Education News: ਕੇਂਦਰੀਕ੍ਰਿਤ ਦਾਖ਼ਲਾ ਪੋਰਟਲ `ਤੇ ਅੰਡਰ ਗ੍ਰੈਜੂਏਟ ਕਲਾਸਾਂ ਦੀ ਦਾਖ਼ਲਾ ਫੀਸ ਭਰਨ ਤਰੀਕ ਵਧਾਈ
Education News: ਸਿੱਖਿਆ ਵਿਭਾਗ ਨੇ ਅੰਡਰ ਗ੍ਰੈਜੂਏਟ ਕਲਾਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਫੀਸ ਭਰਨ ਦੀ ਤਰੀਕ ਵਿੱਚ ਵਾਧਾ ਕਰ ਦਿੱਤਾ ਹੈ।
Education News: ਪੰਜਾਬ ਵਿੱਚ ਭਾਰੀ ਬਰਸਾਤ ਤੇ ਹੜ੍ਹ ਵਰਗੇ ਬਣ ਰਹੇ ਹਾਲਾਤ ਨੂੰ ਮੁੱਖ ਰੱਖਦਿਆਂ ਕੇਂਦਰੀਕ੍ਰਿਤ ਦਾਖਲਾ ਪੋਰਟਲ ਉਤੇ ਅੰਡਰ ਗ੍ਰੈਜੂਏਟ ਕਲਾਸਾਂ ਦੇ ਦਾਖਲੇ ਦੀ ਫੀਸ ਭਰਨ ਦੀ ਆਖਰੀ ਮਿਤੀ ਜੋ ਕਿ 10 ਜੁਲਾਈ 2023 ਸੀ, ਵਿੱਚ ਵਾਧਾ ਕਰਦਿਆਂ ਇਸਨੂੰ ਇੱਕ ਹਫਤਾ ਅੱਗੇ ਵਧਾਉਂਦੇ ਹੋਏ 17 ਜੁਲਾਈ 2023 ਤੱਕ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਸਮੂਹ ਕਾਲਜ ਨਾਰਮਲ ਤਰੀਕੇ ਨਾਲ ਪੋਰਟਲ ਉਤੇ ਦਾਖ਼ਲਾ ਕਰ ਸਕਣਗੇ ਤੇ ਵਿਦਿਆਰਥੀਆਂ ਨੂੰ ਵੀ 17 ਜੁਲਾਈ ਤੱਕ ਦਾਖ਼ਲਾ ਫੀਸ ਭਰਨ ਦੀ ਇਜਾਜ਼ਤ ਹੋਵੇਗੀ। ਅੰਡਰ ਗ੍ਰੈਜੂਏਟ ਕਲਾਸਾਂ ਦੀ ਓਪਨ ਕੌਂਸਲਿੰਗ ਪ੍ਰਕਿਰਿਆ ਹੁਣ 18 ਜੁਲਾਈ 2023 ਤੋਂ 24 ਜੁਲਾਈ 2023 ਤੱਕ ਹੋਵੇਗੀ। ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਕਲਾਸਾਂ ਦੀ ਪੜ੍ਹਾਈ ਦਾ ਸੈਸ਼ਨ ਹੁਣ 15 ਜੁਲਾਈ 2023 ਦੀ ਬਜਾਏ ਹੁਣ 25 ਜੁਲਾਈ 2023 ਤੋਂ ਸ਼ੁਰੂ ਹੋਵੇਗਾ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਭਾਰੀ ਮੀਂਹ ਤੇ ਹੜ੍ਹ ਵਰਗੀ ਬਣ ਸਥਿਤੀ ਨੂੰ ਦੇਖਦੇ ਹੋਏ ਅੰਡਰ ਗ੍ਰੈਜੂਏਟ ਕਲਾਸਾਂ ਦੇ ਦਾਖ਼ਲੇ ਦੀ ਫੀਸ ਭਰਨ ਦੀ ਤਾਰੀਕ 10 ਜੁਲਾਈ ਦੀ ਬਜਾਏ 17 ਜੁਲਾਈ ਕੀਤੀ ਜਾਂਦੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ। ਕਾਬਿਲੇਗੌਰ ਹੈ ਕਿ ਰਾਜ ਵਿੱਚ ਪੈ ਰਹੇ ਭਾਰੀ ਮੀਂਹ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 13 ਜੁਲਾਈ ਤਕ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ 5ਵੀਂ ਤੇ 8ਵੀਂ ਦੀਆਂ ਰੀ-ਅਪੀਅਰ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਹਨ।
ਗੌਰਤਲਬ ਹੈ ਕਿ ਮੀਂਹ ਕਾਰਨ ਚੰਡੀਗੜ੍ਹ ਵਿੱਚ ਕਈ ਥਾਵਾਂ ਉਤੇ ਪਾਣੀ ਭਰਨ ਕਾਰਨ ਹਾਲਾਤ ਕਾਫੀ ਖਰਾਬ ਬਣ ਰਹੇ ਹਨ। ਇਸ ਕਾਰਨ ਪੰਜਾਬ ਯੂਨੀਵਰਸਿਟੀ ਨੇ B.Ed ਦੂਜੇ ਸਮੈਸਟਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Punjab Weather Today: ਪੰਜਾਬ 'ਚ ਹੜ੍ਹ ਵਰਗੇ ਬਣੇ ਹਾਲਾਤ! ਪ੍ਰਸ਼ਾਸਨ ਹਾਈ ਅਲਰਟ 'ਤੇ, ਸਕੂਲ ਬੰਦ ਕਰਨ ਦੇ ਹੁਕਮ
ਮੀਂਹ ਕਾਰਨ ਪੰਜਾਬ ਯੂਨੀਵਰਸਿਟੀ ਕੈਂਪਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। B.Ed ਦੀ ਪ੍ਰੀਖਿਆ ਦੇਣ ਵਾਲੇ ਸਾਰੇ ਕੇਂਦਰਾਂ ਨੂੰ 'ਵਰਸਿਟੀ ਕੰਟਰੋਲਰ ਵੱਲੋਂ ਪ੍ਰਸ਼ਨ ਪੱਤਰ ਨਾ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਭਾਰੀ ਮੀਂਹ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਸਕੂਲਾਂ 'ਚ 13 ਜੁਲਾਈ ਤਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Punjab News: ਮੋਗਾ ਵਿੱਚ ਨੌਜਵਾਨ ਦੀ ਮਨੀਲਾ ਵਿਖੇ ਗੋਲੀ ਮਾਰ ਕੇ ਹੱਤਿਆ; ਪਿੰਡ 'ਚ ਸੋਗ ਦੀ ਲਹਿਰ