Bathinda News (ਕੁਲਬੀਰ ਸਿੰਘ ਜੀਰਾ): ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਬਲਜਿੰਦਰ ਕੌਰ ਦੇ ਪਿੰਡ ਜਗਾਰਾਮ ਤੀਰਥ ਵਿੱਚ ਨਹਿਰ ਵਿੱਚ ਨਾਜਾਇਜ਼ ਪਾਈਪਾਂ ਲਗਾ ਕੇ ਪਾਣੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਤਿੰਨ ਪਿੰਡਾਂ ਦੇ ਲੋਕਾਂ ਨੂੰ ਪੂਰਾ ਪਾਣੀ ਨਾ ਮਿਲਣ ਕਾਰਨ ਰਜਵਾਹੇ ਨੂੰ ਚੈੱਕ ਕਰਦੇ ਹੋਏ ਫੜਿਆ ਗਿਆ ਹੈ।


COMMERCIAL BREAK
SCROLL TO CONTINUE READING

ਪਿੰਡਾਂ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਰਜਵਾਹੇ ਵਿੱਚ ਪਾਣੀ ਚੋਰੀ ਸਿਆਸੀ ਸ਼ਹਿ ਉਪਰ ਕੀਤਾ ਜਾ ਰਿਹਾ ਹੈ ਜਿਸ ਲਈ ਤਿੰਨ ਪਿੰਡਾਂ ਦੇ ਲੋਕਾਂ ਨੇ ਹਲਕੇ ਦੀ ਵਿਧਾਇਕਾ ਦੇ ਜੱਦੀ ਪਿੰਡ ਜਗਾਰਾਮ ਤੀਰਥ ਵਿੱਚ ਉਨ੍ਹਾਂ ਦੀ ਰਿਹਾਇਸ਼ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪਾਣੀ ਚੋਰੀ ਕਰਨ ਅਤੇ ਕਰਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।


ਇੱਕ ਪਾਸੇ ਜਿੱਥੇ ਗਰਮੀ ਦਾ ਕਹਿਰ ਬਰਸ ਰਿਹਾ ਹੈ ਉਥੇ ਹੀ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਨ ਲਈ ਪੂਰਾ ਪਾਣੀ ਨਹੀਂ ਮਿਲ ਰਿਹਾ, ਜਿਸ ਦੇ ਚੱਲਦਿਆਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਤਿੰਨ ਪਿੰਡਾਂ ਬਹਿਮਣ ਜੱਸਾ ਸਿੰਘ, ਬਹਿਮਣ ਕੌਰ ਸਿੰਘ ਅਤੇ ਸਿੰਘਪੁਰਾ ਜੋ ਕਿ ਟੇਲ ਉਤੇ ਪੈਂਦੇ ਹਨ ਨੂੰ ਪੂਰਾ ਪਾਣੀ ਨਾ ਮਿਲਣ ਕਾਰਨ ਜਦੋਂ ਉਹ ਰਜਵਾਹੇ ਦੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਪਿੰਡ ਜਗਾਰਾਮ ਤੀਰਥ ਵਿੱਚ ਚਾਰ ਨਾਜਾਇਜ਼ ਪਾਈਪਾਂ ਲਗਾ ਕੇ ਰਜਵਾਹੇ ਵਿੱਚੋਂ ਪਾਣੀ ਚੋਰੀ ਕੀਤਾ ਜਾ ਰਿਹਾ ਹੈ।


ਇਸ ਉਤੇ ਪਿੰਡ ਵਾਸੀਆਂ ਨੇ ਤੁਰੰਤ ਪਾਈਪਾਂ ਪੁੱਟ ਲਈਆਂ ਤੇ ਮੌਕੇ ਉਤੇ ਅਧਿਕਾਰੀਆਂ ਨੂੰ ਵੀ ਸੱਦ ਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਚੋਰੀ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਧਾਇਕ ਦੇ ਪਿਤਾ ਦੇ ਕਹਿਣ ਉਤੇ ਪਾਈਪਾਂ ਲਗਾਈਆਂ ਹਨ ਜਿਸ ਨੂੰ ਲੈ ਕੇ ਪਿੰਡ ਵਾਸੀ ਭੜਕ ਗਏ ਅਤੇ ਪਿੰਡ ਵਾਸੀਆਂ ਨੇ ਵਿਧਾਇਕ ਦੇ ਪਿਤਾ ਦੇ ਘਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।


ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਪੂਰਾ ਪਾਣੀ ਨਹੀਂ ਮਿਲ ਰਿਹਾ ਤੇ ਉੱਪਰੋਂ ਹੁਣ ਜੋ ਪਾਣੀ ਉਨ੍ਹਾਂ ਮਿਲਣਾ ਸੀ ਉਸ ਨੂੰ ਵੀ ਰਾਹ ਵਿੱਚ ਹੀ ਨਜਾਇਜ਼ ਪਾਈਪ ਲਗਾ ਕੇ ਚੋਰੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਚੋਰ ਫੜੇ ਅਤੇ ਵਿਭਾਗ ਨੂੰ ਵੀ ਮੌਕੇ ਉਪਰ ਬੁਲਾਇਆ ਤਾਂ ਪਾਣੀ ਚੋਰੀ ਕਰਨ ਵਾਲਿਆਂ ਨੇ ਵਿਧਾਇਕਾਂ ਦੇ ਪਿਤਾ ਦਾ ਨਾਮ ਲੈ ਦਿੱਤਾ ਤੇ ਉਨ੍ਹਾਂ ਦੀ ਸ਼ਹਿ ਉਤੇ ਪਾਣੀ ਚੋਰੀ ਕਰਨ ਦੀ ਗੱਲ ਕੀਤੀ।


ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਾਣੀ ਚੋਰੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਜਿੰਨਾ ਸਮਾਂ ਪਾਣੀ ਚੋਰੀ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਉਨ੍ਹਾਂ ਵੱਲੋਂ ਧਰਨਾ ਜਾਰੀ ਰਹੇਗਾ।


ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਮੌਕੇ ਉਤੇ ਡੀਐਸਪੀ ਤਲਵੰਡੀ ਸਾਬੋ ਪੁੱਜੇ ਜਦੋਂ ਕਿ ਨਹਿਰੀ ਵਿਭਾਗ ਦੇ ਅਧਿਕਾਰੀ ਜਲਦੀ ਹੀ ਕਾਰਵਾਈ ਕਰਨ ਦਾ ਭਰੋਸਾ ਦੇ ਰਹੇ ਹਨ ਪਰ ਕੋਈ ਵੀ ਕੈਮਰੇ ਸਾਹਮਣੇ ਨਹੀਂ ਬੋਲਿਆ ਤੇ ਜਲਦੀ ਹੀ ਕਾਰਵਾਈ ਕਰਨ ਦੀ ਗੱਲ ਕਰ ਰਹੇ ਸਨ।


ਦੂਜੇ ਪਾਸੇ ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਰੰਧਾਵਾ ਨੇ ਜ਼ੀ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਨਹਿਰਾਂ ਤੇ ਕੱਸੀਆਂ ਦੀ ਸਫਾਈ ਕਰਵਾ ਲਈ ਗਈ ਹੈ। ਕੁਝ ਇਕਾ ਦੁੱਕਾ ਜ਼ਰੂਰ ਰਹਿ ਗਈਆਂ ਕਿਉਂਕਿ ਇਲੈਕਸ਼ਨ ਸ਼ਡਿਊਲ ਸੀ ਪਰ ਲਗਾਤਾਰ ਪਾਣੀ ਅਸੀਂ ਛੱਡ ਦਿੱਤਾ ਹੈ ਕਿਸੇ ਵੀ ਕਿਸਾਨ ਨੂੰ ਪਾਣੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਹਰ ਕਿਸਾਨ ਨੂੰ ਟੇਲਾਂ ਤੱਕ ਪਾਣੀ ਪਹੁੰਚੇਗਾ। ਕੱਲ੍ਹ ਤੱਕ ਪਾਣੀ 90 ਤੋਂ 95% ਸੂਏ ਅਤੇ ਕੱਸੀਆਂ ਵਿੱਚ ਆ ਜਾਵੇਗਾ।