Bikram Singh Majithia: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਯੂ ਟੀ ਚੰਡੀਗੜ੍ਹ ਦੇ ਸਿਹਤ ਵਿਭਾਗ ਵਿਚ ਸੀਨੀਅਰ ਮੈਡੀਕਲ ਅਫਸਰਾਂ ਦੀ ਭਰਤੀ ’ਚ 60:40 ਅਨੁਪਾਤ ਖਤਮ ਕਰ ਕੇ ਚੰਡੀਗੜ੍ਹ ’ਤੇ ਪੰਜਾਬ ਦੀ ਦਾਵੇਦਾਰੀ ਨੂੰ ਕਮਜ਼ੋਰ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ।


COMMERCIAL BREAK
SCROLL TO CONTINUE READING

ਸਿਹਤ ਵਿਭਾਗ ਵੱਲੋਂ ਭਰਤੀ ਸਬੰਧੀ ਪ੍ਰਕਾਸ਼ਤ ਨੋਟਿਸ ਜਿਸ ਰਾਹੀਂ ਭਰਤੀ ਨਿਯਮ ਬਦਲੇ ਗਏ, ’ਤੇ ਪ੍ਰਤੀਕਰਮ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਯੂ ਟੀ ਪ੍ਰਸ਼ਾਸਨ ਨੇ ਆਪ ਹੀ ਭਰਤੀ ਦੇ ਨਿਯਮ ਬਦਲ ਦਿੱਤੇ ਹਨ ਅਤੇ ਪੰਜਾਬ ਸਰਕਾਰ ਦੇ ਅਫਸਰਾਂ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਡੈਪੂਟੇਸ਼ਨ ’ਤੇ ਕੰਮ ਕਰਨ ਦੇ ਅਧਿਕਾਰ ਖਤਮ ਕਰ ਦਿੱਤੇ ਹਨ।


ਮਜੀਠੀਆ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਦੀ ਜ਼ਮੀਨ 'ਤੇ ਬਣਾਇਆ ਗਿਆ। 4 ਨਵੰਬਰ 1966 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੈਮੋਰੰਡਮ ਜਾਰੀ ਕਰ ਕੇ ਸਪਸ਼ਟ ਕੀਤਾ ਸੀ ਕਿ ਯੂ ਟੀ ਵਿਚ ਸਾਰੇ ਅਹੁਦੇ ਪੰਜਾਬ ਤੇ ਹਰਿਆਣਾ ਵਿਚਾਲੇ 60:40 ਦੇ ਅਨੁਪਾਤ ਵਿਚ ਹੋਣਗੇ। ਉਹਨਾਂ ਕਿਹਾ ਕਿ ਅਜਿਹਾ ਤਾਂ ਕਰ ਕੇ ਕੀਤਾ ਗਿਆ ਸੀ ਤਾਂ ਜੋ ਚੰਡੀਗੜ੍ਹ ਦੇ ਪੰਜਾਬ ਦੀ ਰਾਜਧਾਨੀ ਦੇ ਰੁਤਬੇ ਵਿਚ ਕੋਈ ਤਬਦੀਲੀ ਨਾ ਹੋਵੇ ਕਿਉਂਕਿ ਮੌਜੂਦਾ ਪ੍ਰਸ਼ਾਸਕੀ ਪ੍ਰਬੰਧ ਸਿਰਫ ਆਰਜ਼ੀ ਹਨ ਤੇ ਉਦੋਂ ਤੱਕ ਲਈ ਹਨ ਜਦੋਂ ਤੱਕ ਚੰਡੀਗੜ੍ਹ ਨੂੰ ਸਹੀ ਅਰਥਾਂ ਵਿਚ ਪੰਜਾਬ ਹਵਾਲੇ ਨਹੀਂ ਕੀਤਾ ਜਾਂਦਾ।


ਉਹਨਾਂ ਕਿਹਾ ਕਿ ਹੁਣ ਇਹ ਕਦਮ ਸਿਹਤ ਵਿਭਾਗ ਤੱਕ ਵਧਾ ਦਿੱਤਾ ਗਿਆ ਤੇ ਪ੍ਰਿੰਸੀਪਲ ਮੈਡੀਕਲ ਅਫਸਰ, ਮੈਡੀਕਲ ਸੁਪਰਡੈਂਟ, ਸੀਨੀਅਰ ਮੈਡੀਕਲ ਅਫਸਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡੈਂਟਲ ਸਰਜਨ, ਪਲਾਨਿੰਗ ਅਫਸਰ ਤੇ ਨਰਸਿੰਗ ਸੁਪਰਡੈਂਟ ਸਮੇਤ ਸੀਨੀਅਰ ਡਾਕਟਰਾਂ ਦੀ ਭਰਤੀ ਵਾਸਤੇ ਭਰਤੀ ਨਿਯਮ ਬਦਲੇ ਦਿੱਤੇ ਗਏ ਹਨ। ਮਜੀਠੀਆ ਨੇ ਮੰਗ ਕੀਤੀ ਕਿ ਸਿਹਤ ਵਿਭਾਗ ਦਾ ਇਹ ਨੋਟੀਫਿਕੇਸ਼ਨ ਤੁਰੰਤ ਵਾਪਸ ਲਿਆ ਜਾਵੇ।


ਮੀਜੀਠੀਆਂ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਕਿਹਾ ਕਿ ਉਹ ਇਸ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਕਰਨ। ਉਹਨਾਂ ਕਿਹਾ ਕਿ ਜਾਖੜ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਉਹ ਇਹ ਸਮਝਦੇ ਹਨ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਜਾਂ ਨਹੀਂ ਅਤੇ ਜੇਕਰ ਉਹ ਮੰਨਦੇ ਹਨ ਕਿ ਪੰਜਾਬ ਦਾ ਹਿੱਸਾ ਹੈ ਤਾਂ ਫਿਰ ਸੇਵਾ ਨਿਯਮਾਂ ਵਿਚ ਤਬਦੀਲੀ ਦੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕਰਨ।