ਨਕਲੀ ਗਹਿਣਿਆਂ ਬਦਲੇ ਠੱਗ, ਸੁਨਿਆਰੇ ਨੂੰ ਲਾ ਗਿਆ ਸਾਢੇ 21 ਲੱਖ ਦਾ ਚੂਨਾ!
ਰਾਜੂ ਨੇ ਦੱਸਿਆ ਕਿ ਉਸਦੀ ਘਰਵਾਲੀ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਹੈ, ਜਿਸ ਲਈ ਉਸਨੂੰ ਤੁਰੰਤ ਪੈਸਿਆਂ ਦੀ ਜ਼ਰੂਰਤ ਹੈ, ਲੋੜਵੰਦ ਨੂੰ ਦੇਖਦਿਆਂ ਅਕਾਸ਼ਦੀਪ ਨੇ ਗਹਿਣਿਆਂ ਬਦਲੇ ਉਸਨੂੰ ਪੈਸੇ ਦੇ ਦਿੱਤੇ।
Pledging Fake Jewellary News: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ’ਚ ਪਿੰਡ ਮਾਨਾਂ ਵਾਲਾ ਦੇ ਨੇੜੇ-ਤੇੜੇ ਦੇ ਪਿੰਡਾਂ ’ਚ ਸ਼ਾਤਿਰ ਠੱਗ ਲੋਕਾਂ ਨੂੰ ਲੁੱਟਣ ਦੇ ਨਵੇਂ ਤਰੀਕੇ ਅਮਲ ’ਚ ਲਿਆ ਰਹੇ ਹਨ। ਨਵਾਂ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਘਾਹ ਮੰਡੀ ’ਚ ਸਥਿਤ ਬੀਏ ਜਵੈਲਰਜ਼ ਦੇ ਸ਼ੋਅ ਰੂਮ ਮਾਲਕ ਨੂੰ ਠੱਗ 21.50 ਲੱਖ ਰੁਪਏ ਦਾ ਚੂਨਾ ਲਗਾ ਗਏ।
ਪੀੜਤ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਸਦਾ ਘਾਹ ਮੰਡੀ ’ਚ ਬੀਏ ਜਵੈਲਰਜ਼ (B A Jewellers) ਨਾਮ ਦਾ ਸ਼ੋਅ-ਰੂਮ ਹੈ। 26 ਨਵੰਬਰ ਨੂੰ ਰਾਜੂ ਨਾਮ ਦਾ ਸਖਸ਼ ਉਸਦੀ ਦੁਕਾਨ ’ਤੇ ਆਇਆ ਅਤੇ ਕਹਿਣ ਲੱਗਿਆ ਉਹ ਜੰਡਿਆਲਾ ’ਚ ਕੰਮਕਾਰ ਕਰਦਾ ਹੈ। ਰਾਜੂ ਨੇ ਦੱਸਿਆ ਕਿ ਉਸਦੀ ਘਰਵਾਲੀ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਹੈ, ਜਿਸ ਲਈ ਉਸਨੂੰ ਤੁਰੰਤ ਪੈਸਿਆਂ ਦੀ ਜ਼ਰੂਰਤ ਹੈ। ਲੋੜਵੰਦ ਨੂੰ ਦੇਖਦਿਆਂ ਅਕਾਸ਼ਦੀਪ ਨੇ ਗਹਿਣਿਆਂ ਬਦਲੇ ਉਸਨੂੰ ਪੈਸੇ ਦੇ ਦਿੱਤੇ।
ਅਗਲੇ ਦਿਨ ਯਾਨਿ 27 ਨਵੰਬਰ ਨੂੰ ਦੁਪਹਿਰੇ 1 ਤੋਂ 2 ਵਜੇ ਦੇ ਦੌਰਾਨ ਰਾਜੂ ਪੈਸੇ ਦੇਕੇ ਗਹਿਣੇ ਵਾਪਸ ਲੈ ਗਿਆ। 28 ਨਵਬੰਰ ਨੂੰ 20 ਗ੍ਰਾਮ ਸੋਨੇ ਦੇ ਗਹਿਣੇ ਦੇਕੇ 70 ਹਜ਼ਾਰ ਰੁਪਏ ਲੈ ਗਿਆ। 30 ਨਵੰਬਰ ਨੂੰ ਫੇਰ ਪੈਸੇ ਵਾਪਸ ਕਰਕੇ ਆਪਣੇ ਗਹਿਣੇ ਲੈ ਗਿਆ।
ਇਸ ਤਰ੍ਹਾਂ ਰਾਜੂ ਨੇ ਆਪਣਾ ਵਿਸ਼ਵਾਸ ਬਣਾ ਲਿਆ, 2 ਦਿਸਬੰਰ ਨੂੰ ਸ਼ਾਤਿਰ ਠੱਗ ਆਪਣੀ ਘਰਵਾਲੀ ਦੇ ਨਾਲ ਆਇਆ ਤੇ ਕਹਿਣ ਲੱਗਿਆ ਕਿ ਉਸਦੀ ਘਰਵਾਲੀ ਦਾ ਇਲਾਜ ਚੱਲ ਰਿਹਾ ਹੈ, ਪਰ ਹੁਣ ਉਸਨੂੰ ਵਪਾਰ ਲਈ ਪੈਸੇ ਚਾਹੀਦੇ ਹਨ ਤਾਂ ਇਸ ਵਾਰ ਉਹ 11 ਲੱਖ ਰੁਪਏ ਗਹਿਣੇ ਰੱਖਕੇ ਲੈ ਗਿਆ।
ਇਸ ਤਰਾਂ ਲੈਣ-ਦੇਣ ਚੱਲਦਾ ਰਿਹਾ ਤੇ 22 ਦਿਸੰਬਰ ਨੂੰ 16 ਲੱਖ ਅਤੇ 23 ਦਿਸੰਬਰ ਨੂੰ 18 ਲੱਖ ਰੁਪਏ ਅਤੇ ਸੋਨੇ ਦੇ 4 ਰਿੰਗ ਅਤੇ ਕਾਂਟਿਆਂ ਦੀ ਜੋੜੀ (ਕੀਮਤ ਤਕਰੀਬਨ ਸਾਢੇ 3 ਲੱਖ) ਲੈ ਗਿਆ। ਇਸ ਦੌਰਾਨ ਜਦੋਂ ਉਸਨੇ ਗਹਿਣੇ ਚੈੱਕ ਕੀਤੇ ਤਾਂ ਨਕਲੀ ਨਿਕਲੇ ਤਾਂ ਉਸਨੂੰ ਅਹਿਸਾਸ ਹੋਇਆ ਕਿ ਉਸ ਨਾਲ ਤਕਰੀਬਨ 21 ਲੱਖ 50 ਹਜ਼ਾਰ ਰੁਪਏ ਦੀ ਠੱਗੀ ਹੋਈ ਹੈ।
ਇਸ ਮਾਮਲੇ ’ਚ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਾਤਿਰ ਠੱਗ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਕਾਰਨਾਮਾ: ਖੋਹੇ ਗਏ 5 ਹਜ਼ਾਰ ਤੇ 2 ਮੋਬਾਈਲ, FIR ’ਚ ਵਿਖਾਏ 500 ਰੁਪਏ ਅਤੇ 1 ਮੋਬਾਈਲ