Guava Scam: ਈਡੀ ਨੇ ਪੰਜਾਬ ਵਿੱਚ 26 ਥਾਵਾਂ `ਤੇ ਛਾਪੇਮਾਰੀ ਕਰਕੇ 3.89 ਕਰੋੜ ਰੁਪਏ ਬਰਾਮਦ ਕੀਤੇ
Guava Scam: ਬੁੱਧਵਾਰ ਨੂੰ ਪੰਜਾਬ ਦੇ ਆਈਏਐਸ ਵਰੁਣ ਰੂਜ਼ਮ ਅਤੇ ਪਟਿਆਲਾ ਦੇ ਆਈਏਐਸ ਰਾਜੇਸ਼ ਧੀਮਾਨ ਦੇ ਘਰ ਤੋਂ ਇਲਾਵਾ ਈਡੀ ਨੇ ਭੁਪਿੰਦਰ ਸਿੰਘ ਦੇ 26 ਟਿਕਾਣਿਆਂ `ਤੇ ਛਾਪੇਮਾਰੀ ਕੀਤੀ ਸੀ।
Guava Scam: ਪੰਜਾਬ ਸਰਕਾਰ ਵੱਲੋਂ ਐਕੁਆਇਰ ਕੀਤੀ ਜ਼ਮੀਨ 'ਤੇ ਅਮਰੂਦ ਦੇ ਬਾਗਾਂ ਨੂੰ ਝੂਠਾ ਦਿਖਾ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਈਡੀ ਨੇ ਛਾਪਾ ਮਾਰ ਕੇ 3.89 ਕਰੋੜ ਰੁਪਏ ਦੀ ਨਕਦੀ, ਮੋਬਾਈਲ ਅਤੇ ਜ਼ਰੂਰੀ ਦਸਤਾਵੇਜ਼ ਜ਼ਬਤ ਕੀਤੇ ਹਨ।
ਦੱਸ ਦੇਈਏ ਕਿ ਬੁੱਧਵਾਰ ਨੂੰ ਪੰਜਾਬ ਦੇ ਆਈਏਐਸ ਵਰੁਣ ਰੂਜ਼ਮ ਅਤੇ ਪਟਿਆਲਾ ਦੇ ਆਈਏਐਸ ਰਾਜੇਸ਼ ਧੀਮਾਨ ਦੇ ਘਰ ਤੋਂ ਇਲਾਵਾ ਈਡੀ ਨੇ ਭੁਪਿੰਦਰ ਸਿੰਘ ਦੇ 26 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਫ਼ਿਰੋਜ਼ਪੁਰ, ਮੁਹਾਲੀ, ਬਠਿੰਡਾ, ਬਰਨਾਲਾ, ਪਟਿਆਲਾ ਅਤੇ ਚੰਡੀਗੜ੍ਹ ਦੇ ਖੇਤਰਾਂ ਵਿੱਚ ਕੀਤੀ ਗਈ। ਤਲਾਸ਼ੀ ਦੌਰਾਨ ਘੁਟਾਲੇ ਨਾਲ ਸਬੰਧਤ ਸਬੂਤਾਂ ਤੋਂ ਇਲਾਵਾ ਜਾਇਦਾਦ ਸਬੰਧੀ ਦਸਤਾਵੇਜ਼, ਮੋਬਾਈਲ ਫੋਨ ਅਤੇ 3.89 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ।
ED ਟੀਮ ਨੂੰ ਮੌਜੂਦਾ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੇ ਘਰ ਦੇ ਪਿੱਛੇ ਇੱਕ ਪਾਰਕ ਵਿੱਚ ਕੁਝ ਫਟੇ ਹੋਏ ਦਸਤਾਵੇਜ਼ ਵੀ ਮਿਲੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਅਮਰੂਦ ਦੇ ਬਾਗ ਘੁਟਾਲੇ ਦਾ ਜ਼ਿਕਰ ਹੈ। ਈਡੀ ਨੂੰ ਸ਼ੱਕ ਹੈ ਕਿ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਾੜ ਕੇ ਸੁੱਟ ਦਿੱਤਾ ਗਿਆ ਸੀ।
IAS ਦੀ ਪਤਨੀ 'ਤੇ ਇਲਜ਼ਾਮ
ਇਸ ਦੇ ਨਾਲ ਹੀ ਵਰੁਣ ਦੀ ਪਤਨੀ 'ਤੇ ਵੀ ਧੋਖਾਧੜੀ ਨਾਲ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ। ਇਸ ਦੇ ਨਾਲ ਹੀ ਈਡੀ ਦੀ ਟੀਮ ਕਾਰੋਬਾਰੀਆਂ, ਪ੍ਰਾਪਰਟੀ ਡੀਲਰਾਂ ਅਤੇ ਹੋਰ ਲੋਕਾਂ ਦੇ ਘਰ ਪਹੁੰਚੀ ਹੈ। ਈਡੀ ਲੰਬੇ ਸਮੇਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਤਹਿਤ ਗਮਾਡਾ ਤੋਂ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਇਹ ਟੀਮਾਂ ਪਟਿਆਲਾ ਸਥਿਤ ਆਈਏਐਸ ਅਧਿਕਾਰੀ ਰਾਜੇਸ਼ ਧੀਮਾਨ ਦੇ ਸੀਏ ਦੇ ਘਰ ਪਹੁੰਚੀਆਂ।