Bathinda News: ਪੰਜਾਬ ਦੇ ਵਿੱਚ ਆਏ ਦਿਨ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਬਠਿੰਡਾ ਦੇ ਪਿੰਡ ਜੋਧਪੁਰ ਮਾਨਾ ਸਥਿਤ ਅਲਾਇੰਸ ਪੈਟਰੋਲ ਪੰਪ 'ਤੇ ਅੱਜ ਤੜਕੇ 2 ਵਜੇ ਇਕ ਘਟਨਾ ਸਾਹਮਣੇ ਆ ਰਹੀ ਹੈ, ਜਿਸ 'ਚ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨ ਆਏ ਅਤੇ ਪੈਟਰੋਲ ਪੰਪ 'ਤੇ ਸੁੱਤੇ ਪਏ ਸਿਕਿਉਰਟੀ ਗਾਰਡ ਬਲਜੀਤ ਸਿੰਘ ਦੀ ਲਾਇਸੈਂਸ ਰਾਈਫ਼ਲ ਖੋ ਕੇ ਫਰਾਰ ਹੋ ਜਾਂਦੇ ਹਨ।


COMMERCIAL BREAK
SCROLL TO CONTINUE READING

ਰਿਲਾਇੰਸ ਪੈਟਰੋਲ ਪੰਪ 'ਤੇ ਕੰਮ ਕਰਦੇ ਮੈਨੇਜਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਸਿਕਿਉਰਟੀ ਗਾਰਡ ਜੋ ਕਿ ਰਾਤ ਸਮੇਂ ਡਿਊਟੀ 'ਤੇ ਹੁੰਦਾ ਹੈ ਅਤੇ ਸੇਵਾਮੁਕਤ ਸਿਪਾਹੀ ਹੈ, ਪਿਛਲੇ ਦੋ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ | ਕੁਝ ਨੌਜਵਾਨ ਆਏ ਅਤੇ ਉਸ ਦੀ ਰਾਈਫਲ ਚੋਰੀ ਕਰ ਕੇ ਫਰਾਰ ਹੋ ਗਏ। ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦੀ ਫੜਿਆ ਜਾਵੇ। 


ਦੱਸ ਦੇਈਏ ਕਿ ਇਸ ਪੂਰੀ ਵਾਰਦਾਤ ਨੂੰ ਤਿੰਨ ਲੁਟੇਰਿਆਂ ਨੇ ਅੰਜਾਮ ਦਿੱਤਾ ਸੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਭ ਤੋਂ ਪਹਿਲਾਂ ਇੱਕ ਲੁਟੇਰਾ ਪੈਟਰੋਲ ਪੰਪ ਦੇ ਅੰਦਰ ਦਾਖਲ ਹੁੰਦਾ ਹੈ ਅਤੇ ਪੰਪ ਦੇ ਅੰਦਰਲੇ ਗਾਰਡ ਨੂੰ ਚੁੱਕ ਕੇ ਬਾਹਰ ਲੈ ਜਾਂਦਾ ਹੈ ਅਤੇ ਉਸੇ ਸਮੇਂ ਇੱਕ ਹੋਰ ਲੁਟੇਰਾ ਉੱਥੇ ਦਾਖਲ ਹੁੰਦਾ ਹੈ ਅਤੇ ਪਹਿਲਾਂ ਸੁਰੱਖਿਆ ਗਾਰਡ ਦੀ ਰਾਈਫਲ ਖੋਹ ਲੈਂਦਾ ਹੈ ਅਤੇ ਫਿਰ ਬੈਗ ਆਪਣੇ ਨਾਲ ਲੈ ਕੇ ਫ਼ਰਾਰ ਹੋ ਜਾਂਦਾ ਹੈ। 


ਪੈਟਰੋਲ ਪੰਪ ਦੇ ਮੈਨੇਜਰ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਇਸ ਸੂਚਨਾ ਨੂੰ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।