ਚੰਡੀਗੜ੍ਹ: ਸੰਗਰੂਰ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਅੰਤਿਮ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨਾਲ ਭਵਾਨੀਗੜ੍ਹ ਤੋਂ ਧੂਰੀ ਸ਼ਹਿਰ ਤੱਕ ਲੰਮਾ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਵਿੱਚ ‘ਆਪ’ ਸੰਬੰਧੀ ਭਾਰੀ ਉਤਸ਼ਾਹ ਦੇਖਿਆ ਗਿਆ। ਮੁੱਖ ਮੰਤਰੀ ਦੀ ਝਲਕ ਪਾਉਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਆਏ ਅਤੇ ਉਨ੍ਹਾਂ ਮੁੱਖ ਮੰਤਰੀ ਮਾਨ ’ਤੇ ਫੁੱਲ ਵਰਸਾ ਕੇ ਅਤੇ ਸਿਰੋਪੇ ਪਾ ਕੇ ਸ਼ਾਨਦਾਰ ਸਵਾਗਤ ਕੀਤਾ।


COMMERCIAL BREAK
SCROLL TO CONTINUE READING

ਮਾਨ ਨੇ ਵੱਖ ਵੱਖ ਥਾਂਵਾਂ ’ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਪਾਰਟੀ ਹੈ। ਤੁਸੀਂ (ਲੋਕਾਂ ਨੇ) ਜਿਸ ਕੁਰਸੀ ’ਤੇ ਮੈਨੂੰ ਬੈਠਾਇਆ, ਉਹ ਕੁਰਸੀ ਤੁਹਾਡੀ ਹੀ ਹੈ। ਜਿਸ ਕਲਮ ਨਾਲ ਮੈਂ ਸਰਕਾਰੀ ਫਾਇਲਾਂ ’ਤੇ ਦਸਤਖ਼ਤ ਕਰਦਾ ਹਾਂ, ਉਹ ਦਸਤਖ਼ਤ ਮੇਰੇ ਹਨ, ਪਰ ਕਲਮ ਤੁਹਾਡੀ ਹੀ ਹੈ। ਮੈਂ ਪ੍ਰਮਾਤਮਾ ਅੱਗੇ ਹਰ ਰੋਜ਼ ਬੇਨਤੀ ਕਰਦਾ ਹਾਂ ਕਿ ਸਾਡਾ ਹਰ ਫ਼ੈਸਲਾ ਲੋਕਾਂ ਦੇ ਹੱਕ ਵਿੱਚ ਹੀ ਹੋਵੇਗਾ।’ ਉਨ੍ਹਾਂ ਲੋਕਾਂ ਨੂੰ ਗੁਰਮੇਲ ਸਿੰਘ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਸੰਸਦ ’ਚ ਪਹੁੰਚਾਉਣ ਦੀ ਅਪੀਲ ਵੀ ਕੀਤੀ।


ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਉਹ ਸੰਗਰੂਰ ਦੇ ਹਰ ਪਿੰਡ ਨੂੰ ਐਨਾ ਸੁੰਦਰ ਬਣਾੳਣਗੇ ਕਿ ਦੇਸ਼ ਭਰ ਤੋਂ ਲੋਕ ਇੱਥੇ ਫੋਟੋਆਂ ਖਿਚਵਾਉਣ ਲਈ ਆਇਆ ਕਰਨਗੇ। ਪੰਜਾਬ ਦੇ ਸਕੂਲਾਂ ਅਤੇ ਹਸਪਤਾਲਾਂ ਨੂੰ ਅੰਤਰ ਰਾਸ਼ਟਰੀ ਪੱਧਰ ਦਾ ਬਣਾਇਆ ਜਾਵੇਗਾ ਅਤੇ ਸੰਗਰੂਰ ਵਿੱਚ ਭਾਰਤ ਦਾ ਸਭ ਤੋਂ ਚੰਗਾ ਮੈਡੀਕਲ ਕਾਲਜ ਬਣਾਇਆ ਜਾਵੇਗਾ।


ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਵਾਅਦੇ ਪਿੱਛਲੀਆਂ ਸਰਕਾਰਾਂ ਦੀ ਤਰ੍ਹਾਂ ਜ਼ੁਮਲੇ ਸਾਬਤ ਨਹੀਂ ਹੋਣਗੇ। ਉਹ ਆਪਣਾ ਹਰ ਇੱਕ ਵਾਅਦਾ ਪੂਰਾ ਕਰਨਗੇ। ਸਭ ਤੋਂ ਮਹੱਤਵਪੂਰਨ ਵਾਅਦਿਆਂ ’ਚੋਂ 600 ਯੂਨਿਟਾਂ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਪੂਰਾ ਕਰਨ ਲਈ ਸਾਰੀਆਂ ਕਾਰਵਾਈਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇੱਕ ਜੁਲਾਈ ਤੋਂ ਪੂਰੇ ਪੰਜਾਬ ’ਚ 600 ਯੂਨਿਟਾਂ ਬਿਜਲੀ ਮੁਫ਼ਤ ਦਿੱਤੀ ਜਾਵੇਗੀ।


ਮਾਨ ਨੇ ਖੇਤੀਬਾੜੀ ’ਚ ਸੁਧਾਰ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਵਿਚੋਂ ਕੱਢਿਆ ਜਾਵੇਗਾ ਅਤੇ ਖੇਤੀ ਨੂੰ ਮੁਨਾਫ਼ੇ ਦਾ ਸੌਦਾ ਬਣਾਇਆ ਜਾਵੇਗਾ। ਇਸ ਲਈ ‘ਆਪ’ ਸਰਕਾਰ ਵੱਲੋਂ ਫ਼ਸਲਾਂ ਦਾ ਭੁਗਤਾਨ ਐੱਮ.ਐੱਸ.ਪੀ ਅਨੁਸਾਰ ਸਮੇਂ ਸਿਰ ਕੀਤਾ ਜਾ ਰਿਹਾ, ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਫਾਇਦਾ ਪਹੁੰਚ ਰਿਹਾ ਹੈ।