Kiratpur Sahib Police Station: ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੀ ਲਗਨ, ਸਖ਼ਤ ਮਿਹਨਤ ਅਤੇ ਅਟੁੱਟ ਵਚਨਬੱਧਤਾ ਨੂੰ ਮਾਨਤਾ ਦਿੰਦੇ ਹੋਏ, ਸੂਬੇ ਦੇ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ ‘‘ ਸਾਲ 2023 ਦੀ ਸਾਲਾਨਾ ਰੈਂਕਿੰਗ’ ਵਿੱਚ ਰਾਸ਼ਟਰੀ ਪੱਧਰ ’ਤੇ 8ਵਾਂ ਅਤੇ ਪੰਜਾਬ ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਿਆਂ ਦੀ ਇਹ ਸਾਲਾਨਾ ਰੈਂਕਿੰਗ ਗ੍ਰਹਿ ਮੰਤਰਾਲੇ (ਐਮ.ਐਚ.ਏ.) ਵੱਲੋਂ ਨਿਰਧਾਰਤ ਕੀਤੇ ਮਾਪਦੰਡਾਂ ਦੇ ਆਧਾਰ ’ਤੇ ਕੀਤੀ ਜਾਂਦੀ ਹੈ।


COMMERCIAL BREAK
SCROLL TO CONTINUE READING

ਇਸ ਪ੍ਰਾਪਤੀ ਤਹਿਤ ਪੁਲਿਸ ਥਾਣੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਗ੍ਰਹਿ ਸਕੱਤਰ ਵੱਲੋਂ ਸਾਂਝੇ ਤੌਰ ’ਤੇ ਹਸਤਾਖ਼ਰ ਕੀਤੇ ਦੋ ਸਰਟੀਫਿਕੇਟ ਪ੍ਰਾਪਤ ਹੋਏ ਹਨ।


ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਡਾ: ਸੁਖਚੈਨ ਸਿੰਘ ਗਿੱਲ ਦੇ ਨਾਲ ਐਸ.ਐਸ.ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੂੰ ਦੋਵੇਂ ਸਰਟੀਫਿਕੇਟ ਸੌਂਪੇ ਅਤੇ ਉਨ੍ਹਾਂ ਨੂੰ ਤੇ ਐੱਸ.ਐੱਚ.ਓ. ਕੀਰਤਪੁਰ ਸਾਹਿਬ ਨੂੰ ਇਹ ਮੀਲ ਪੱਥਰ ਸਥਾਪਿਤ ਕਰਨ ’ਤੇ ਵਧਾਈ ਦਿੱਤੀ।


ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਪੂਰਵ-ਪ੍ਰਭਾਸ਼ਿਤ ਮਾਪਦੰਡਾਂ ਜਿਵੇਂ ਜਾਂਚ ਦਾ ਨਿਪਟਾਰਾ, ਸ਼ਿਕਾਇਤਾਂ ਦਾ ਨਿਪਟਾਰਾ, ਪ੍ਰਭਾਵੀ ਢੰਗ ਨਾਲ ਸ਼ਿਕਾਇਤ ਨਿਪਟਾਰੇ, ਰਿਕਾਰਡ ਦੀ ਸਾਂਭ-ਸੰਭਾਲ, ਕਨਵਿਕਸ਼ਨ ਰੇਟ ਆਦਿ ਸ਼ਾਮਲ ਹਨ, ਦੇ ਅਧਾਰ ’ਤੇ ਪੁਲਿਸ ਥਾਣਿਆਂ ਦੀ ਸਾਲਾਨਾ ਦਰਜਾਬੰਦੀ ਕੀਤੀ ਜਾਂਦੀ ਹੈ।


ਡੀਜੀਪੀ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ ਕੁਸ਼ਲ ਅਤੇ ਸੁਚੱਜੀ ਪੁਲਿਸਿੰਗ ਪ੍ਰਤੀ ਆਪਣੀ ਵਚਨਬੱਧਤਾ ਦਾ ਸਬੂਤ ਦਿੰਦੇ ਹੋਏ ਇਨ੍ਹਾਂ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਅਪਣਾਈਆਂ ਗਈਆਂ ਪ੍ਰਭਾਵਸ਼ਾਲੀ ਪੁਲਿਸ ਰਣਨੀਤੀਆਂ ਅਤੇ ਲੋਕ ਪੱਖੀ ਪਹੁੰਚ ਨੂੰ ਦਰਸਾਉਂਦੀ ਹੈ।


ਡੀਜੀਪੀ ਨੇ ਪੰਜਾਬ ਪੁਲਿਸ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਗ੍ਰਹਿ ਮੰਤਰਾਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮਾਨਤਾ ਪੁਲਿਸ ਕਰਮੀਆਂ ਲਈ ਬੇਮਿਸਾਲ ਸੇਵਾਵਾਂ ਪ੍ਰਦਾਨ ਕਰਦੇ ਰਹਿਣ ਲਈ  ਪ੍ਰੇਰਣਾ ਅਤੇ ਪੰਜਾਬ ਪੁਲਿਸ ਦੀ ਉੱਤਮਤਾ ਪ੍ਰਤੀ ਵਚਨਬੱਧਤਾ ਅਤੇ  ਲੋਕਾਂ ਲਈ ਵੱਧ ਤੋਂ ਵੱਧ ਸੁਰੱਖਿਅਤ ਮਾਹੌਲ ਸਿਰਜਣ ਦੇ ਯਤਨਾਂ ਨੂੰ ਦਰਸਾਉਂਦੀ ਹੈ।


ਜ਼ਿਕਰਯੋਗ ਹੈ ਕਿ ਪੁਲਿਸ ਥਾਣਿਆਂ ਦੀ ਇਸ ਮਾਣਮੱਤੀ ਪ੍ਰਾਪਤੀ ਨੂੰ 5 ਜਨਵਰੀ, 2024 ਨੂੰ ਹੋਈ ਸਾਲਾਨਾ ਡੀਜੀਐਸਪੀ/ਆਈਜੀਐਸਪੀ ਕਾਨਫਰੰਸ-2023 ਦੌਰਾਨ ਰਸਮੀ ਤੌਰ ’ਤੇ ਮਾਨਤਾ ਦਿੱਤੀ ਗਈ ਸੀ। ਇਸ ਸਮਾਰੋਹ ਵਿੱਚ ਦੇਸ਼ ਦੇ ਚੋਟੀ ਦੇ 10 ਪੁਲਿਸ ਸਟੇਸ਼ਨਾਂ ਦੇ ਨਾਮ ਵੀ ਪੜ੍ਹੇ ਗਏ, ਜਿਸ ਦੌਰਾਨ  ਕੀਰਤਪੁਰ ਸਾਹਿਬ ਪੁਲਿਸ ਥਾਣੇ ਨੂੰ ਦੇਸ਼ ਦੇ ਸਭ ਤੋਂ ਵਧੀਆ ਥਾਣਿਆਂ ਚੋਂ ਇੱਕ ਹੋਣ ਦਾ ਮਾਣ ਹਾਸਲ ਹੋਇਆ।