SGPC ਚੋਣਾਂ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਬੀਬੀ ਜਗੀਰ ਕੌਰ ਬਾਰੇ ਕਹੀ ਵੱਡੀ ਗੱਲ
ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਬੀਬੀ ਜਗੀਰ ਕੌਰ ਨੂੰ ਕਿਹਾ ਕਿ ਮੇਰੀ ਉਨ੍ਹਾਂ ਨੂੰ ਬੇਨਤੀ ਹੈ ਕਿ ਘਰ ਵਾਪਸੀ ਕਰੋ ਤਾਂ ਜੋ ਆਪਾਂ ਮਿਲਕੇ ਪੰਥ ਦੀ ਸੇਵਾ ਕਰ ਸਕੀਏ।
ਚੰਡੀਗੜ੍ਹ: ਐਸਜੀਪੀਸੀ ਦੀ ਚੋਣ ’ਚ ਹਾਰ ਮਗਰੋਂ ਵੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਤਲਖ਼ ਤੇਵਰ ਬਰਕਰਾਰ ਹਨ। ਨਤੀਜਾ ਆਉਣ ਤੋਂ ਬਾਅਦ ਉਨ੍ਹਾਂ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ ਬੋਲਿਆ।
ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਮੈਬਰਾਂ ਦਾ ਕੀਤਾ ਧੰਨਵਾਦ
ਬੀਬੀ ਜਗੀਰ ਕੌਰ ਨੇ ਕਿਹਾ ਧੱਕੇਸ਼ਾਹੀ ਦੇ ਬਾਵਜੂਦ ਉਨ੍ਹਾਂ ਨੂੰ 42 ਵੋਟਾਂ ਹਾਸਲ ਹੋਈਆਂ ਹਨ, ਜਿਸ ਲਈ ਉਨ੍ਹਾਂ ਨੇ ਕਮੇਟੀ ਮੈਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਅਜ਼ਾਦੀ ਲਈ ਆਪਣੀ ਲੜਾਈ ਜਾਰੀ ਰੱਖਣਗੇ।
ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਹੋਏ ਜਨਰਲ ਇਜਲਾਸ ’ਚ ਹਰਜਿੰਦਰ ਸਿੰਘ ਧਾਮੀ 104 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ ਹਨ, ਜਦੋਂਕਿ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲੀਆਂ ਹਨ।
ਐੱਸਜੀਪੀਸੀ ਪ੍ਰਧਾਨ ਤੋਂ ਇਲਾਵਾ ਹੋਰਨਾਂ ਅਹੁਦੇਦਾਰਾਂ ਦੀ ਹੋਈ ਚੋਣ
ਇਸ ਦੌਰਾਨ ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ, ਉਨ੍ਹਾਂ ਦੇ ਮੁਕਾਬਲੇ ’ਚ ਵਿਰੋਧੀ ਧਿਰ ਦੇ ਤੌਰ ’ਤੇ ਕੋਈ ਉਮੀਦਵਾਰ ਨਹੀਂ ਸੀ। ਇਸ ਤੋਂ ਇਲਾਵਾ ਅਵਤਾਰ ਸਿੰਘ ਫਤਿਹਗੜ੍ਹ ਸਾਹਿਬ ਮੀਤ ਪ੍ਰਧਾਨ ਅਤੇ ਗੁਰਚਰਨ ਸਿੰਘ ਗਰੇਵਾਲ ਜਨਰਲ ਸਕੱਤਰ ਚੁਣੇ ਗਏ।
ਧਰਮ ਦੇ ਮਾਮਲੇ ’ਚ ਸਾਨੂੰ ਇੱਕਠੇ ਰਹਿਣ ਦੀ ਲੋੜ: ਹਰਸਿਮਰਤ ਕੌਰ
ਉੱਧਰ ਇਸ ਸਬੰਧ ’ਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੁਝ ਮੌਕਾ ਪ੍ਰਸਤ ਲੋਕਾਂ ਨੇ ਆਰ. ਐੱਸ. ਐੱਸ. ਜਾਂ ਕਾਂਗਰਸ ਦੇ ਮੋਢਿਆਂ ’ਤੇ ਬੈਠ ਦਿੱਲੀ ਤੇ ਹਰਿਆਣਾ ਦੇ ਗੁਰਦੁਆਰਿਆਂ ’ਤੇ ਕਬਜ਼ਾ ਕੀਤਾ। ਹੁਣ ਉਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਸਿਆਸੀ ਅਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਧਰਮ ਦੇ ਮਾਮਲੇ ’ਚ ਸਾਨੂੰ ਸਾਰਿਆਂ ਨੂੰ ਇੱਕਠੇ ਹੋਣ ਦੀ ਲੋੜ ਹੈ।
ਹਰਸਿਮਰਤ ਕੌਰ ਵਲੋਂ ਬੀਬੀ ਜਗੀਰ ਕੌਰ ਨੂੰ ਘਰ ਵਾਪਸੀ ਦੀ ਅਪੀਲ
ਹਰਸਿਮਰਤ ਕੌਰ ਨੇ ਕਿਹਾ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਸਦਕਾ ਸਿੱਖ ਸੰਗਤ ਪੰਥ ਦੀ ਸੇਵਾ ਖੇਤਰੀ ਪਾਰਟੀ ਦੇ ਹੱਥਾਂ ’ਚ ਦੇਣਗੇ। ਉਨ੍ਹਾਂ ਇਸ ਮੌਕੇ ਬੀਬੀ ਜਗੀਰ ਕੌਰ ਨੂੰ ਕਿਹਾ ਕਿ ਮੇਰੀ ਉਨ੍ਹਾਂ ਨੂੰ ਬੇਨਤੀ ਹੈ ਕਿ ਘਰ ਵਾਪਸੀ ਕਰੋ ਤਾਂ ਜੋ ਆਪਾਂ ਮਿਲਕੇ ਪੰਥ ਦੀ ਸੇਵਾ ਕਰ ਸਕੀਏ। ਉਨ੍ਹਾਂ ਕਿਹਾ ਕਿ ਉਹ ਮੇਰੇ ਤੋਂ ਵੱਡੇ ਹਨ, ਉਨ੍ਹਾਂ ਬਾਰੇ ਮੈਂ ਕੁਝ ਨਹੀਂ ਬੋਲਣਾ ਚਾਹੁੰਦੀ।