Punjab News: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਪੰਜਾਬ ਸਰਕਾਰ ਦੇ ਸਮੂਹ ਪ੍ਰਬੰਧਕੀ ਸਕੱਤਰਾਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੂੰਜੀ ਸਿਰਜਣ ਅਤੇ ਮਾਲੀਆ ਪੈਦਾ ਕਰਨ ਲਈ ਯਤਨ ਤੇਜ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਵਾਧੇ ਨੂੰ ਹੋਰ ਤੇਜ਼ ਕਰਨ ਦੇ ਉਦੇਸ਼ ਨਾਲ ਰਣਨੀਤਕ ਕਦਮ ਚੁੱਕਣੇ ਸਮੇਂ ਦੀ ਲੋੜ ਹੈ।


COMMERCIAL BREAK
SCROLL TO CONTINUE READING

ਇੱਥੇ ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਦੌਰਾਨ ਆਈ.ਏ.ਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਉਨ੍ਹਾਂ ਵੱਲੋਂ ਵਿੱਤੀ ਕਮਿਸ਼ਨਰ ਕਰ ਵਜੋਂ ਬੇਮਿਸਾਲ ਸੇਵਾਵਾਂ ਨਿਭਾਉਣ ਲਈ ਸਨਮਾਨਿਤ ਵੀ ਕੀਤਾ ਗਿਆ।


ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਵਿਭਾਗਾਂ ਅੰਦਰ ਪੂੰਜੀ ਸਿਰਜਣ ਲਈ ਸੰਭਾਵੀ ਖੇਤਰਾਂ ਦੀ ਸ਼ਨਾਖਤ ਕਰਨ। ਉਨ੍ਹਾਂ ਅਜਿਹੇ ਅਣਗੌਲੇ ਖੇਤਰਾਂ ਦੀ ਸ਼ਨਾਖ਼ਤ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਜਿੱਥੋਂ ਸੂਬਾ ਸਰਕਾਰ ਮਾਲੀਆ ਪੈਦਾ ਕਰ ਸਕਦੀ ਹੈ। ਫੰਡਾਂ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਲਈ ਅਲਾਟ ਕੀਤੇ ਫੰਡਾਂ ਦੀ ਸਮੇਂ ਸਿਰ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੇਈ ਵੀ ਫੰਡ ਲੈਪਸ ਨਾ ਹੋ ਸਕੇ।


ਇਸ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ ਨੇ ਪ੍ਰਬੰਧਕੀ ਸਕੱਤਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਖੇਤਰਾਂ ਬਾਰੇ ਚਰਚਾ ਕੀਤੀ, ਜਿੱਥੇ ਪੂੰਜੀ ਸਿਰਜਣ ਅਤੇ ਮਾਲੀਆ ਪੈਦਾ ਕਰਨ ਲਈ ਯਤਨ ਕੀਤੇ ਜਾ ਸਕਦੇ ਹਨ। ਉਨ੍ਹਾਂ ਖ਼ਾਸ ਕਰਕੇ ਸਿੱਖਿਆ ਅਤੇ ਸੜਕੀ ਨੈੱਟਵਰਕ ਦੇ ਖੇਤਰਾਂ ਸਣੇ ਹੋਰਨਾਂ ਵਿਕਾਸ ਫੰਡਾਂ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਲਈ ਉਪਰਾਲੇ ਕਰਨ ਦਾ ਸੁਝਾਅ ਵੀ ਦਿੱਤਾ।


ਵਿੱਤ ਕਮਿਸ਼ਨਰ (ਕਰ) ਕ੍ਰਿਸ਼ਨ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸਨਮਾਨ ਮਹੱਤਵਪੂਰਨ ਮੀਲ ਪੱਥਰ ਹਾਸਲ ਕਰਨ ਲਈ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਗਨ ਅਤੇ ਮਿਹਨਤ ਦਾ ਪ੍ਰਮਾਣ ਹੈ। ਵਿੱਤ ਮੰਤਰੀ ਨੇ ਪਿਛਲੇ ਮਹੀਨੇ ਦੌਰਾਨ ਜੀ.ਐਸ.ਟੀ ਕੁਲੈਕਸ਼ਨ ਵਿੱਚ 62.93 ਪ੍ਰਤੀਸ਼ਤ ਦੀ ਸ਼ਾਨਦਾਰ ਵਾਧਾ ਦਰ ਹਾਸਿਲ ਕਰਨ ਦਾ ਸਿਹਰਾ ਕ੍ਰਿਸ਼ਨ ਕੁਮਾਰ ਅਤੇ ਉਨ੍ਹਾਂ ਦੀ ਟੀਮ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦੇ ਨਤੀਜੇ ਵਜੋਂ ਇਸ ਸਾਲ ਨਵੰਬਰ ਵਿੱਚ 2,477.37 ਕਰੋੜ ਰੁਪਏ ਦਾ ਰਿਕਾਰਡ ਸ਼ੁੱਧ ਜੀਐਸਟੀ ਕੁਲੈਕਸ਼ਨ ਹੋਇਆ ਹੈ।