ਸਿਆਸੀ ਰਜਿੰਸ਼ ਤਹਿਤ ਕੇਂਦਰ ਸਰਕਾਰ ਨੇ ਮੇਰਾ ਵਿਦੇਸ਼ ਦੌਰਾ ਰੱਦ ਕੀਤਾ: ਅਮਨ ਅਰੋੜਾ
ਮੰਤਰੀ ਅਰੋੜਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ (Central Governemnt) ਨਹੀਂ ਚਾਹੁੰਦੀ ਕਿ ਦਿੱਲੀ ਤੇ ਪੰਜਾਬ ਸਰਕਾਰ ਮਿਲ ਕੇ ਪ੍ਰਦੂਸ਼ਣ (Pollution) ਦੀ ਸਮੱਸਿਆ ਦਾ ਹੱਲ ਲੱਭ ਸਕਣ।
ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਮਾਨ ਸਰਕਾਰ ਵਿਚਾਲੇ ਵਿਵਾਦ ਹਾਲੇ ਥੰਮ੍ਹਿਆ ਨਹੀਂ ਸੀ ਕਿ ਇਸ ਸਭ ਦੇ ਵਿਚਾਲੇ ਪੰਜਾਬ ਦੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੂੰ ਵਿਦੇਸ਼ ਮੰਤਰਾਲੇ ਨੇ ਵਿਦੇਸ਼ ਦੌਰੇ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਪ੍ਰਦੂਸ਼ਣ ਦਾ ਹੱਲ ਲੱਭਣ ਲਈ ਦੌਰਾ ਕੀਤਾ ਜਾਣਾ ਸੀ: ਅਰੋੜਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਰਮਨੀ, ਬੈਲਜੀਅਮ ਅਤੇ ਨੀਦਰਲੈਂਡ ’ਚ ਗ੍ਰੀਨ ਹਾਈਡ੍ਰੋਜਨ (Green Hydrogen) ਬਾਰੇ ਜਾਣਕਾਰੀ ਲੈਣ ਦੇ ਮਕਸਦ ਨਾਲ ਇਨ੍ਹਾਂ ਦੇਸ਼ਾਂ ਦਾ ਦੌਰਾ ਕਰਨਾ ਸੀ।
13 ਬੰਦਿਆਂ ਦੀ ਲਿਸਟ ’ਚ ਸਿਰਫ਼ ਅਮਨ ਅਰੋੜਾ ਦੇ ਨਾਮ ’ਤੇ ਲੱਗੀ ਰੋਕ
ਵਿਦੇਸ਼ ਨਾ ਜਾਣ ਦੇਣ ਦੇ ਮੁੱਦੇ ’ਤੇ ਅਮਨ ਅਰੋੜਾ ਨੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਹੈ। ਮੰਤਰੀ ਅਰੋੜਾ ਨੇ ਦੱਸਿਆ ਕਿ ਜਰਮਨੀ ਦਾ ਦੌਰਾ ਕਰਨ ਵਾਲੇ ਪੈਨਲ ’ਚ ਉਨ੍ਹਾਂ ਦਾ ਨਾਮ 12ਵੇਂ ਨੰਬਰ ’ਤੇ ਸੀ। ਵਿਦੇਸ਼ ਮੰਤਰਾਲੇ ਦੁਆਰਾ 13 ਲੋਕਾਂ ਦੀ ਸੂਚੀ ’ਚ ਬਾਕੀਆਂ ਨੂੰ ਹਰੀ ਝੰਡੀ ਦੇ ਦਿੱਤੀ ਗਈ, ਜਦਕਿ ਸਿਰਫ਼ ਉਨ੍ਹਾਂ ’ਤੇ ਰੋਕ ਲਗਾਈ ਗਈ।
ਨਾ ਸੂਬਾ ਅਤੇ ਨਾ ਹੀ ਕੇਂਦਰ ਸਰਕਾਰ ’ਤੇ ਪੈਣਾ ਸੀ ਟੂਰ ਦਾ ਬੋਝ: ਅਰੋੜਾ
ਅਮਨ ਅਰੋੜਾ (Aman Arora) ਨੇ ਕਿਹਾ ਕਿ ਦਿੱਲੀ ਤੋਂ ਬਾਅਦ ਕੇਂਦਰ ਸਰਕਾਰ ਹੁਣ ਪੰਜਾਬ ਤੋਂ ਵੀ ਘਬਰਾ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ (Central Governemnt) ਨਹੀਂ ਚਾਹੁੰਦੀ ਕਿ ਦਿੱਲੀ ਤੇ ਪੰਜਾਬ ਸਰਕਾਰ ਮਿਲ ਕੇ ਪ੍ਰਦੂਸ਼ਣ (Pollution) ਦੀ ਸਮੱਸਿਆ ਦਾ ਹੱਲ ਲੱਭ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਦੇਸ਼ ਦੌਰੇ ’ਤੇ ਪੰਜਾਬ ਅਤੇ ਕੇਂਦਰ ਸਰਕਾਰ ’ਤੇ ਇੱਕ ਪੈਸੇ ਦਾ ਵੀ ਬੋਝ ਨਹੀਂ ਪੈਣਾ ਹੈ।
ਪਰਾਲੀ ਨਾਲ ਹੋ ਰਹੇ ਪ੍ਰਦੂਸ਼ਣ ’ਤੇ ਕੇਂਦਰ ਪੰਜਾਬ ਸਰਕਾਰ ਨੂੰ ਕੋਸਦਾ ਜ਼ਰੂਰ ਹੈ। ਪਰ ਜਿਸ ਅਧਿਐਨ ਦੌਰੇ ਨਾਲ ਇਸ ਸਮੱਸਿਆ ਦਾ ਹੱਲ ਹੋਣਾ ਸੀ, ਉਸ ਲਈ ਮਨਜ਼ੂਰੀ ਨਾ ਦੇਣਾ ਭਾਜਪਾ ਦੀ ਛੋਟੀ ਮਾਨਸਿਕਤਾ ਦੀ ਮਿਸਾਲ ਹੈ।
ਹੋਰਨਾਂ ਸੂਬਿਆਂ ਦੇ ਨੁਮਾਇੰਦਿਆਂ ਨੂੰ ਮਿਲੀ ਇਜਾਜ਼ਤ: ਅਰੋੜਾ
ਦੱਸ ਦੇਈਏ ਕਿ ਅਮਨ ਅਰੋੜਾ ਨੇ 24 ਅਕਤੂਬਰ ਤੋਂ 2 ਅਕਤੂਬਰ ਤੱਕ ਗ੍ਰੀਨ ਹਾਈਡ੍ਰੋਜਨ ਬਾਰੇ ਗਿਆਨ ਸਾਂਝਾ ਕਰਨ ਦੇ ਇਸ ਟੂਰ 'ਤੇ ਬੈਲਜੀਅਮ, ਨੀਦਰਲੈਂਡ ਅਤੇ ਜਰਮਨੀ ਜਾਣਾ ਸੀ। ਬਾਕੀ ਸੂਬਿਆਂ ਦੇ ਨੁਮਾਇੰਦਿਆਂ ਵਲੋਂ ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ, ਉਨ੍ਹਾਂ ਸਾਰਿਆਂ ਨੂੰ ਦੇ ਦਿੱਤੀ ਗਈ ਹੈ।