ਚੰਡੀਗੜ੍ਹ: ਕੌਮਾਂਤਰੀ ਨਸ਼ਾ ਤਸਕਰ ਜਗਦੀਸ਼ ਸਿੰਘ ਭੋਲਾ ਕੋਲੋਂ ਮੋਬਾਈਲ ਬਰਾਮਦ ਹੋਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਭੋਲਾ ਨੂੰ ਗੁਰਦਾਸਪੁਰ ਜੇਲ੍ਹ ਵਿੱਚ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਕੈਦੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ਖ਼ਿਲਾਫ਼ ਹਰ ਹਾਲਤ ਵਿੱਚ ਕਾਰਵਾਈ ਕੀਤੀ ਜਾਵੇਗੀ।


COMMERCIAL BREAK
SCROLL TO CONTINUE READING


ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੌਮਾਂਤਰੀ ਨਸ਼ਾ ਤਸਕਰ ਜਗਦੀਸ਼ ਸਿੰਘ ਭੋਲਾ ਕੋਲੋਂ ਇੱਕ ਮੋਬਾਈਲ ਬਰਾਮਦ ਹੋਇਆ ਸੀ, ਜੋ ਉਸ ਨੇ ਆਪਣੀ ਕੋਠੀ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ। ਭੋਲਾ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਤਾਇਨਾਤ ਸੀ ਤੇ ਨਸ਼ਿਆਂ ਦੇ ਨੈੱਟਵਰਕ ਦਾ ਮੁੱਖ ਗੈਂਗਸਟਰ ਰਿਹਾ ਹੈ। ਮੋਬਾਈਲ ਮਿਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਤ੍ਰਿਪੜੀ ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ। ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਭੋਲਾ ਨੇ ਮੋਬਾਈਲ ਕਿੱਥੋਂ ਪ੍ਰਾਪਤ ਕੀਤਾ ਅਤੇ ਉਹ ਕਿਸ ਨਾਲ ਤੇ ਕਿੱਥੇ ਇਸ ਰਾਹੀਂ ਗੱਲ ਕਰ ਰਿਹਾ ਸੀ। 



ਸਾਲ 2013 'ਚ ਭੋਲਾ ਨੂੰ ਡਰੱਗ ਰੈਕੇਟ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ
ਹਿਮਾਚਲ ਪ੍ਰਦੇਸ਼ 'ਚ ਨਸ਼ੀਲੇ ਪਦਾਰਥਾਂ ਦੇ ਬਹਾਨੇ ਕੈਮੀਕਲ ਦੀ ਵਰਤੋਂ ਕਰਕੇ ਆਈਸ ਵਰਗੇ ਸਿੰਥੈਟਿਕ ਡਰੱਗਜ਼ ਤਿਆਰ ਕਰਨ ਦੀਆਂ ਗੈਰ-ਕਾਨੂੰਨੀ ਫੈਕਟਰੀਆਂ ਚੱਲਦੀਆਂ ਸਨ। ਇਹ ਡਰੱਗ ਯੂਰਪ, ਕੈਨੇਡਾ ਤੇ ਅਮਰੀਕਾ ਤੱਕ ਪਹੁੰਚਾਈ ਜਾਂਦੀ ਸੀ। ਸਾਲ 2012 ਵਿੱਚ ਭੋਲਾ ਨੂੰ ਪੰਜਾਬ ਪੁਲਿਸ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਸਾਲ 2013 'ਚ ਭੋਲਾ ਨੂੰ 700 ਕਰੋੜ ਦੇ ਡਰੱਗ ਰੈਕੇਟ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਕਬਜ਼ੇ 'ਚੋਂ ਸਿੰਥੈਟਿਕ ਡਰੱਗ, ਹੈਰੋਇਨ, ਵਿਦੇਸ਼ੀ ਕਰੰਸੀ, ਹਥਿਆਰ ਤੇ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਹਨ।