Gurdaspur News: ਗੁਰਦਾਸਪੁਰ ਦੇ ਪਿੰਡ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2023 ਦਾ ਖ਼ਿਤਾਬ
Gurdaspur`s village wins Best Tourism Village of India 2023 Award: ਵਿਧਵਾ ਮਾਂ ਤੇ ਪੰਜ ਬੇਟੀਆਂ ਸਮੇਤ ਪਿੰਡ ਦੀ ਪੰਚਾਇਤ ਦੀ ਮਹਿਨਤ ਸਦਕੇ ਇਸ ਪਿੰਡ ਨੇ ਪੁਰਾਤਨ ਵਿਰਾਸਤਾਂ ਦੀ ਸਾਂਭ ਸੰਭਾਲ ਕਾਰਨ ਭਾਰਤ ਦੇ 35 ਪਿੰਡਾਂ ਵਿਚੋਂ ਜਿੱਤਿਆ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2023 ਦਾ ਖ਼ਿਤਾਬ ਜਿੱਤਿਆ ਹੈ।
Best Tourism Village of India 2023 Award: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਵੱਲੋਂ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਦਾ ਖਿਤਾਬ ਜਿੱਤਿਆ ਗਿਆ ਹੈ। ਪੇਂਡੂ ਸੈਰ-ਸਪਾਟਾ ਖੇਤਰ ਵਿੱਚ ਕੌਮੀ ਪੱਧਰ 'ਤੇ ਆਪਣੀ ਸਫਲਤਾ ਦਰਜ ਕਰਵਾਉਂਦਿਆਂ ਇਸ ਪਿੰਡ ਨੇ ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਵੱਲੋਂ ਨਵੀਂ ਦਿਲੀ ਵਿਖੇ ਕਰਵਾਏ ਗਏ ਲਾਂਚ ਆਫ ਗਲੋਬਲ ਟਰੈਵਲ ਫਾਰ ਲਾਈਫ ਸਮਾਗਮ ਦੌਰਾਨ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ ਹਾਸਲ ਕੀਤਾ ਹੈ।
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਦੀ ਚੋਣ ਇਸ ਵਕਾਰੀ ਐਵਾਰਡ ਲਈ ਹੋਈ ਹੈ। ਇਸ ਪਿੰਡ ਨੇ ਪੰਜਾਬ ਸਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਵਿਕਸਿਤ ਕਰਕੇ ਇੱਕ ਮਿਸਾਲੀ ਕਦਮ ਚੁੱਕਿਆ ਹੈ। ਮਿਸੇਜ ਸਤਵੰਤ ਕੌਰ ਅਤੇ ਪਿੰਡ ਦੇ ਸਰਪੰਚ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਪਿੰਡ ਨੇ ਆਪਣਾ ਨਾਮ ਇਸ ਐਵਾਰਡ ਲਈ ਸਮੁੱਚੇ ਭਾਰਤ ਵਿਚੋਂ ਚੁਣੇ ਗਏ 35 ਪਿੰਡਾਂ ਵਿੱਚ ਦਰਜ ਕਰਵਾਇਆ ਸੀ।
ਭਾਰਤ ਦੇ ਟੂਰਿਜ਼ਮ ਖੇਤਰ ਦੇ ਉੱਤਮ ਪਿੰਡ ਦੀ ਮਾਨਤਾ ਲਈ ਮੁਕਾਬਲੇ 'ਚ ਕੁਲ 31 ਸੂਬਿਆਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ 750 ਪਿੰਡਾਂ ਵੱਲੋਂ ਅਪਲਾਈ ਕੀਤਾ ਗਿਆ ਸੀ ਤੇ ਨਵਾਂ ਪਿੰਡ ਸਰਦਾਰਾਂ ਨੇ ਇਸ ਐਵਾਰਡ ਨੂੰ ਜਿੱਤਣ ਵਿੱਚ ਸਫ਼ਲਤਾ ਹਾਸਿਲ ਕੀਤੀ। ਟੂਰਿਜ਼ਮ ਵਿਭਾਗ ਪੰਜਾਬ ਦੇ ਤਾਲਮੇਲ ਅਤੇ ਸੇਧ ਨਾਲ ਪਿਤਾਪੁਰਖੀ ਵਿਰਾਸਤੀ ਹਵੇਲੀਆਂ ਦੀ ਸੰਭਾਲ ਕੀਤੀ ਅਤੇ ਲਗਾਤਾਰ ਯਤਨਾਂ ਸਦਕਾ ਇਹਨਾਂ ਨੂੰ ਟੂਰਿਜ਼ਮ ਦੇ ਮਸ਼ਹੂਰ ਸਥਾਨਾਂ ਵਜੋਂ ਵਿਕਸਿਤ ਕੀਤਾ, ਜਿੱਥੇ ਅੱਜ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿਚੋਂ ਵੀ ਸੈਲਾਨੀ ਆਉਂਦੇ ਹਨ।
ਬ੍ਰਿਟਿਸ਼ ਰਾਜ ਸਮੇਂ ਦੀਆਂ ਇਨ੍ਹਾਂ ਵਿਰਾਸਤੀ ਹਵੇਲੀਆਂ ਵਿੱਚ ਇੱਕ ਦਾ ਨਾਮ `ਦਾ ਕੋਠੀ` ਅਤੇ ਦੂਜੀ ਦਾ ਨਾਮ `ਪਿੱਪਲ ਹਵੇਲੀ` ਹੈ। ਉਹਨਾਂ ਦੱਸਿਆ ਕਿ ਮਿਸੇਜ ਸਤਵੰਤ ਕੌਰ ਅਤੇ ਉਨ੍ਹਾਂ ਦੀਆਂ ਪੰਜ ਬੇਟੀਆਂ ਤੇ ਪਿੰਡ ਵਾਸੀਆਂ ਦੀ ਮਹਿਨਤ ਦਾ ਨਤੀਜਾ ਹੈ ਕਿ ਇਸ ਪਿੰਡ ਨੂੰ ਇਸ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਵਿਰਾਸਤੀ ਇਮਾਰਤਾਂ ਜਾਂ ਚੀਜ਼ਾਂ ਹਨ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਜਰੂਰਤ ਹੈ ਤਾਂ ਜੋ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਇਹ ਸਭ ਕੁਝ ਦਿਖਾ ਸਕੀਏ।
ਗੁਰਦਾਸਪੁਰ ਤੋਂ ਭੋਪਾਲ਼ ਸਿੰਘ ਦੀ ਰਿਪੋਰਟ
ਇਹ ਵੀ ਪੜ੍ਹੋ: Sikkim Flood News: ਸਿੱਕਮ 'ਚ ਫੱਟਿਆ ਬੱਦਲ, ਹੁਣ ਤੱਕ 14 ਲੋਕਾਂ ਦੀ ਮੌਤ, 102 ਲੋਕ ਲਾਪਤਾ