Bathinda News:  ਪੰਜਾਬ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿੱਥੇ ਸੁਪਰੀਮ ਕੋਰਟ ਤੇ ਸਰਕਾਰਾਂ ਸਖ਼ਤੀ ਕਰ ਰਹੀਆਂ ਹਨ ਉੱਥੇ ਹੀ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਸਾਨਾਂ ਤੋਂ ਖਰੀਆਂ-ਖਰੀਆਂ ਸੁਣਨੀਆਂ ਪੈ ਰਹੀਆਂ ਹਨ।
ਅੱਜ ਜ਼ਿਲ੍ਹਾ ਬਠਿੰਡਾ ਦੇ ਮਹਿਰਾਜ ਹਲਕੇ ਵਿੱਚ ਜਦੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਅਮਨੀਤ ਕੌਂਡਲ ਚੈਕਿੰਗ ਦੌਰਾਨ ਇੱਕ ਖੇਤ ਵਿੱਚ ਲੱਗੀ ਪਰਾਲੀ ਨੂੰ ਅੱਗ ਨੂੰ ਦੇਖ ਕੇ ਰੁਕੇ।


COMMERCIAL BREAK
SCROLL TO CONTINUE READING

ਅੱਗ ਲਗਾਉਣ ਵਾਲੇ ਕਿਸਾਨ ਨੂੰ ਪੁਲਿਸ ਨੇ ਫੜ ਕੇ ਲਿਆਂਦਾ ਤਾਂ ਜਦੋਂ ਐਸਐਸਪੀ ਨੇ ਕਿਸਾਨ ਨੂੰ ਕਿਹਾ ਕਿ ਡਰ ਨਹੀਂ ਲੱਗਦਾ ਤੇਰੇ ਉਤੇ ਪਰਚਾ ਹੋ ਜਾਵੇਗਾ ਤਾਂ ਅੱਗੋਂ ਕਿਸਾਨ ਨੇ ਜਵਾਬ ਦਿੱਤਾ ਪਰਚੇ ਪੁਰਚੇ ਤਾਂ ਜੱਟਾਂ ਉਤੇ ਹੁੰਦੇ ਰਹਿੰਦੇ ਹਨ। ਡੀਸੀ ਨੇ ਉਸ ਨੂੰ ਸਮਝਾਇਆ ਕਿ ਜਿੱਥੇ ਆਪਣੀ ਜ਼ਮੀਨ ਦਾ ਨੁਕਸਾਨ ਕਰ ਰਿਹਾ ਹੈ ਉਥੇ ਹੀ ਵਾਤਾਵਰਣ ਵੀ ਖ਼ਰਾਬ ਕਰ ਰਿਹਾ ਹੈ।


ਸਰਕਾਰ ਨੇ ਸਬਸਿਡੀ ਉਤੇ ਤੁਹਾਨੂੰ ਸੰਦ ਦਿੱਤੇ ਹਨ ਜੋ ਤੁਹਾਨੂੰ ਵਰਤਣੇ ਚਾਹੀਦੇ ਹਨ। ਹਰ ਇੱਕ ਏਰੀਏ ਵਿੱਚ ਟੀਮਾਂ ਤੇ ਅਧਿਕਾਰੀ ਹਨ ਤੁਸੀਂ ਉਨ੍ਹਾਂ ਨਾਲ ਰਾਬਤਾ ਕਰ ਸਕਦੇ ਸੀ ਪਰ ਕਿਸਾਨ ਆਪਣੀ ਗੱਲ ਉਤੇ ਅੜਿਆ ਰਿਹਾ ਕਿ ਮੈਂ ਤਾਂ ਸਿਰਫ ਡੇਢ ਏਕੜ ਦਾ ਮਾਲਕ ਹਾਂ ਮੈਂ ਐਡੇ ਮਹਿੰਗੇ ਸੰਦ ਕਿੱਥੋਂ ਲੈ ਕੇ ਆਵਾਂ ਮੈਂ ਤਾਂ ਅੱਗ ਲਾਵਾਂਗਾ। ਇਸ ਤੋਂ ਬਾਅਦ ਭਾਵੇਂ ਉਸ ਕਿਸਾਨ ਉੱਪਰ ਮਾਮਲਾ ਦਰਜ ਕਰਨ ਦੇ ਹੁਕਮ ਵੀ ਕਰ ਦਿੱਤੇ ਗਏ।


ਡੀਸੀ ਤੇ ਐਸਐਸਪੀ ਨੇ ਹੋਰ ਵੀ ਬਹੁਤ ਸਾਰੇ ਜਿੱਥੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਈ ਸੀ ਦੇਖੀ ਤੇ ਮਾਮਲੇ ਵੀ ਦਰਜ ਕਰਨ ਦੇ ਹੁਕਮ ਕੀਤੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਸੀ ਨੇ ਕਿਹਾ ਕਿ ਕਿਸਾਨ ਜਾਣਬੁੱਝ ਕੇ ਪਰਾਲੀ ਨੂੰ ਅੱਗ ਲਗਾ ਰਹੇ ਹਨ ਅਤੇ ਇਸ ਨੂੰ ਬਹਾਦਰੀ ਸਮਝਦੇ ਹਨ ਜਦਕਿ ਸਰਕਾਰ ਨੇ ਇਨ੍ਹਾਂ ਨੂੰ ਸੰਦ ਮੁਹੱਈਆ ਕਰਵਾਏ ਗਏ ਹਨ ਫਿਰ ਵੀ ਉਨ੍ਹਾਂ ਦੀ ਵਰਤੋਂ ਨਹੀਂ ਕਰ ਰਹੇ।


ਸਿਰਫ਼ ਤੀਲੀ ਲਗਾਉਣਾ ਹੀ ਇਨ੍ਹਾਂ ਨੂੰ ਸੌਖਾ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ 90% ਅੱਗ ਲਾਉਣ ਦੇ ਮਾਮਲੇ ਘਟੇ ਹਨ ਪਰ ਫਿਰ ਵੀ ਸਾਨੂੰ ਤਾਂ ਨੋਟਿਸ ਜਾਰੀ ਹੋ ਚੁੱਕੇ ਹਨ ਕਿਉਂਕਿ ਪਿਛਲੇ ਇੱਕ ਦੋ ਦਿਨਾਂ ਵਿੱਚ ਧੁੰਦ ਕਾਰਨ ਕਿਸਾਨਾਂ ਨੇ ਜ਼ਿਆਦਾ ਪਰਾਲੀ ਨੂੰ ਅੱਗ ਲਗਾਈ ਤੇ ਮੰਡੀਆਂ ਵਿੱਚ ਵੀ ਹੁਣ ਬਿਲਕੁਲ ਠੀਕ ਲਿਫਟਿੰਗ ਉਤੇ ਵਿਕਰੀ ਹੋ ਰਹੀ ਹੈ। ਲਗਭਗ ਸਾਰੇ ਦੀ ਹੀ ਖਰੀਦ ਕਰ ਲਈ ਹੈ।


ਥੋੜ੍ਹਾ ਮੋਟਾ ਜੋ ਰਹਿ ਗਿਆ ਉਹ ਗਿੱਲਾ ਹੋਣ ਕਰਕੇ ਸਮੱਸਿਆ ਆਈ ਹੋਈ ਹੈ ਅਤੇ ਜਲਦੀ ਹੀ ਉਸ ਨੂੰ ਵੀ ਚੁੱਕ ਲਿਆ ਜਾਵੇਗਾ। ਦੂਜੇ ਪਾਸੇ ਐਸਐਸਪੀ ਬਠਿੰਡਾ ਨੇ ਕਿਹਾ ਕਿ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਕਿਸ ਤਰ੍ਹਾਂ ਅੱਗ ਲਗਾਉਣ ਨੂੰ ਪਹਿਲ ਦੇ ਰਹੇ ਹਨ ਤੇ ਬਹਾਦਰੀ ਵੀ ਸਮਝਦੇ ਹਨ। ਉਨ੍ਹਾਂ ਵੱਲੋਂ ਹੁਣ ਤੱਕ 302 ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵੱਖ-ਵੱਖ ਕਿਸਾਨਾਂ ਉਤੇ ਦਰਜ ਕਰ ਚੁੱਕੇ ਹਨ। ਇਸ ਨਾਲ ਇਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੱਡਾ ਨੁਕਸਾਨ ਹੋਵੇਗਾ ਅਤੇ ਇਹ ਸਮਝਣਾ ਨਹੀਂ ਚਾਹੁੰਦੇ।