ਵਿਨੋਦ ਗੋਇਲ/ਮਾਨਸਾ: ਮਾਨਸਾ ਦੇ ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੇ ਬੀ. ਕੇ. ਯੂ. ਉਗਰਾਹਾਂ ਦੀ ਅਗਵਾਈ ਹੇਠ 12 ਵਜੇ ਤੋਂ ਰੇਲ ਲਾਈਨਾਂ 'ਤੇ ਧਰਨਾ ਲਗਾਕੇ ਰੇਲ ਆਵਾਜਾਈ ਬੰਦ ਕਰ ਦਿੱਤੀ ਹੈ। ਕਿਉਂਕਿ ਮਾਨਸਾ ਦੇ ਦੋ ਪਿੰਡਾਂ ਖੋਖਰ ਖੁਰਦ ਅਤੇ ਖੋਖਰ ਕਲਾਂ ਦੇ ਨਹਿਰੀ ਪਾਣੀ ਵਾਲੇ ਮੋਘੇ ਅਲੱਗ ਅਲੱਗ ਕਰ ਦਿੱਤੇ ਤਾਂ ਖੋਖਰ ਖੁਰਦ ਦੇ ਕਿਸਾਨਾਂ ਨੂੰ ਰੇਲਵੇ ਲਾਈਨ ਥੱਲਿਓਂ ਪਾਈਪ ਲੰਘਾਉਣ ਲਈ ਰੇਲਵੇ ਵਿਭਾਗ ਵੱਲੋਂ ਇਕ ਕਰੋੜ 25 ਲੱਖ ਰੁਪਏ ਭਰਨ ਲਈ ਕਿਹਾ ਗਿਆ ਹੈ। ਕਿਸਾਨ ਇੰਨੀ ਵੱਡੀ ਰਕਮ ਭਰਨ ਤੋਂ ਅਸਮਰੱਥਤਾ ਪ੍ਰਗਟ ਕਰਦੇ ਹੋਏ ਇਸ ਰਕਮ ਨੂੰ ਮੁਆਫ ਕਰਨ ਜਾਂ ਫਿਰ ਸਰਕਾਰ ਨੂੰ ਭਰਨ ਦੀ ਗੁਹਾਰ ਲਗਾ ਰਹੇ ਹਨ। ਪਰ ਕੋਈ ਸੁਣਵਾਈ ਨਾ ਹੋਣ 'ਤੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਦੇ ਨੇੜੇ ਰੇਲ ਲਾਈਨ 'ਤੇ ਧਰਨਾ ਲਗਾਕੇ ਨਾਅਰੇਬਾਜ਼ੀ ਕੀਤੀ।


COMMERCIAL BREAK
SCROLL TO CONTINUE READING

 


ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਬੀ. ਕੇ. ਯੂ. ਉਗਰਾਹਾਂ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਕਿਸਾਨ ਆਗੂ ਭਾਨ ਸਿੰਘ 'ਤੇ ਜਗਸੀਰ ਸਿੰਘ ਨੇ ਕਿਹਾ ਕਿ ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਰੇਲਵੇ ਲਾਈਨ ਦੇ ਨਿੱਚਿਓਂ ਪਾਈਪ ਪਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਰੇਲਵੇ ਵਿਭਾਗ ਤੋਂ ਇਸਦੀ ਮੰਜੂਰੀ ਲੈ ਲਈ ਹੈ ਤੇ ਰੇਲਵੇ ਵਿਭਾਗ ਵੱਲੋਂ ਕਿਸਾਨਾਂ ਨੂੰ 1 ਕਰੋੜ 25 ਲੱਖ ਰੁਪਏ ਭਰਨ ਲਈ ਕਿਹਾ ਗਿਆ ਹੈ, ਪਰ ਕਿਸਾਨ ਇੰਨੀ ਵੱਡੀ ਰਕਮ ਭਰਨ ਤੋਂ ਅਸਮਰਥ ਹਨ।


 


ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸਾਡੇ ਨਾਲ ਸੰਪਰਕ ਕਰਨ ਤੇ ਅਸੀਂ ਪਹਿਲਾਂ ਮਾਨਸਾ ਦੇ ਏ. ਡੀ. ਸੀ. ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਸੀ ਕਿ ਇਹ ਪੈਸੇ ਰੇਲਵੇ ਵਿਭਾਗ ਨੂੰ ਸਰਕਾਰ ਖੁਦ ਭਰੇ ਜਾਂ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਹ ਪੈਸੇ ਮਾਫ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਮੰਗ ਪੱਤਰ ਦੇਣ ਤੋਂ ਬਾਅਦ ਅਸੀਂ 5 ਦਿਨ ਡੀ.ਸੀ. ਦਫ਼ਤਰ ਦੇ ਬਾਹਰ ਧਰਨਾ ਵੀ ਲਾਇਆ ਸੀ, ਪਰ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਅਸੀਂ ਰੇਲਾਂ ਦਾ ਚੱਕਾ ਜਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਤਾਂ ਜੱਥੇਬੰਦੀ ਦੇ ਫ਼ੈਸਲੇ ਅਨੁਸਾਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।