Punjab Weather News: ਸ੍ਰੀ ਅਨੰਦਪੁਰ ਸਾਹਿਬ `ਚ ਡੇਢ ਘੰਟਾ ਪਏ ਭਾਰੀ ਮੀਂਹ ਨੇ ਕੀਤਾ ਜਲਥਲ
Punjab Weather News: ਸ੍ਰੀ ਅਨੰਦਪੁਰ ਸਾਹਿਬ ਵਿੱਚ ਅੱਜ ਡੇਢ ਘੰਟਾ ਪਏ ਭਾਰੀ ਮੀਂਹ ਨੇ ਮੁੜ ਸ਼ਹਿਰ ਨੂੰ ਜਲਥਲ ਕਰ ਦਿੱਤਾ। ਭਾਰੀ ਮੀਂਹ ਕਾਰਨ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ।
Punjab Weather News: ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਪੰਜਾਬ ਦੇ ਲਗਭਗ 14 ਜ਼ਿਲ੍ਹਿਆਂ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਜਿੱਥੇ ਇਨ੍ਹਾਂ ਜ਼ਿਲਿਆਂ ਵਿੱਚ ਖੇਤਾਂ ਵਿੱਚ ਖੜ੍ਹੀ ਕਿਸਾਨਾਂ ਦੀ ਫ਼ਸਲ ਬਰਬਾਦ ਹੋਈ ਉਥੇ ਹੀ ਘਰਾਂ ਤੇ ਸੜਕਾਂ ਦਾ ਬੁਰਾ ਹਾਲ ਹੋਇਆ।
ਲੋਕਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋਇਆ। ਸ੍ਰੀ ਅਨੰਦਪੁਰ ਸਾਹਿਬ ਵਿੱਚ ਵੀ ਸਤਲੁਜ ਦਰਿਆ ਦੇ ਕਿਨਾਰੇ ਵੱਸੇ ਦਰਜਨਾਂ ਪਿੰਡਾਂ ਵਿਚ ਇਸ ਬਰਸਾਤੀ ਪਾਣੀ ਨਾਲ ਭਾਰੀ ਨੁਕਸਾਨ ਹੋਇਆ ਤੇ ਪਿਛਲੇ ਲਗਭਗ ਤਿੰਨ ਦਿਨ ਤੋਂ ਸੂਰਜ ਦੇ ਦਰਸ਼ਨ ਹੋ ਰਹੇ ਸਨ ਤੇ ਕਿਸਾਨਾਂ ਦੇ ਚਿਹਰਿਆਂ ਉਤੇ ਥੋੜ੍ਹੀ ਰੌਣਕ ਆਉਣੀ ਸ਼ੁਰੂ ਹੋਈ ਸੀ ਮਗਰ ਅੱਜ ਬਾਅਦ ਦੁਪਹਿਰ ਇਕਦਮ ਤੇਜ਼ ਬਾਰਿਸ਼ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ : Punjab News: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ
ਚੰਡੀਗੜ੍ਹ-ਊਨਾ ਹਾਈਵੇ ਉਤੇ ਪਾਣੀ ਜਮ੍ਹਾਂ ਹੋ ਗਿਆ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਾਹ ਉਤੇ ਪਾਣੀ ਖੜ੍ਹਾ ਹੋ ਗਿਆ। ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਰਾਹਤ ਵਾਲੀ ਗੱਲ ਇਹ ਹੈ ਕਿ ਸਤਲੁਜ ਦਰਿਆ ਦਾ ਪਾਣੀ ਖਤਰੇ ਦੇ ਨਸ਼ਾਨ ਤੋਂ ਕਾਫੀ ਥੱਲੇ ਵਗ ਰਿਹਾ ਹੈ। ਦਰਿਆ ਦੇ ਕੰਢੇ ਉਤੇ ਵਸੇ ਲੋਕਾਂ ਲਈ ਇਹ ਰਾਹਤ ਵਾਲੀ ਖਬਰ ਹੈ ਜਿਸ ਕਾਰਨ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪਿਛਲੇ ਦਿਨੀਂ ਪਏ ਮੀਂਹ ਕਾਰਨ ਸਤਲੁਜ ਦਰਿਆ ’ਚ ਪਾਣੀ ਛੱਡੇ ਜਾਣ ਦੇ ਬਾਵਜੂਦ ਸਥਿਤੀ ਕਾਬੂ ਹੇਠ ਹੈ ।
ਅੱਜ ਦੇ ਹਾਲਾਤ ਦੀ ਗੱਲ ਕਰੀਏ ਤਾਂ ਸਤਲੁਜ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਥੱਲੇ ਵਗ ਰਿਹਾ ਹੈ। ਰੋਪੜ ਦਰਿਆ ’ਚ ਪਾਣੀ ਦਾ ਪੱਧਰ 5.30 ਫੁੱਟ ਹੈ, ਜਦਕਿ 15 ਫੁੱਟ ਤੱਕ ਇਸ ਨੂੰ ਆਮ ਮੰਨਿਆ ਜਾਂਦਾ ਹੈ। ਹਾਲਾਂਕਿ ਅੱਜ ਪਏ ਮੀਂਹ ਨੇ ਆਮ ਲੋਕਾਂ ਤੇ ਕਿਸਾਨਾਂ ਦੀ ਪਰੇਸ਼ਾਨੀ ਵਿੱਚ ਜ਼ਰੂਰ ਵਾਧਾ ਕੀਤਾ ਹੈ ਪਰ ਸਥਿਤੀ ਪੂਰੀ ਕੰਟਰੋਲ ਹੇਠ ਹੈ।
ਇਹ ਵੀ ਪੜ੍ਹੋ : Surinder Shinda Health Update: ਸੁਰਿੰਦਰ ਸ਼ਿੰਦਾ ਨੂੰ ਦੀਪ ਹਸਪਤਾਲ ਤੋਂ ਡੀਐਮਸੀ ਹਸਪਤਾਲ ਕੀਤਾ ਗਿਆ ਸ਼ਿਫਟ, ਤਬੀਅਤ 'ਚ ਨਹੀਂ ਕੋਈ ਸੁਧਾਰ
ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ