ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਕਤਲ ਤੇ ਬਲਾਤਕਾਰ ਸਮੇਤ ਸੰਗੀਨ ਜ਼ੁਰਮਾਂ ਅਧੀਨ ਜਿਸ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਕੇਸ ਦਰਜ ਕੀਤੇ ਗਏ ਹਨ, ਉਸ ਨੂੰ ਪੈਰੋਲ ’ਤੇ ਰਿਹਾਅ ਕਰਨ ਦੀ ਥਾਂ ਸਰਕਾਰ ਨੁੰ ਚਾਹੀਦਾ ਹੈ ਕਿ ਉਮਰ ਕੈਦਾਂ ਕੱਟ ਚੁੱਕੇ ਬੰਦੀ ਸਿੰਘਾਂ ਨੁੰ ਰਿਹਾਅ ਕਰੇ।


COMMERCIAL BREAK
SCROLL TO CONTINUE READING

 


ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਡੇਰਾ ਮੁਖੀ ਕਾਫੀ ਦੇਰ ਤੋਂ ਜੇਲ ਵਿਚ ਬੰਦ ਸੀ ਤੇ ਅੱਜ ਉਸਨੂੰ ਪੈਰੋਲ ਦੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਸਨੁੰ ਪੈਰੋਲ ਦੇਣ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿਚ ਦੋ ਤਰੀਕੇ ਦੇ ਕਾਨੂੰਨ ਚਲ ਰਹੇ ਹਨ। ਇਕ ਉਹ ਜਿਹੜੇ ਸਰਕਾਰਾਂ ਨਾਲ ਸੰਬੰਧ ਰੱਖਦੇ ਹੋਣ ਤੇ ਦੂਜੇ ਪਾਸੇ ਉਹ ਜੋ 25, 25 ਸਾਲ ਜੇਲਾਂ ਵਿਚ ਬੰਦ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
 


ਉਹਨਾਂ ਕਿਹਾ ਕਿ ਉਹ ਦੇਸ਼ ਦੀ ਕਾਨੂੰਨ ਵਿਵਸਥਾ ’ਤੇ ਕੋਈ ਸਵਾਲ ਨਹੀਂ ਚੁੱਕ ਰਹੇ ਪਰ ਸਾਡੇ ਦਿਲਾਂ ਵਿਚ ਰੋਸ ਹੈ ਕਿ ਜਿਹੜੀ ਬਹੁਤ ਵੱਡੀ ਲੜਾਈ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਦੀਆਂ ਪੈਰੋਲਾਂ ਤੇ ਜੇਲਾਂ ਤਬਦੀਲ ਕਰਨ ਬਾਰੇ ਅਸੀਂ ਲੜ ਰਹੇ ਹਾਂ, ਉਸ ਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ।


ਉਹਨਾਂ ਕਿਹਾ ਕਿ ਕੌਮ ਦੇ ਜੁਝਾਰੂ ਜੋ ਜੇਲਾਂ ਵਿਚ ਬੰਦ ਹਨ, ਉਹਨਾਂ ਨੁੰ ਕਦੇ ਪੈਰੋਲ ਨਹੀਂ ਮਿਲੀ ਪਰ ਜੋ ਡੇਰਾ ਸਿਰਸਾ ਮੁਖੀ ਵਰਗੇ ਬੰਦੇ ਸਮਾਜ ਦੇ ਨਾਂ ’ਤੇ ਧੱਬਾ ਹਨ ਜਿਹਨਾਂ ਨੇ ਆਪਣੇ ਆਸ਼ਰਮ ਵਿਚ ਆਈਆਂ ਕੁੜੀਆਂ ਨੂੰ ਬੇਪੱਤ ਕੀਤਾ, ਉਹਨਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਕਾਲਕਾ ਨੇ ਕਿਹਾ ਕਿ ਅਸੀਂ ਸਰਕਾਰ ਤੱਕ ਵੀ ਇਹ ਪਹੁੰਚ ਕਰਾਂਗੇ ਕਿ ਇਸ ਗੱਲ ਦਾ ਨੋਟਿਸ ਲਿਆ ਜਾਵੇ ਅਤੇ ਅਜਿਹੇ ਸਮਾਜ ਵਿਰੋਧੀਆਂ ਨੂੰ ਪੈਰੋਲ ਨਾ ਦਿੱਤੀ ਜਾਵੇ ਬਲਕਿ ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲਾਂ ਵਿਚ ਬੰਦ ਹਨ, ਉਹਨਾਂ ਨੁੰ ਤੁਰੰਤ ਰਿਹਾਅ ਕੀਤਾ ਜਾਵੇ।