ਚੰਡੀਗੜ: ਪੀ. ਜੀ. ਆਈ. ਦੇ ਟਰੌਮਾ ਸੈਂਟਰ ਵਿਚ ਦਾਖ਼ਲ ਕਾਰਮਲ ਕਾਨਵੈਂਟ ਦੀ ਵਿਦਿਆਰਥਣ ਇਸ਼ਿਤਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਡਾਕਟਰਾਂ ਨੇ ਉਸਨੂੰ ਦੱਸਿਆ ਕਿ ਇਸ ਹਾਦਸੇ ਵਿਚ ਉਸਦਾ ਇਕ ਹੱਥ ਬੁਰੀ ਤਰ੍ਹਾਂ ਖਰਾਬ ਹੋ ਗਿਆ ਸੀ ਜਿਸ ਕਰਕੇ ਖੱਬਾ ਹੱਥ ਕੱਟਣਾ ਪਿਆ।ਜਿਸਤੋਂ ਬਾਅਦ ਇਸ਼ਿਤਾ ਬੁਰੀ ਤਰ੍ਹਾਂ ਟੁੱਟ ਗਈ ਅਤੇ ਕੁਰਲਾਉਣ ਲੱਗੀ। ਉਹ ਲਗਾਤਾਰ ਕਹਿ ਰਹੀ ਹੈ ਕਿ ਰੱਬ ਨੇ ਮੇਰੇ ਨਾਲ ਕੀ ਕੀਤਾ ਹੈ। ਆਖ਼ਰ ਮੇਰਾ ਕੀ ਕਸੂਰ ਸੀ? ਉਸ ਨੂੰ ਇਸ ਤਰ੍ਹਾਂ ਦੀ ਸਜ਼ਾ ਕਿਉਂ ਦਿੱਤੀ ਗਈ? ਮੇਰੀ ਜ਼ਿੰਦਗੀ ਹੁਣ ਖਤਮ ਹੋ ਗਈ ਹੈ। ਹੁਣ ਮੈਂ ਕੀ ਕਰਾਂਗੀ? ਪਿਤਾ ਅਮਨ ਧੀ ਨੂੰ ਹੌਂਸਲਾ ਦੇ ਰਿਹਾ ਹੈ ਪਰ ਆਪਣੇ ਹੰਝੂਆਂ ਨੂੰ ਸੰਭਾਲ ਨਹੀਂ ਪਾ ਰਿਹਾ। ਉਸ ਦਾ ਕਹਿਣਾ ਹੈ ਕਿ ਧੀ ਦੀ ਅਜਿਹੀ ਹਾਲਤ ਉਸ ਤੋਂ ਵੇਖੀ ਨਹੀਂ ਜਾ ਰਹੀ ਪਰ ਉਹ ਅਤੇ ਪਰਿਵਾਰ ਇਸ ਗੱਲ ਤੋਂ ਜ਼ਰੂਰ ਸੰਤੁਸ਼ਟ ਹਨ ਕਿ ਦਰਦਨਾਕ ਹਾਦਸੇ ਦੀ ਲਪੇਟ ਵਿਚ ਆਉਣ ਦੇ ਬਾਵਜੂਦ ਇਸ਼ਿਤਾ ਉਨ੍ਹਾਂ ਦੇ ਸਾਹਮਣੇ ਹੈ। ਉਹ ਇਸ ਕਮੀ ਨੂੰ ਦਰ ਕਿਨਾਰ ਕਰਕੇ ਵਾਰ-ਵਾਰ ਰੱਬ ਦਾ ਸ਼ੁਕਰਾਨਾ ਕਰ ਰਹੇ ਹਨ।


COMMERCIAL BREAK
SCROLL TO CONTINUE READING

 


ਅਮਨ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਇਸ਼ਿਤਾ ਹੋਸ਼ 'ਚ ਆ ਗਈ ਸੀ ਪਰ ਉਸ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਉਸ ਦਾ ਇਕ ਹੱਥ ਕੱਟਣਾ ਹੈ। ਉਸ ਨੂੰ ਅਜਿਹਾ ਲੱਗ ਰਿਹਾ ਸੀ ਕਿ ਉੱਥੇ ਪਲਾਸਟਰ ਪਿਆ ਹੈ ਪਰ ਜਦੋਂ ਡਾਕਟਰਾਂ ਨੇ ਉਸ ਨੂੰ ਦੱਸਿਆ ਤਾਂ ਉਸ ਨੂੰ ਯਕੀਨ ਨਹੀਂ ਹੋਇਆ। ਅਮਨ ਨੇ ਦੱਸਿਆ ਕਿ ਡਾਕਟਰ ਜਾਂਚ ਕਰਨਗੇ ਕਿ ਸਰਜਰੀ ਤੋਂ ਬਾਅਦ ਕੋਈ ਸਮੱਸਿਆ ਹੈ ਜਾਂ ਨਹੀਂ। ਜੇਕਰ ਕੋਈ ਸਮੱਸਿਆ ਹੈ ਤਾਂ ਦੂਜੀ ਸਰਜਰੀ ਕਰਨੀ ਪਵੇਗੀ। ਇਸ਼ਿਤਾ ਨੂੰ ਪ੍ਰਾਈਵੇਟ ਰੂਮ 'ਚ ਸ਼ਿਫਟ ਕਰ ਦਿੱਤਾ ਗਿਆ ਹੈ।


 


ਸੇਜਲ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਈ


ਕਾਰਮਲ ਕਾਨਵੈਂਟ ਵਿਚ ਹਾਦਸੇ ਵਿੱਚ ਜ਼ਖ਼ਮੀ ਹੋਈ ਵਿਦਿਆਰਥਣ ਸੇਜਲ ਦੀ ਰੀੜ੍ਹ ਦੀ ਹੱਡੀ ਵਿਚ ਸੱਟ ਲੱਗਣ ਕਾਰਨ ਪੀ.ਜੀ.ਆਈ. ਵਿਚ ਲਿਆਂਦਾ ਗਿਆ ਸੀ, ਹਾਲਾਂਕਿ ਉਸ ਨੂੰ ਅਜੇ ਵੀ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਸਰਜਰੀ ਤੋਂ ਪਹਿਲਾਂ ਸੇਜਲ ਖੁਦ ਡਾਕਟਰਾਂ ਨੂੰ ਆਪਣੇ ਇਲਾਜ ਨਾਲ ਜੁੜੀਆਂ ਚੀਜ਼ਾਂ ਬਾਰੇ ਪੁੱਛ ਰਹੀ ਸੀ। ਜਦੋਂ ਡਾਕਟਰ ਰਾਉਂਡ 'ਤੇ ਆਇਆ ਤਾਂ ਉਸ ਨੇ ਪੁੱਛਿਆ ਕਿ ਮੇਰੀ ਸਰਜਰੀ ਕਦੋਂ ਹੋਵੇਗੀ। ਉਸਨੂੰ ਠੀਕ ਹੋਣ ਵਿਚ ਕਿੰਨਾ ਸਮਾਂ ਲੱਗੇਗਾ? ਉਹ ਕਿੰਨੇ ਦਿਨਾਂ ਵਿੱਚ ਫਿਰ ਤੁਰ ਸਕੇਗੀ ਅਤੇ ਦੌੜ ਸਕੇਗੀ? ਦੂਜੇ ਪਾਸੇ ਸੇਜਲ ਦੇ ਪਿਤਾ ਸਰਵਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਬਹੁਤ ਬਹਾਦਰ ਹੈ ਉਹ ਹਾਰ ਨਹੀਂ ਮੰਨੇਗੀ। ਉਸ ਨੂੰ ਭਰੋਸਾ ਹੈ ਕਿ ਜਲਦੀ ਹੀ ਅਜਿਹਾ ਹੋਵੇਗਾ ਅਤੇ ਅਸੀਂ ਇਕੱਠੇ ਘਰ ਜਾਵਾਂਗੇ।


 


ਸ਼ੀਲਾ ਦੇ ਸਰੀਰ ਵਿਚ ਹਰਕਤ ਆਈ


ਹਾਦਸੇ 'ਚ ਗੰਭੀਰ ਜ਼ਖਮੀ ਹੋਈ ਸੇਵਾਦਾਰ ਸ਼ੀਲਾ ਦੀ ਹਾਲਤ ਅਜੇ ਨਾਜ਼ੁਕ ਬਣੀ ਹੋਈ ਹੈ ਪਰ ਐਤਵਾਰ ਨੂੰ ਸਰੀਰ 'ਚ ਕੁਝ ਹਿਲਜੁਲ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਸ਼ੀਲਾ ਦੇ ਦੋਵੇਂ ਬੱਚਿਆਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਧੀ ਜਸਪ੍ਰੀਤ ਅਤੇ ਪੁੱਤਰ ਤਰੁਣਦੀਪ ਨੇ ਦੱਸਿਆ ਕਿ ਡਾਕਟਰਾਂ ਨੇ ਕਿਹਾ ਹੈ ਕਿ ਉਸ ਦੀ ਮਾਂ ਥੋੜੀ ਹਿੱਲ ਗਈ ਸੀ। ਭਾਵੇਂ ਅਜੇ ਹੋਸ਼ ਨਹੀਂ ਆਇਆ ਪਰ ਪਹਿਲਾਂ ਤੋਂ ਕੁਝ ਆਰਾਮ ਹੈ। ਮਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹੋਏ ਦੋਵੇਂ ਭੈਣ-ਭਰਾ ਦੀ ਹਾਲਤ ਖਰਾਬ ਹੈ। ਦੋਵੇਂ ਗੁਆਂਢੀ ਅਤੇ ਉਨ੍ਹਾਂ ਦੇ ਮਾਮੇ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ। ਸਕੂਲ ਵਿਚ ਸ਼ੀਲਾ ਦੇ ਨਾਲ ਕੰਮ ਕਰਨ ਵਾਲੇ ਜਸਬੀਰ ਨੇ ਦੱਸਿਆ ਕਿ ਸ਼ੀਲਾ ਬਹੁਤ ਹੀ ਦਲੇਰ ਔਰਤ ਹੈ। ਉਹ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਮੁਸਕਰਾਉਂਦੀ ਰਹਿੰਦੀ ਹੈ। ਉਸ ਦੀ ਹਿੰਮਤ ਉਸ ਨੂੰ ਨਵੀਂ ਜ਼ਿੰਦਗੀ ਦੇਵੇਗੀ। ਸ਼ੀਲਾ ਪਿਛਲੇ ਨੌਂ ਸਾਲਾਂ ਤੋਂ ਸਕੂਲ ਵਿਚ ਨੌਕਰੀ ਕਰਕੇ ਆਪਣੇ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ।


 


ਤਿੰਨ ਵਿਦਿਆਰਥਣਾਂ ਅਤੇ ਮਹਿਲਾ ਸੇਵਾਦਾਰ ਨੂੰ ਪੀ. ਜੀ. ਆਈ. ਲਿਆਂਦਾ ਗਿਆ


ਹਾਦਸੇ ਤੋਂ ਬਾਅਦ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਅਤੇ ਇਕ ਮਹਿਲਾ ਸੇਵਾਦਾਰ ਸ਼ੀਲਾ ਨੂੰ ਪੀ. ਜੀ. ਆਈ. ਲਿਆਂਦਾ ਗਿਆ। ਦੱਸ ਦਈਏ ਕਿ ਕਾਰਮਲ ਕਾਨਵੈਂਟ 'ਚ ਸ਼ੁੱਕਰਵਾਰ ਨੂੰ ਦੁਪਹਿਰ ਦਾ ਖਾਣਾ ਖਾ ਰਹੀਆਂ 16 ਵਿਦਿਆਰਥਣਾਂ ਅਤੇ ਮਹਿਲਾ ਸੇਵਾਦਾਰ 250 ਸਾਲ ਪੁਰਾਣੇ ਪੀਪਲ ਦਾ ਦਰੱਖਤ ਡਿੱਗਣ ਕਾਰਨ ਜ਼ਖਮੀ ਹੋ ਗਏ, ਜਦਕਿ ਇਕ ਦੀ ਮੌਤ ਹੋ ਗਈ।