Punjab Politics: ਪੰਜਾਬ `ਚ ਡੇਰਿਆਂ ਦਾ ਰਾਜਨੀਤੀ `ਤੇ ਪ੍ਰਭਾਵ? ਚੋਣਾਂ ਵੇਲੇ ਵਧ ਜਾਂਦੀ ਸਰਗਰਮੀ
Punjab Politics: ਪੰਜਾਬ ਦੀ ਸਿਆਸਤ `ਤੇ ਡੇਰਾਵਾਦ ਦਾ ਵੱਡਾ ਅਸਰ ਹੈ ਤੇ ਹਰ ਚੋਣ ਵਿੱਚ ਹੀ ਇਸਦਾ ਵੋਟ ਬੈਂਕ ਵੱਡੀ ਭੂਮਿਕਾ ਨਿਭਾਉਂਦਾ ਹੈ।
Punjab Politics (ਜਸਮੀਤ ਕੌਰ) : ਪੰਜਾਬ ਦੀ ਸਿਆਸਤ 'ਤੇ ਡੇਰਾਵਾਦ ਦਾ ਵੱਡਾ ਅਸਰ ਹੈ ਤੇ ਹਰ ਚੋਣ ਵਿੱਚ ਹੀ ਇਸਦਾ ਵੋਟ ਬੈਂਕ ਵੱਡੀ ਭੂਮਿਕਾ ਨਿਭਾਉਂਦਾ ਹੈ ਤੇ ਜਿਸ ਲਈ ਹਰ ਵਾਰ ਹੀ ਸਿਆਸੀ ਲੀਡਰ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਹੀ ਡੇਰਿਆਂ ਦੇ ਚੱਕਰ ਕੱਟਣੇ ਸ਼ੁਰੂ ਕਰ ਦਿੰਦੇ ਹਨ।
ਸਿੱਖ ਧਰਮ ਦੇ ਹੋਂਦ ਵਿੱਚ ਆਉਣ ਨਾਲ-ਨਾਲ ਹੀ ਨਵੇਂ ਡੇਰਿਆਂ ਦੇ ਹੋਂਦ ਵਿੱਚ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੁੰਦਾ ਹੈ। ਇਨ੍ਹਾਂ ਵਿੱਚ ਉਦਾਸੀ, ਨਿਰਮਲੇ, ਨਿਰੰਕਾਰੀ, ਨਾਮਧਾਰੀ ਆਦਿ ਜ਼ਿਕਰਯੋਗ ਹਨ। ਪੰਜਾਬ ਵਿੱਚ ਕਿੰਨੇ ਡੇਰੇ ਹਨ ਇਨ੍ਹਾਂ ਦੀ ਸਹੀ ਗਿਣਤੀ ਦਾ ਕੋਈ ਰਿਕਾਰਡ ਨਹੀਂ ਮਿਲਦਾ ਹੈ। ਪੰਜਾਬ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਵਿੱਚੋਂ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇ ਜਿੱਥੇ ਕੋਈ ਡੇਰਾ ਨਾ ਹੋਵੇ।
ਚੰਡੀਗੜ੍ਹ ਸਥਿਤ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨਿਕੇਸ਼ਨ ਦੀ ਰਿਸਰਚ ਮੁਤਾਬਕ ਪੰਜਾਬ ਦੀਆਂ ਕੁੱਲ 117 ਸੀਟਾਂ ਵਿਧਾਨ ਸਭਾ ਸੀਟਾਂ ਵਿੱਚੋਂ ਇਹ ਡੇਰੇ 56 ਸੀਟਾਂ ਵਿੱਚ ਅਸਰ ਰੱਖਦੇ ਹਨ ਤੇ ਚੋਣ ਨਤੀਜਿਆਂ ਉੱਤੇ ਅਸਰ ਪਾ ਸਕਦੇ ਹਨ। 1920 ਦੇ ਦਹਾਕੇ ਵਿੱਚ ਹੁਸ਼ਿਆਰਪੁਰ ਤੇ ਜਲੰਧਰ ਇਲਾਕੇ ਵਿੱਚ ਕਈ ਡੇਰੇ ਬਣੇ।”
ਪੰਜਾਬ ਵਿੱਚ ਕਰੀਬ 32 ਫ਼ੀਸਦੀ ਦਲਿਤ ਵਸੋਂ ਹੈ ਤੇ ਡੇਰਿਆਂ ਨਾਲ ਜੁੜੇ ਹੋਏ ਲੋਕ ਜ਼ਿਆਦਾਤਰ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਡੇਰਿਆਂ ਵੱਲੋਂ ਕਈ ਸਮਾਜ ਸੁਧਾਰਕ ਕੰਮ ਕੀਤੇ ਜਾਂਦੇ ਹਨ ਤੇ ਡੇਰਿਆਂ ਨਾਲ ਜੁੜੇ ਹੋਏ ਲੋਕ ਇੱਕ-ਦੂਜੇ ਦੀ ਸਹਾਇਤਾ ਵੀ ਕਰਦੇ ਹਨ।
ਸਿਆਸੀ ਪ੍ਰਭਾਵ ਰੱਖਣ ਵਾਲੇ ਮੁੱਖ ਡੇਰੇ
ਡੇਰਾ ਸੱਚਾ ਸੌਦਾ ਸਿਰਸਾ (ਹਰਿਆਣਾ)
ਡੇਰਾ ਸੱਚਾ ਸੌਦਾ ਦਾ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਦੇ ਸਿਰਸਾ ਨਾਲ ਸਬੰਧ ਹੈ। ਡੇਰਾ ਸੱਚਾ ਸੌਦਾ ਦਾ ਪ੍ਰਭਾਵ ਪੰਜਾਬ ਦੇ ਮਾਲਵਾ ਇਲਾਕੇ ਦੇ ਜ਼ਿਲ੍ਹਾ ਸੰਗਰੂਰ, ਮਾਨਸਾ, ਬਠਿੰਡਾ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਆਦਿ ਵਿੱਚ ਪਾਇਆ ਜਾਂਦਾ ਹੈ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਨੇਤਾ ਅਕਸਰ ਡੇਰੇ ਉਤੇ ਜਾਂਦੇ ਵਿਖਾਈ ਦਿੰਦੇ ਸਨ।
ਡੇਰੇ ਵੱਲੋਂ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ ਗਿਆ ਸੀ। ਇਸ ਸਾਲ ਕਾਂਗਰਸ ਸੱਤਾ ਵਿੱਚ ਆਈ ਸੀ। ਸਾਲ 2007 ਵਿੱਚ ਵੀ ਡੇਰੇ ਨੇ ਕਾਂਗਰਸ ਦਾ ਸਮਰਥਨ ਕੀਤਾ ਪਰ ਕਾਂਗਰਸ ਹਾਰ ਗਈ ਸੀ। ਇਸ ਡੇਰੇ ਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਇਸ ਸਮੇਂ ਬਲਾਤਕਾਰ ਤੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਕੱਟ ਰਿਹਾ ਹੈ।
ਡੇਰਾ ਰਾਧਾ ਸੁਆਮੀ ਬਿਆਸ
ਡੇਰਾ ਰਾਧਾ ਸੁਆਮੀ ਬਿਆਸ ਦੀ ਸਥਾਪਨਾ 1891 ਵਿੱਚ ਹੋਈ ਅਤੇ ਅੱਜ ਇਸ ਦੇ ਪੈਰੋਕਾਰ 90 ਦੇਸ਼ਾਂ ਵਿੱਚ ਮੌਜੂਦ ਹਨ।
ਡੇਰੇ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਹੋਈ ਰਾਜਨੀਤਿਕ ਜਾਂ ਵਪਾਰਕ ਸਾਂਝ ਨਹੀਂ ਹੈ। ਇਸ ਡੇਰੇ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਸਿਆਸੀ ਆਗੂ ਅਕਸਰ ਆਉਂਦੇ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਵੀ ਇਸ ਡੇਰੇ ਆ ਚੁੱਕੇ ਹਨ।
ਡੇਰਾ ਸੱਚਖੰਡ ਬੱਲਾਂ
ਡੇਰਾ ਸੱਚਖੰਡ ਬੱਲਾਂ ਪੰਜਾਬ ਦੇ ਦੁਆਬਾ ਖਿੱਤੇ ਦੇ ਵੱਡੇ ਧਾਰਮਿਕ ਡੇਰਿਆਂ ਵਿੱਚੋਂ ਇੱਕ ਹੈ। ਇਸ ਦਾ ਮੁੱਖ ਅਸਰ ਜਲੰਧਰ ਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਉੱਤੇ ਪੈਂਦਾ ਹੈ। ਇਸ ਦੇ ਨਾਲ-ਨਾਲ ਵੱਡੇ ਸਿਆਸੀ ਆਗੂ ਖਾਸਕਰ ਚੋਣਾਂ ਦੇ ਨੇੜੇ ਜਿਵੇਂ ਡੇਰੇ ਵਿੱਚ ਪਹੁੰਚਦੇ ਹਨ,ਉਸ ਤੋਂ ਇਸ ਦੀ ਸਮਾਜਿਕ ਤੇ ਸਿਆਸਤ ਪੱਖ਼ੋਂ ਵੀ ਅਹਿਮਤੀਅਤ ਸਮਝ ਆਉਂਦੀ ਹੈ। ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਇਸ ਡੇਰੇ ਉਪਰ ਸਿਆਸੀ ਆਗੂਆਂ ਦੀਆਂ ਸਰਗਰਮੀਆਂ ਵੱਧ ਗਈਆਂ ਹਨ।
ਡੇਰਾ ਨਿਰੰਕਾਰੀ
ਸੰਤ ਨਿਰੰਕਾਰੀ ਮਿਸ਼ਨ ਪਿਛਲੇ 90 ਸਾਲਾਂ ਤੋਂ ਚੱਲ ਰਿਹਾ ਹੈ। ਇਨ੍ਹਾਂ ਦੀ ਸਿਆਸੀ ਸਰਗਰਮੀਆਂ ਜ਼ਿਆਦਾ ਪ੍ਰਭਾਵੀ ਨਹੀਂ ਹਨ ਪਰ ਇਹ ਅੰਦਰਖਾਤੇ ਕਾਫ਼ੀ ਅਸਰ ਰੱਖ਼ਦੇ ਹਨ।
ਨੂਰ ਮਹਿਲ ਡੇਰਾ-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ 'ਮਹਾਰਾਜ' ਨੂੰ ਡਾਕਟਰਾਂ ਵੱਲੋਂ ਕਲੀਨਿਕੀ ਤੌਰ 'ਤੇ ਮ੍ਰਿਤਕ ਐਲਾਨਿਆ ਹੋਇਆ ਹੈ ਪਰ ਉਨ੍ਹਾਂ ਦੀ ਦੇਹ ਹਾਲੇ ਤੱਕ ਡੇਰੇ ਵਿੱਚ ਸਾਂਭੀ ਹੋਈ ਹੈ। ਇਹ ਡੇਰਾ ਜਲੰਧਰ ਤੋਂ ਕਰੀਬ 34 ਕਿਲੋਮੀਟਰ ਦੂਰ ਨੂਰਮਹਿਲ ਵਿੱਚ ਹੈ। ਇਹ ਡੇਰਾ ਆਪਣਾ ਕਾਫ਼ੀ ਪ੍ਰਭਾਵ ਰੱਖਦਾ ਹੈ।
ਡੇਰੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਜਾਂਦੇ ਰਹੇ ਹਨ। ਡੇਰੇ ਦਾ ਅਸਰ ਜਲੰਧਰ ਅਤੇ ਪਟਿਆਲਾ ਦੀਆਂ ਸੀਟਾਂ ਉੱਤੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Ludhiana Sacrilege: ਗੁਰਦੁਆਰਾ ਸਿੰਘ ਸਭਾ 'ਚ ਸ਼ਖਸ ਵੱਲੋਂ ਬੇਅਦਬੀ ਦੀ ਕੋਸ਼ਿਸ਼, ਨੌਜਵਾਨ ਕਾਬੂ