰ ਹੋਣਗੀਆਂ ਨਵੀਂ ਐਟਰੀਆਂ!
Celebrity In Politics: ਅਦਾਕਾਰਾਂ ਅਤੇ ਗਾਇਕ ਕਲਾਕਾਰਾਂ ਨੂੰ ਚੋਣ ਮੈਦਾਨ ਚ ਉਤਾਰ ਰਹੀਆਂ ਨੇਕਲਾਕਾਰ ਵੀ ਚੋਣ ਮੈਦਾਨ ’ਚ ਨਿੱਤਰ ਰਹੇ ਹਨ। ਕਲਾ ਦੀ ਤਾਕਤ ਜਦ ਕੁਰਸੀ ਦੀ ਤਾਕਤ ਨਾਲ ਮਿਲ ਜਾਂਦੀ ਹੈ ਤਾਂ ਨਿਰਸੰਦੇਹ ਸਮਾਜ ਉਸਾਰੂ ਤਬਦੀਲੀ ਦੇ ਰਾਹ ਪੈ ਜਾਂਦਾ ਹੈ।
Celebrity In Politics: ਸਿਆਸਤ ’ਚ ਨਿੱਤ ਨਵੇਂ ਤਜਰਬੇ ਹੋ ਰਹੇ ਹਨ। ਸਿਆਸੀਆਂ ਪਾਰਟੀਆਂ ਜਿੱਤ ਯਕੀਨੀ ਬਣਾਉਣ ਲਈ ਕੋਈ ਵੀ ਢੰਗ ਤਰੀਕਾ ਅਪਣਾ ਸਕਦੀਆਂ ਹਨ। ਅਦਾਕਾਰਾਂ ਅਤੇ ਗਾਇਕ ਕਲਾਕਾਰਾਂ ਨੂੰ ਚੋਣ ਮੈਦਾਨ ਚ ਉਤਾਰ ਰਹੀਆਂ ਨੇਕਲਾਕਾਰ ਵੀ ਚੋਣ ਮੈਦਾਨ ’ਚ ਨਿੱਤਰ ਰਹੇ ਹਨ। ਕਲਾ ਦੀ ਤਾਕਤ ਜਦ ਕੁਰਸੀ ਦੀ ਤਾਕਤ ਨਾਲ ਮਿਲ ਜਾਂਦੀ ਹੈ ਤਾਂ ਨਿਰਸੰਦੇਹ ਸਮਾਜ ਉਸਾਰੂ ਤਬਦੀਲੀ ਦੇ ਰਾਹ ਪੈ ਜਾਂਦਾ ਹੈ।
ਭਗਵੰਤ ਮਾਨ
ਪੰਜਾਬੀ ਦੇ ਪ੍ਰਸਿੱਧ ਹਾਸਰਸ ਕਲਾਕਾਰ ਭਗਵੰਤ ਮਾਨ ਇਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਜਿੱਥੇ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਜਾਣ ਦਾ ਮਾਣ ਹਾਸਲ ਕੀਤਾ, ਉੱਥੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਦੇ ਚਿਹਰੇ ਵਜੋਂ ਜਿੱਤ ਦਰਜ ਕਰ ਕੇ 16 ਮਾਰਚ 2022 ਨੂੰ ਸਹੁੰ ਚੁੱਕ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ। ਭਗਵੰਤ ਮਾਨ ਕਲਾਕਾਰੀ ਤੇ ਅਦਾਕਾਰੀ ਦੀ ਦੁਨੀਆ ਦੇ ਕਾਮੇਡੀ ਕਿੰਗ ਵਜੋਂ ਜਾਣੇ ਜਾਂਦੇ ਰਹੇ ਹਨ। ਉਨ੍ਹਾਂ ਨੇ 1992 ਤੋਂ ਆਪਣਾ ਹਾਸਕਰ ਕਲਾਕਾਰ ਵਜੋਂ ਸਫ਼ਰ ਸ਼ੁਰੂ ਕੀਤਾ ਸੀ।
ਉਨ੍ਹਾਂ 13 ਦੇ ਕਰੀਬ ਪੰਜਾਬੀ ਫਿਲਮਾਂ ’ਚ ਅਦਾਕਾਰੀ ਵੀ ਕੀਤੀ। ਭਗਵੰਤ ਮਾਨ ਦਾ ਸਿਆਸੀ ਸਫ਼ਰ 2011 ’ਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਨਾਲੋਂ ਵੱਖ-ਵੱਖ ਹੋ ਕੇ ‘ਪੀਪਲਜ਼ ਪਾਰਟੀ ਆਫ ਪੰਜਾਬ’ (ਪੀਪੀਪੀ) ਬਣਾਈ ਸੀ, ਤਾਂ ਉਹ ਉਸ ’ਚ ਸ਼ਾਮਲ ਹੋ ਗਏ। ਪੀਪੀਪੀ ਦੀ ਟਿਕਟ ’ਤੇ ਉਨ੍ਹਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਹਿਰਗਾਗਾ ਹਲਕੇ ਤੋਂ ਕਾਂਗਰਸ ਦੀ ਸੀਨੀਅਰ ਆਗੂ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਚੋਣ ਲੜੀ ਪਰ ਹਾਰ ਗਏ।
ਇਨ੍ਹਾਂ ਚੋਣਾਂ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਪੀਪੀਪੀ ਪਾਰਟੀ ਟੁੱਟ ਗਈ ਅਤੇ ਉਹ ਕਾਂਗਰਸ ’ਚ ਸ਼ਾਮਲ ਹੋਏ ਜਦੋਂਕਿ ਭਗਵੰਤ ਮਾਨ 2014 ’ਚ ਨਵੀਂ ਬਣੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸੰਗਰੂਰ ਹਲਕੇ ਤੋਂ ਚੋਣ ਲੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਕੇ ਜਿੱਤ ਦਰਜ ਕੀਤੀ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਜਲਾਲਾਬਾਦ ਹਲਕੇ ਤੋਂ ਚੋਣ ਲੜੀ ਪਰ ਹਾਰ ਗਏ।2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਮੁੜ ਸੰਗਰੂਰ ਹਲਕੇ ਤੋਂ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਹਰਾ ਕੇ ਦੂਜੀ ਵਾਰ ਜਿੱਤ ਦਰਜ ਕੀਤੀ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਅਤੇ ਪਾਰਟੀ ਨੇ 92 ਸੀਟਾਂ ’ਤੇ ਹੂੰਝਾਫੇਰ ਜਿੱਤ ਦਰਜ ਕੀਤੀ।
ਸੰਨੀ ਦਿਓਲ
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਬਣੇ [ਸੰਨੀ ਦਿਓਲ ਦਾ ਸਿਆਸੀ ਸਫ਼ਰ 2019 ਦੀਆਂ ਲੋਕ ਸਭਾ ਚੋਣਾਂ ’ਚ ਸ਼ੁਰੂ ਹੋਇਆ, ਜਦੋਂ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰ ਕੇ ਗੁਰਦਾਸਪੁਰ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ। 2017 ’ਚ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਇੱਥੇ ਹੋਈ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੇ ਸਵਰਨ ਸਲਾਰੀਆ ਨੂੰ ਵੱਡੇ ਫ਼ਰਕ ਨਾਲ ਹਰਾ ਦਿੱਤਾ।
ਹੰਸ ਰਾਜ ਹੰਸ
ਰਾਜ ਗਾਇਕ ਵਜੋਂ ਜਾਣੇ ਜਾਂਦੇ ਜਲੰਧਰ ਜ਼ਿਲ੍ਹੇ ਦੇ ਜੰਮਪਲ ਪ੍ਰਸਿੱਧ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਨੇ ਗਾਇਕੀ ਦਾ ਸਫ਼ਰ 1983 ’ਚ ਗੀਤ ‘ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ’ ਤੋਂ ਸ਼ੁਰੂ ਕੀਤਾ ਅਤੇ ਕਰੀਬ ਤਿੰਨ ਦਹਾਕਿਆਂ ਤਕ ਪੰਜਾਬੀ ਸੰਗੀਤ ਜਗਤ ’ਚ ਛਾਏ ਰਹੇ। 2015 ’ਚ ਰਾਸ਼ਟਰਪਤੀ ਵੱਲੋਂ ਉਨ੍ਹਾਂ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹੰਸ ਰਾਜ ਹੰਸ ਦਾ ਸਿਆਸੀ ਸਫ਼ਰ ਜਨਵਰੀ 2009 ’ਚ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਹੋਇਆ ਸੀ। ਉਸ ਸਾਲ ਮਈ ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਵੱਲੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣਾਏ ਗਏ ਪਰ ਉਹ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਕੋਲੋਂ ਵੱਡੇ ਫ਼ਰਕ ਨਾਲ ਹਾਰ ਗਏ।
2014 ਦੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਅਤੇ 18 ਦਸੰਬਰ 2014 ਨੂੰ ਹੰਸ ਰਾਜ ਹੰਸ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ। ਕੁਝ ਸਮਾਂ ਸਿਆਸਤ ਤੋਂ ਦੂਰ ਰਹਿਣ ਉਪਰੰਤ ਫਰਵਰੀ 2016 ’ਚ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ ਪਰ ਕੁਝ ਹੀ ਮਹੀਨਿਆਂ ਬਾਅਦ ਦਸੰਬਰ ’ਚ ਭਾਰਤੀ ਜਨਤਾ ਪਾਰਟੀ ’ਚ ਚਲੇ ਗਏ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਉਨ੍ਹਾਂ ਨੂੰ ਨਵੇਂ ਹੋਂਦ ’ਚ ਆਏ ਲੋਕ ਸਭਾ ਹਲਕੇ ਨਾਰਥ ਵੈਸਟ ਦਿੱਲੀ ਤੋਂ ਆਪਣਾ ਉਮੀਦਵਾਰ ਬਣਾਇਆ।
ਕੁਲਦੀਪ ਮਾਣਕ
ਕਲੀਆਂ ਦੇ ਬਾਦਸ਼ਾਹ ਕਹੇ ਜਾਂਦੇ ਪੰਜਾਬੀ ਗਾਇਕ ਕੁਲਦੀਪ ਮਾਣਕ ਨੇ 1996 ’ਚ ਬਠਿੰਡਾ ਲੋਕ ਸਭਾ ਹਲਕੇ ਤੋਂ ਕਿਸਮਤ ਅਜ਼ਮਾਈ ਪਰ ਜਿੱਤ ਨਸੀਬ ਨਹੀਂ ਹੋਈ।
ਜੱਸੀ ਜਸਰਾਜ
‘ਬਿੱਕਰ ਬਾਈ ਸੈਂਟੀਮੈਂਟਲ’ ਪੰਜਾਬੀ ਫ਼ਿਲਮ ਰਾਹੀਂ ਚਰਚਾ ’ਚ ਆਏ ਗਾਇਕ ਤੇ ਅਦਾਕਾਰ ਜੱਸੀ ਜਸਰਾਜ ਨੇ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਪਰ ਉਹ ਦੋਵੇਂ ਵਾਰ ਅਸਫ਼ਲ ਰਹੇ ਅਤੇ ਫਿਰ ਸਿਆਸਤ ਤੋਂ ਦੂਰੀ ਬਣਾ ਲਈ।
ਮੁਹੰਮਦ ਸਦੀਕ
ਮੁਹੰਮਦ ਸਦੀਕ ਪੰਜਾਬੀ ਗਾਇਕ ਤੇ ਫ਼ਿਲਮੀ ਕਲਾਕਾਰ ਹਨ। ਉਨ੍ਹਾਂ ਨੇ ਬਹੁਤ ਸਾਰੀਆ ਗਾਇਕਾਵਾਂ ਨਾਲ ਦੋਗਾਣੇ ਗਾਏ, ਜਿਨ੍ਹਾਂ ’ਚ ਸੁਰਿੰਦਰ ਕੌਰ, ਨਰਿੰਦਰ ਬੀਬਾ, ਰਣਜੀਤ ਕੌਰ ਸ਼ਾਮਲ ਹਨ। ਉਨ੍ਹਾਂ ਦੀ ਰਣਜੀਤ ਕੌਰ ਨਾਲ ਦੋਗਾਣਾ ਜੋੜੀ ਨੇ ਕਰੀਬ 40 ਸਾਲ ਪੰਜਾਬੀ ਸਰੋਤਿਆਂ ਦੇ ਦਿਲਾਂ ’ਤੇ ਰਾਜ ਕੀਤਾ। ਮੁਹੰਮਦ ਸਦੀਕ ਨੇ 2012 ਨੂੰ ਸਿਆਸਤ ’ਚ ਪੈਰ ਧਰਿਆ ਅਤੇ ਕਾਂਗਰਸ ਪਾਰਟੀ ਦੀ ਟਿਕਟ ’ਤੇ ਭਦੌੜ ਤੋਂ ਵਿਧਾਨ ਸਭਾ ਦੀ ਚੋਣ ਲੜੀ।
ਹਾਲਾਂਕਿ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਇਸ ਆਧਾਰ ’ਤੇ ਉਨ੍ਹਾਂ ਦੀ ਚੋਣ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਮੁਸਲਿਮ ਧਰਮ ਨਾਲ ਸਬੰਧਤ ਹਨ ਅਤੇ ਅਨੁਸੂਚਿਤ ਜਾਤੀ ਲਈ ਰਾਖਵੀਂ ਸੀਟ ਤੋਂ ਚੋਣ ਨਹੀਂ ਲੜ ਸਕਦੇ ਸਨ।
ਜਦੋਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਚੋਣ ਨੂੰ ਜਾਇਜ਼ ਠਹਿਰਾਇਆ ਸੀ ਅਤੇ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦਾ ਫ਼ੈਸਲਾ ਬਰਕਰਾਰ ਰੱਖਿਆ ਸੀ। 2017 ’ਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਉਨ੍ਹਾਂ ਨੂੰ ਜੈਤੋ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਤੋਂ ਹਾਰ ਗਏ ਸਨ। 2019 ਦੀਆਂ ਲੋਕ ਸਭਾ ਚੋਣਾਂ ’ਚ ਫਰੀਦਕੋਟ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਲੜੇ ਅਤੇ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ ਹਰਾ ਕੇ ਜਿੱਤ ਦਰਜ ਕੀਤੀ।
ਗੁਰਦਾਸਪੁਰ ਤੋਂ ਚਾਰ ਵਾਰ ਐੱਮਪੀ ਰਹੇ ਵਿਨੋਦ ਖੰਨਾ
ਵਿਨੋਦ ਖੰਨਾ ਦਾ ਬਾਲੀਵੁੱਡ ਫਿਲਮਾਂ ਦਾ ਸਫ਼ਰ 1968 ’ਚ ਸ਼ੁਰੂ ਹੋਇਆ ਸੀ । 2012 ਤਕ ਉਹ ਫਿਲਮਾਂ ’ਚ ਸਰਗਰਮ ਰਹੇ। 2018 ’ਚ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ। 90ਵੇਂ ਦਹਾਕੇ ਦੇ ਅਖੀਰ ’ਚ ਉਨ੍ਹਾਂ ਸਿਆਸੀ ਸਫ਼ਰ ਸ਼ੁਰੂ ਕੀਤਾ ਅਤੇ 1997 ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ। ਭਾਜਪਾ ਨੇ ਉਨ੍ਹਾਂ ਨੂੰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਤੋਂ 1998 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣਾ ਉਮੀਦਵਾਰ ਬਣਾਇਆ ਅਤੇ ਉਨ੍ਹਾਂ ਕਾਂਗਰਸ ਦੀ ਉਮੀਦਵਾਰ ਸੁਖਬੰਸ ਕੌਰ ਭਿੰਡਰ ਨੂੰ ਹਰਾ ਕੇ ਜਿੱਤ ਦਰਜ ਕੀਤੀ।
1999 ’ਚ ਫਿਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਮੁੜ ਸੁਖਬੰਸ ਕੌਰ ਭਿੰਡਰ ਨੂੰ ਮਾਤ ਦਿੱਤੀ ਤੇ ਲਗਾਤਾਰ ਦੂਜੀ ਵਾਰ ਐੱਮਪੀ ਬਣੇ। 2004 ’ਚ ਵਿਨੋਦ ਖੰਨਾ ਨੇ ਕਾਂਗਰਸੀ ਆਗੂ ਸੁਖਬੰਸ ਕੌਰ ਭਿੰਡਰ ਨੂੰ ਮੁੜ ਹਰਾ ਕੇ ਤੀਜੀ ਜਿੱਤ ਦਰਜ ਕੀਤੀ। 2009 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਹੱਥੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ 2014 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਹਰਾ ਕੇ ਚੌਥੀ ਵਾਰ ਜਿੱਤ ਦਰਜ ਕੀਤੀ।
ਇਸ ਤਰ੍ਹਾਂ ਉਹ ਗੁਰਦਾਸਪੁਰ ਸੰਸਦੀ ਹਲਕੇ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਜੁਲਾਈ 2002 ਵਿਨੋਦ ਖੰਨਾ ਨੂੰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕੈਬਨਿਟ ’ਚ ਸਭਿਆਚਾਰਕ ਤੇ ਸੈਰ-ਸਪਾਟਾ ਮੰਤਰੀ ਬਣਾਇਆ ਗਿਆ ਅਤੇ 6 ਮਹੀਨੇ ਬਾਅਦ ਹੀ ਰਾਜ ਵਿਦੇਸ਼ ਮੰਤਰੀ ਬਣਾ ਦਿੱਤਾ ਗਿਆ। ਸਿਆਸਤ ’ਚ ਸਰਗਰਮ ਹੋਣ ਕਾਰਨ ਉਨ੍ਹਾਂ ਬਾਲੀਵੁੱਡ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ। ਵਿਨੋਦ ਖੰਨਾ ਕੁਝ ਹਫ਼ਤਿਆਂ ਦੀ ਬਿਮਾਰੀ ਉਪਰੰਤ 2 ਅਪ੍ਰੈਲ 2017 ’ਚ ਅਕਾਲ ਚਲਾਣਾ ਕਰ ਗਏ।
ਮੌਜੂਦਾ ਲੋਕ ਸਭਾ ਚੋਣਾਂ ’ਚ ਕਿਸਮਤ ਅਜ਼ਮਾ ਰਹੇ ਕਲਾਕਾਰ ਤੇ ਅਦਾਕਾਰ
ਅਗਾਮੀ ਲੋਕ ਸਭਾ ਚੋਣਾਂ ਦੌਰਾਨ ਵੀ ਵੱਖ-ਵੱਖ ਥਾਵਾਂ ਤੋਂ ਕਲਾਕਾਰ ਤੇ ਅਦਾਕਾਰ ਕਿਸਮਤ ਅਜ਼ਮਾਈ ਕਰ ਰਹੇ ਹਨ। ਫਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਗਾਇਕ ਤੇ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਨੇ ਸਾਬਕਾ ਐੱਮਪੀ ਹੰਸ ਰਾਜ ਹੰਸ ਨੂੰ ਮੈਦਾਨ ’ਚ ਉਤਾਰਿਆ ਹੈ।
ਗਾਇਕੀ ਤੇ ਅਦਾਕਾਰੀ ਦੇ ਖੇਤਰ ਦੀਆਂ ਕੁਝ ਮਸ਼ਹੂਰ ਹਸਤੀਆਂ ਨੇ ਵੀ ਸਿਆਸਤ ’ਚ ਕਿਸਮਤ ਅਜ਼ਮਾਈ ਪਰ ਉਨ੍ਹਾਂ ਨੂੰ ਜਿੱਤ ਨਸੀਬ ਨਹੀਂ ਹੋ ਸਕੀ ਜਾਂ ਸਿਆਸਤ ਰਾਸ ਹੀ ਨਹੀਂ ਆਈ। ਇਨ੍ਹਾਂ ’ਚ ਮੁੱਖ ਤੌਰ ’ਤੇ ਕਾਮੇਡੀ ਤੇ ਫਿਲਮੀ ਕਲਾਕਾਰ ਗੁਰਪ੍ਰੀਤ ਘੁੱਗੀ, ਗਾਇਕਾ ਸਤਵਿੰਦਰ ਬਿੱਟੀ, ਹਰਭਜਨ ਮਾਨ ਤੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਸ਼ਾਮਲ ਹਨ।