Punjab News: ਪੰਜਾਬ ਵਿੱਚ ਐਫ.ਸੀ.ਆਈ. ਕੋਲ ਚੌਲਾਂ ਦੀ ਡਿਲਿਵਰੀ ਲਈ ਕਵਰਡ ਸਟੋਰੇਜ ਸਪੇਸ (ਭੰਡਾਰਣ ਦੀ ਜਗ੍ਹਾ) ਦੀ ਭਾਰੀ ਘਾਟ ਸਬੰਧੀ ਮੁੱਦਾ ਉਠਾਉਂਦਿਆਂ ਅੱਜ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੇਂਦਰੀ ਖ਼ਪਤਕਾਰ, ਖੁਰਾਕ ਅਤੇ ਜਨਤਕ ਵੰਡ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ।


COMMERCIAL BREAK
SCROLL TO CONTINUE READING

ਇਸ ਮੀਟਿੰਗ ਦੌਰਾਨ ਕਟਾਰੂਚੱਕ ਨੇ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਸੂਬੇ ਵਿੱਚ ਚੌਲਾਂ ਦੇ ਭੰਡਾਰਨ ਲਈ ਥਾਂ ਦੀ ਭਾਰੀ ਘਾਟ ਹੈ ਅਤੇ ਪਿਛਲੇ 5 ਮਹੀਨਿਆਂ ਤੋਂ/24 ਅਪ੍ਰੈਲ ਤੋਂ ਸੂਬੇ ਵਿੱਚੋਂ ਸਿਰਫ਼ 3-4 ਲੱਖ ਮੀਟ੍ਰਿਕ ਟਨ ਚੌਲਾਂ ਦੀ ਸੀਮਤ ਆਵਾਜਾਈ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। 


ਹੋਰ ਜਾਣਕਾਰੀ ਦਿੰਦਿਆਂ ਕਟਾਰੂਚੱਕ ਨੇ ਕਿਹਾ ਕਿ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ 1 ਅਕਤੂਬਰ ਤੋਂ ਸਾਉਣੀ ਮੰਡੀਕਰਨ ਸੀਜ਼ਨ (ਕੇ. ਐਮ. ਐੱਸ.)-2024 ਸ਼ੁਰੂ ਹੋਣ ਵਾਲਾ ਹੈ, ਇਸ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਲੋੜ ਹੈ ਅਤੇ ਇਸ ਸੀਜ਼ਨ ਦੌਰਾਨ ਲਗਭਗ 185-190 ਲੱਖ ਮੀਟਰਕ ਟਨ ਝੋਨੇ ਦੀ ਖਰੀਦੀ ਕੀਤੀ ਜਾਵੇਗੀ ਜਿਸ ਨਾਲ 125-128 ਲੱਖ ਮੀਟਰਕ ਟਨ ਚੌਲਾਂ ਦੀ ਪੈਦਾਵਾਰ ਹੋਵੇਗੀ।


ਉਨ੍ਹਾਂ ਨੇ ਇਸ ਮੁੱਦੇ ਦਾ ਜਲਦ ਤੋ ਜਲਦ ਹੱਲ ਕਰਨ ‘ਤੇ ਜ਼ੋਰ ਦਿੱਤਾ ਕਿਉਂਕਿ ਪੰਜਾਬ ਦੇ ਰਾਈਸ ਮਿੱਲਰਾਂ ਵਿੱਚ ਥਾਂ ਦੀ ਘਾਟ ਨਾਲ ਪੈਦਾ ਹੋਣ ਵਾਲੀ ਸਮੱਸਿਆ ਕਾਰਨ ਪਹਿਲਾਂ ਹੀ ਚਿੰਤਾ ਹੈ ਅਤੇ ਇਸ ਨਾਲ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਪ੍ਰਭਾਵਿਤ ਹੋ ਸਕਦੀ ਹੈ।


ਕੇਂਦਰੀ ਮੰਤਰੀ ਦੇ ਨਿੱਜੀ ਦਖਲ 'ਤੇ ਜ਼ੋਰ ਦਿੰਦਿਆਂ, ਕਟਾਰੂਚੱਕ ਨੇ ਉਨ੍ਹਾਂ ਨੂੰ ਕਵਰਡ ਸਟੋਰੇਜ ਸਪੇਸ ਦੇ ਲੋੜੀਂਦੇ ਪ੍ਰਬੰਧ ਕਰਨ ਲਈ ਐਫ.ਸੀ.ਆਈ. ਨੂੰ ਨਿਰਦੇਸ਼ ਦੇਣ ਅਤੇ ਸਤੰਬਰ 2024 ਤੋਂ ਮਾਰਚ 2025 ਤੱਕ ਪੰਜਾਬ ਦੇ ਕਵਰਡ ਗੋਦਾਮਾਂ ਤੋਂ ਚੌਲਾਂ ਅਤੇ ਕਣਕ ਦੀਆਂ ਰੋਜ਼ਾਨਾ ਘੱਟੋ-ਘੱਟ 25 ਵਿਸ਼ੇਸ਼ ਰੇਲਗੱਡੀਆਂ ਮੰਗਵਾ ਕੇ ਮਹੀਨਾਵਾਰ ਘੱਟੋ-ਘੱਟ 20 ਲੱਖ ਮੀਟ੍ਰਿਕ ਟਨ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸਾਉਣੀ ਮੰਡੀਕਰਨ ਸੀਜ਼ਨ 2024 ਲਈ ਚੌਲਾਂ ਦੇ ਭੰਡਾਰਨ ਲਈ ਲੋੜੀਂਦੀ ਥਾਂ ਅਤੇ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾਇਆ ਜਾ ਸਕੇ। 


ਕੇਂਦਰੀ ਮੰਤਰੀ ਨੇ ਥਾਂ ਸਬੰਧੀ ਮੁੱਦਾ ਅਤੇ ਸੂਬੇ ਨੂੰ ਦਰਪੇਸ਼ ਹੋਰ ਮੁੱਦਿਆਂ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।