Faridkot Lok Sabha Seat: 1947 ਤੋਂ ਪਹਿਲਾਂ ਸਾਡੇ ਮੁਲਕ ਵਿਚ ਅੰਗਰੇਜ਼ੀ ਰਾਜ ਅਧੀਨ ਅਨੇਕਾਂ ਰਿਆਸਤਾਂ ਮੌਜੂਦ ਸਨ। ਕੁਝ ਛੋਟੀਆਂ, ਕੁਝ ਵੱਡੀਆਂ ਪ੍ਰੰਤੂ ਇਨ੍ਹਾਂ ਸਾਰੀਆਂ ਰਿਆਸਤਾਂ ਦਾ ਆਪੋ ਆਪਣਾ ਨਿਵੇਕਲਾ ਇਤਿਹਾਸ ਹੈ। ਰਿਆਸਤ ਫ਼ਰੀਦਕੋਟ ਵੀ ਇਨ੍ਹਾਂ ਰਿਆਸਤਾਂ ਵਿੱਚੋਂ ਇੱਕ ਸੀ ਭਾਵੇਂ ਇਸ ਦਾ ਭੂਗੋਲਿਕ ਇਲਾਕਾ ਬਹੁਤ ਛੋਟਾ ਸੀ, ਪ੍ਰੰਤੂ ਇਸ ਦਾ ਆਪਣਾ ਮਹੱਤਵਪੂਰਣ ਇਤਿਹਾਸ ਹੈ। 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਦੇਸ਼ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠੀ ਫ਼ਰੀਦਕੋਟ ਦੀ ਸਿੱਖ ਰਿਆਸਤ ਦੁਨੀਆਂ ਦੇ ਇਤਿਹਾਸਕਾਰਾਂ ਦੀ ਨਜ਼ਰ ਵਿਚ ਹੈ। 12ਵੀਂ ਸਦੀ ਤਕ ਫ਼ਰੀਦਕੋਟ ਨੂੰ ਮੋਕਲ ਨਗਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ। ਉਸ ਸਮੇਂ ਰਾਜਾ ਮੋਕਲਦੇਵ ਇਥੋਂ ਦਾ ਸ਼ਾਸਕ ਸੀ ਤੇ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੀ ਫੇਰੀ ਦੌਰਾਨ ਇਸ ਸ਼ਹਿਰ ਦਾ ਨਾਮ ਫ਼ਰੀਦਕੋਟ ਰਖਿਆ।


COMMERCIAL BREAK
SCROLL TO CONTINUE READING

ਫ਼ਰੀਦਕੋਟ ਦਾ ਚੋਣ ਇਤਿਹਾਸ


ਫ਼ਰੀਦਕੋਟ ਜ਼ਿਲ੍ਹੇ ਦੀ ਸਿਆਸਤ ਦੇ ਦੁਨੀਆ ਵਿਚ ਚਰਚੇ ਹਨ। ਇੱਕ ਸਮ੍ਹਾਂ ਸੀ ਜਦੋਂ ਫਰੀਦਕੋਟ ਜ਼ਿਲ੍ਹੇ ਦੇ ਕਿਸੇ ਵੀ ਲੀਡਰ ਦੀ ਸਮੂਲੀਅਤ ਤੋਂ ਬਿਨ੍ਹਾਂ ਪੰਜਾਬ ਦੀ ਵਜ਼ਾਰਤ ਪੂਰੀ ਨਹੀਂ ਹੁੰਦੀ ਸੀ। ਫਰੀਦਕੋਟ ਜ਼ਿਲ੍ਹੇ ਦੇ ਤਿੰਨ ਆਗੂ ਮੁੱਖ ਮੰਤਰੀ, ਇਕ ਉਪ ਮੁੱਖ ਮੰਤਰੀ ਬਣਿਆ ਅਤੇ ਇਕ ਦੇਸ਼ ਦਾ ਰਾਸ਼ਟਰਪਤੀ ਬਣੇ। ਇਸ ਦੇ ਨਾਲ-ਨਾਲ ਕੇਂਦਰੀ ਵਜਾਰਤ ਵਿੱਚ ਵੀ ਫ਼ਰੀਦਕੋਟ ਜਿਲ੍ਹੇ ਨੇ ਕਈ ਵਾਰ ਸਮੂਲੀਅਤ ਕੀਤੀ।


ਸਾਲ 1977 ਵਿੱਚ ਬਣਿਆ ਲੋਕ ਸਭਾ ਹਲਕਾ ਫਰੀਦਕੋਟ ਅਨੁਸੂਚਿਤ ਜਾਤੀ ਲਈ ਰਿਜ਼ਰਵ ਹੈ। ਫ਼ਰੀਦਕੋਟ ਲੋਕ ਸਭਾ ਹਲਕਾ ਬਣਨ ਤੋਂ ਲੈ ਕੇ 2019 ਤੱਕ 12 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 4 ਵਾਰ, 6 ਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ), ਇੱਕ ਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਤੇ 1 ਵਾਰ ਆਮ ਆਦਮੀ ਪਾਰਟੀ ਨੇ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ।


                               ਫ਼ਰੀਦਕੋਟ ਲੋਕ ਸਭਾ ਸੀਟ ਦੇ ਨਤੀਜੇ 


  ਨੰ   ਸਾਲ   ਸੰਸਦ ਦੇ ਮੈਂਬਰ   ਪਾਰਟੀ
  1.   1977   ਬਲਵੰਤ ਸਿੰਘ ਰਾਮੂਵਾਲੀਆ   ਸ਼੍ਰੋਮਣੀ ਅਕਾਲੀ ਦਲ
  2.   1980   ਗੁਰਬਰਿੰਦਰ ਕੌਰ ਬਰਾੜ੍ਹ   ਕਾਂਗਰਸ
  3.   1984   ਭਾਈ ਸ਼ਮਿੰਦਰ ਸਿੰਘ   ਸ਼੍ਰੋਮਣੀ ਅਕਾਲੀ ਦਲ
  4.   1989   ਜਗਦੇਵ ਸਿੰਘ ਖੁੱਡੀਆਂ   ਸ਼੍ਰੋਮਣੀ ਅਕਾਲੀ ਦਲ (ਅ)
  5.   1991   ਜਗਮੀਤ ਸਿੰਘ ਬਰਾੜ   ਕਾਂਗਰਸ
  6.   1996   ਸੁਖਬੀਰ ਸਿੰਘ ਬਾਦਲ   ਸ਼੍ਰੋਮਣੀ ਅਕਾਲੀ ਦਲ
  7.   1998   ਸੁਖਬੀਰ ਸਿੰਘ ਬਾਦਲ   ਸ਼੍ਰੋਮਣੀ ਅਕਾਲੀ ਦਲ
  8.   1999   ਜਗਮੀਤ ਸਿੰਘ ਬਰਾੜ   ਕਾਂਗਰਸ
  9.   2004   ਸੁਖਬੀਰ ਸਿੰਘ ਬਾਦਲ   ਸ਼੍ਰੋਮਣੀ ਅਕਾਲੀ ਦਲ
  10.   2009   ਪਰਮਜੀਤ ਕੌਰ ਗੁਲਸ਼ਨ   ਸ਼੍ਰੋਮਣੀ ਅਕਾਲੀ ਦਲ
  11.   2014   ਸਾਧੂ ਸਿੰਘ   ਆਮ ਆਦਮੀ ਪਾਰਟੀ
  12.   2019   ਮੁਹੰਮਦ ਸਦੀਕ   ਕਾਂਗਰਸ

 


ਫ਼ਰੀਦਕੋਟ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ


ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫ਼ਰੀਦਕੋਟ, ਕੋਟਕਪੂਰਾ, ਜੈਤੋ, ਰਾਮਪੁਰਾ ਫੂਲ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕ ਹਲਕਾ ਦੀਆਂ 8 ਸੀਟ ਤੇ ਜਿੱਤ ਹਾਸਲ ਕੀਤੀ ਸੀ। ਗਿੱਦੜਬਾਹਾ ਸੀਟ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਹਾਸਲ ਕੀਤੀ।


ਪਿਛਲੀ ਲੋਕ ਸਭਾ ਨਤੀਜੇ


ਸਾਲ 2009 ਵਿੱਚ ਇਥੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ 4,57,734 ਵੋਟਾਂ ਲੈ ਕੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਜਿਸ ਨੂੰ 3,95,692 ਵੋਟਾਂ ਮਿਲਿਆ ਸਨ, ਤੋਂ ਜੇਤੂ ਰਹੀ ਸੀ।


ਸਾਲ 2014 ਵਿੱਚ ਇਥੋਂ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਚੋਣ ਲੜੇ ਪ੍ਰੋ. ਸਾਧੂ ਸਿੰਘ 4,50,751 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸਨ 2,78,235 ਵੋਟਾਂ ਅਤੇ ਕਾਂਗਰਸ ਦੇ ਜੋਗਿੰਦਰ ਸਿੰਘ ਪੰਜਗਰਾਂਈ 2,51,222 ਵੋਟਾਂ ਨੂੰ ਹਰਾ ਕੇ ਲੋਕ ਸਭਾ ਪਹੁੰਚੇ ਸਨ।


ਸਾਲ 2019 ਵਿੱਚ ਇਥੋਂ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ 4,19,065 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ 3,35,809 ਵੋਟਾਂ ਅਤੇ ਆਮ ਆਦਮੀਂ ਪਾਰਟੀ ਦੇ ਪ੍ਰੋ. ਸਾਧੂ ਸਿੰਘ 1,15,319 ਵੋਟਾਂ ਨੂੰ ਹਰਾ ਕੇ ਮੈਂਬਰ ਪਾਰਲੀਮੈਂਟ ਬਣੇ।


ਧਰਮ ਅਧਾਰ ਉੱਤੇ ਜੇਕਰ ਗੱਲ ਕਰੀਏ ਤਾਂ ਲੋਕ ਸਭਾ ਹਲਕਾ ਫ਼ਰੀਦਕੋਟ ਵਿੱਚ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਭਾਈਚਾਰੇ ਦੇ ਨਾਲ ਨਾਲ ਵੱਖ ਵੱਖ ਧਾਰਮਿਕ ਡੇਰਿਆਂ ਦੇ ਪੈਰੋਕਾਰਾਂ ਦੀ ਗਿਣਤੀ ਵੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਬੇਸ਼ੱਕ ਜ਼ਿਆਦਾ ਗਿਣਤੀ ਸਿੱਖ ਭਾਈਚਾਰੇ ਦੀ ਹੈ।


ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰ


ਫ਼ਰੀਦਕੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ 


ਆਮ ਆਦਮੀ ਪਾਰਟੀ ਨੇ ਫ਼ਰੀਦਕੋਟ ਤੋਂ ਅਦਾਕਾਰ ਕਰਮਜੀਤ ਅਨਮੋਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਰਮਜੀਤ ਅਨਮੋਲ ਪੰਜਾਬੀ ਅਭਿਨੇਤਾ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਪਹਿਲਾਂ ਚਰਚਾ ਸੀ ਕਿ ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦੀ ਪੁਰਾਣੀ ਲੋਕ ਸਭਾ ਸੀਟ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਵੇਗਾ। ਪਰ ਪਾਰਟੀ ਨੇ ਉਨ੍ਹਾਂ ਉਪਰ ਫਰੀਦਕੋਟ ਤੋਂ ਦਾਅ ਖੇਡਿਆ ਗਿਆ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 


ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਦੇ ਰੀਅਲ ਅਸਟੇਟ ਕਾਰੋਬਾਰੀ ਰਾਜਵਿੰਦਰ ਸਿੰਘ ਨੂੰ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਰਾਜਵਿੰਦਰ ਸਿੰਘ ਦਾ ਪਰਿਵਾਰ ਟਕਸਾਲੀ ਅਕਾਲੀ ਆਗੂ ਹੈ ਅਤੇ ਉਸ ਦੇ ਪਿਤਾ ਸ਼ੀਤਲ ਸਿੰਘ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ, ਜਦਕਿ ਰਾਜਵਿੰਦਰ ਸਿੰਘ 2010 ਤੋਂ 2012 ਤੱਕ ਯੂਥ ਅਕਾਲੀ ਦਲ ਦੇ ਪੰਜਾਬ ਮੀਤ ਪ੍ਰਧਾਨ ਰਹਿ ਚੁੱਕੇ ਹਨ।


ਕਾਂਗਰਸ ਦੇ ਉਮੀਦਵਾਰ


ਕਾਂਗਰਸ ਨੇ ਫ਼ਰੀਦਕੋਟ (SC) ਲੋਕ ਸਭਾ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਹੈ। ਪਾਰਟੀ ਨੇ ਇਸ ਵਾਰ ਅਮਰਜੀਤ ਕੌਰ ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਹੈ। 2017 ਵਿੱਚ ਅਮਰਜੀਤ ਕੌਰ ਸਾਹੋਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨਸਭਾ ਚੋਣ ਲੜੀ ਸੀ। ਪਰ ਉਨ੍ਹਾਂ ਨੂੰ ਹਾਰ ਦਾ ਸਹਾਮਣਾ ਕਰਨਾ ਪਿਆ ਸੀ। 2022 ਵਿੱਚ ਜਦੋਂ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਾ ਦਿੱਤੀ ਤਾਂ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ।


ਬੀਜੇਪੀ ਦੇ ਉਮੀਦਵਾਰ


ਬੀਜੇਪੀ ਨੇ ਪੰਜਾਬੀ ਗਾਇਕ ਅਤੇ ਦਿੱਲੀ (ਉੱਤਰ-ਪੱਛਮੀ ) ਸੀਟ ਤੋਂ ਮੌਦੂਜਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਫ਼ਰੀਦਕੋਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਪਹਿਲਾਂ ਹੰਸ ਰਾਜ ਹੰਸ ਨੇ 2009 ਵਿੱਚ ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ ਦਲ ਵੱਲੋਂ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਹਾਮਣਾ ਕਰਨਾ ਪਿਆ ਸੀ।


ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ 


ਸਿਮਰਨਜੀਤ ਸਿੰਘ ਮਾਨ ਨੇ ਬਲਦੇਵ ਸਿੰਘ ਗਗੜਾ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। 



ਫ਼ਰੀਦਕੋਟ ਦੇ ਮੌਜੂਦਾ ਵੋਟਰ


ਫ਼ਰੀਦਕੋਟ ਸੀਟ ਲਈ ਕੁਲ ਪੋਲਿੰਗ ਸਟੇਸ਼ਨ 1688 ਹਨ ਤੇ ਵੋਟਰਾਂ ਦੀ ਕੁਲ ਗਿਣਤੀ 15 ਲੱਖ 11 ਹਜ਼ਾਰ 148 ਹੈ। ਇਨ੍ਹਾਂ ’ਚੋਂ 8 ਲੱਖ 35 ਹਜ਼ਾਰ 499 ਮਰਦ ਵੋਟਰ ਹਨ, ਜਦਕਿ 7 ਲੱਖ 45 ਹਜ਼ਾਰ 568 ਮਹਿਲਾ ਵੋਟਰ ਤੇ 81 ਟਰਾਂਸਜੈਂਡਰ ਵੋਟਰ ਹਨ।