ਲਲਿਤ ਮੋਦੀ ਨੂੰ 2 ਹਫ਼ਤਿਆਂ ’ਚ ਦੂਜੀ ਵਾਰ ਕੋਰੋਨਾ, ਲੰਡਨ ਦੇ ਹਸਪਤਾਲ ’ਚ ਚੱਲ ਰਿਹਾ ਇਲਾਜ
ਸਾਲ 2005 ਤੋਂ 2010 ਤੱਕ ਲਲਿਤ ਮੋਦੀ, ਬੀ. ਸੀ. ਸੀ. ਆਈ. ਦੇ ਉਪ-ਪ੍ਰਧਾਨ ਰਹੇ ਹਨ। ਸਾਲ 2010 ’ਚ ਧਾਂਦਲੀ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਆਈ. ਪੀ. ਐੱਲ. (IPL) ’ਚੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।
Lalit Modi Corona Positive: ਆਈ. ਪੀ. ਐੱਲ. (IPL) ਦੇ ਸਾਬਕਾ ਮੁਖੀ ਲਲਿਤ ਮੋਦੀ 2 ਹਫ਼ਤਿਆਂ ’ਚ ਦੂਸਰੀ ਵਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਮੈਕਸੀਕੋ ਸਿਟੀ ’ਚ ਰਹਿ ਰਹੇ ਲਲਿਤ ਮੋਦੀ ਨੂੰ ਉਨ੍ਹਾਂ ਦੇ ਪੁੱਤਰ ਅਤੇ ਡਾਕਟਰਾਂ ਦੀ ਟੀਮ ਹਵਾਈ ਜਹਾਜ਼ ਰਾਹੀਂ ਲੰਡਨ ਲੈ ਗਏ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ।
ਲਲਿਤ ਮੋਦੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤਾ, ਜਿਸ ’ਚ ਉਹ ਹਸਪਤਾਲ ’ਚ ਵਿਖਾਈ ਦੇ ਰਹੇ ਹਨ।
ਸੋਸ਼ਲ ਮੀਡੀਆ ’ਤੇ ਪੋਸਟ ’ਚ ਲਲਿਤ ਮੋਦੀ ਨੇ ਲਿਖਿਆ, "“ਦੋ ਡਾਕਟਰਾਂ ਨੇ ਤਿੰਨ ਹਫ਼ਤਿਆਂ ਤੱਕ ਮੇਰਾ ਇਲਾਜ ਕੀਤਾ ਅਤੇ ਲਗਾਤਾਰ ਮੇਰੀ ਨਿਗਰਾਨੀ ਕੀਤੀ। ਇੱਕ ਡਾਕਟਰ ਨੇ ਮੈਕਸੀਕੋ ਸਿਟੀ ਅਤੇ ਦੂਜੇ ਨੇ ਲੰਡਨ ’ਚ ਮੇਰੀ ਦੇਖਭਾਲ ਕੀਤੀ। ਮੇਰੇ ਕੋਲ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਲਈ ਸ਼ਬਦ ਨਹੀਂ ਹਨ। ਉਨ੍ਹਾਂ ਅੱਗੇ ਲਿਖਿਆ ਕਿ ਫਲਾਈਟ ਆਰਾਮਦਾਇਕ ਸੀ, ਵਿਸਟਾਜੈੱਟ (Vistajet) ਦਾ ਵੀ ਧੰਨਵਾਦ। ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ, ਸਭ ਨੂੰ ਪਿਆਰ।"
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ (Sushmita Sen) ਨਾਲ ਆਪਣੇ ਰਿਸ਼ਤਿਆਂ ਦੀ ਵਜ੍ਹਾ ਕਾਰਨ ਉਹ ਸੁਰਖੀਆਂ ’ਚ ਆਏ ਸਨ। ਉਸ ਵੇਲੇ ਲਲਿਤ ਮੋਦੀ ਅਤੇ ਸੁਸ਼ਮਿਤਾ ਸੇਨ ਦੇ ਰਿਸ਼ਤੇ ਦੀਆਂ ਖ਼ਬਰਾਂ ਨੇ ਤਹਿਲਕਾ ਮਚਾ ਦਿੱਤਾ ਸੀ। ਹਾਲਾਂਕਿ ਕੁਝ ਸਮੇਂ ਬਾਅਦ ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਦੇ ਬ੍ਰੇਕਅੱਪ ਦੀ ਖ਼ਬਰਾਂ ਵੀ ਆਈਆਂ।
ਇਨ੍ਹਾਂ ਦਿਨੀਂ ਲਲਿਤ ਮੋਦੀ ਕੋਰੋਨਾ ਵਾਇਰਸ (Covid-19) ਦੀ ਲਪੇਟ ’ਚ ਹਨ, ਜਿਸ ਕਾਰਨ ਲੰਡਨ ਦੇ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਸਾਂਝੀ ਕੀਤੀ ਹੈ, ਇਸ ਪੋਸਟ ’ਚ ਹਸਪਤਾਲ ਦੀ ਤਸਵੀਰ ਵੀ ਪੋਸਟ ਕੀਤੀ ਗਈ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਲਲਿਤ ਮੋਦੀ ਦਾ ਕ੍ਰਿਕਟ ਜਗਤ ਨਾਲ ਕਾਫ਼ੀ ਲੰਮਾ ਨਾਤਾ ਰਿਹਾ ਹੈ। ਉਹ ਸਾਲ 2005 ਤੋਂ 2010 ਤੱਕ ਬੀ. ਸੀ. ਸੀ. ਆਈ. (BCCI) ਦੇ ਉਪ-ਪ੍ਰਧਾਨ ਰਹੇ ਹਨ। ਸਾਲ 2010 ’ਚ ਧਾਂਦਲੀ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਆਈ. ਪੀ. ਐੱਲ. (IPL) ’ਚੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਮਨੀ ਲਾਂਡਰਿੰਗ ਦੇ ਦੋਸ਼ਾਂ ਤੋਂ ਬਾਅਦ 2010 ’ਚ ਉਹ ਦੇਸ਼ ਛੱਡ ਕੇ ਭੱਜ ਗਏ ਸਨ।
ਇਹ ਵੀ ਪੜ੍ਹੋ: CM ਭਗਵੰਤ ਮਾਨ ਵਲੋਂ ਲੋਹੜੀ ਦਾ ਤੋਹਫ਼ਾ, ਪੱਕੇ ਕੀਤੇ ਜਾਣਗੇ 6 ਹਜ਼ਾਰ ਤੋਂ ਵੱਧ ਕੱਚੇ ਮੁਲਾਜ਼ਮ