Ludhina News: ਬੁੱਢਾ ਨਾਲਾ, ਜੋ ਲੁਧਿਆਣਾ ਦੇ ਲੋਕਾਂ ਲਈ ਲੰਬੇ ਸਮੇਂ ਤੋਂ ਮੁਸਿਬਤ ਬਣਿਆ ਹੋਇਆ ਹੈ। ਨਾਲੇ ਵਿਚਲੀ ਗੰਦਗੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਉਥੇ ਹੀ ਇਸ ਬੁੱਢੇ ਨਾਲੇ ਨੂੰ ਲੈਕੇ ਵੀ ਅਕਸਰ ਸਿਆਸਤ ਗਰਮਾਈ ਰਹਿੰਦੀ ਹੈ। ਹੁਣ 'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦਾ ਇੱਕ ਵੀਡੀਓ ਸਹਾਮਣੇ ਆਇਆ ਹੈ, ਜਿਸ ਵਿੱਚ ਉਹ ਬੁੱਢੇ ਨਾਲੇ ਦੇ 650 ਕਰੋੜ ਦੇ ਵਿਕਾਸ ਕਾਰਜ ਲਈ ਰੱਖੇ ਨੀਂਹ ਪੱਥਰ ਨੂੰ ਖੁਦ ਆਪਣੇ ਹੱਥਾਂ ਨਾਲ ਤੋੜ ਰਹੇ ਹਨ। ਇਸ ਦੇ ਨਾਲ ਹੀ ਇਸ ਪ੍ਰਜੈਕਟ ਲਈ ਲੱਗੇ ਪੈਸਿਆਂ ਦੀ ਜਾਂਚ ਲਈ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।


COMMERCIAL BREAK
SCROLL TO CONTINUE READING

ਬੁੱਢੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਵਿਧਾਇਕ ਕਾਫੀ ਜ਼ਿਆਦਾ ਗੁੱਸੇ 'ਚ ਸੀ ਜਿਸ ਕਾਰਨ ਉਨ੍ਹਾਂ ਇਹ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਵਿਧਾਇਕ ਗੋਗੀ ਵਲੋਂ ਅਧਿਕਾਰੀਆਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਇਸ ਕੰਮ ਦੀ ਸਹੀ ਤਰੀਕੇ ਨਾਲ ਸ਼ੁਰੂਆਤ ਨਾ ਹੋਈ ਤਾਂ ਉਹ ਧਰਨੇ 'ਤੇ ਬੈਠਣਗੇ। ਕਾਬਿਲੇਗੌਰ ਹੈ ਕਿ ਸੂਬੇ 'ਚ ਸੱਤਾ ਹਾਸਲ ਕਰਨ ਤੋਂ ਕੁਝ ਮਹੀਨੇ ਬਾਅਦ ਹੀ ਲੁਧਿਆਣਾ 'ਚ ਬੁੱਢੇ ਨਾਲੇ ਦੀ ਸਫ਼ਾਈ ਲਈ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ।


ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਦੇ ਤਹਿਤ 650 ਕਰੋੜ ਰੁਪਏ ਦੀ ਲਾਗਤ ਨਾਲ ਇਸ ਬੁੱਢੇ ਨਾਲੇ ਨੂੰ ਸਾਫ ਕਰਨ ਦੇ ਲਈ ਕੋਰੋਨਾ ਕਾਲ ਦੇ ਸਮੇਂ ਟੈਂਡਰ ਪਾਸ ਹੋਇਆ ਸੀ ਅਤੇ ਇਸੇ ਦੌਰਾਨ ਉਸ ਕੰਪਨੀ ਨੇ ਆਪਣੀ ਮਨਮਰਜੀ ਦੇ ਨਾਲ 598 ਕਰੋੜ ਰੁਪਏ ਹੁਣ ਤੱਕ ਵਸੂਲ ਲਏ ਹਨ ਅਤੇ ਹਾਲੇ ਤੱਕ ਬੁੱਢੇ ਨਾਲੇ ਦੀ ਸਥਿਤੀ ਜਿਉਂ ਦੀ ਤਿਉਂ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਇਸ ਰੋਡ ਤੋਂ ਲੰਘਦੇ ਨੇ ਤਾਂ ਉਹਨਾਂ ਨੂੰ ਆਪਣਾ ਲੱਗਿਆ ਨੀਂਹ ਪੱਥਰ ਯਾਦ ਆਉਂਦਾ ਹੈ ਅਤੇ ਲੋਕ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰਦੇ ਹਨ। ਜਿਸ ਕਾਰਨ ਉਨ੍ਹਾਂ ਨੇ ਰੋਸ ਵਜੋਂ ਅੱਜ ਇਸ ਲੱਗੇ ਨੀਹ ਪੱਥਰ ਨੂੰ ਹੀ ਤੋੜ ਦਿੱਤਾ।


ਵਿਧਾਇਕ ਗੋਗੀ ਨੇ ਕਿਹਾ ਕਿ ਇਹ ਨੀਂਹ ਪੱਥਰ ਸਾਨੂੰ ਲੰਘਦੇ ਨੂੰ ਰੋਜ਼ਾਨਾ ਹੀ ਮੂੰਹ ਚੜਾਉਂਦਾ ਸੀ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿੱਥੇ ਅਫਸਰ ਸ਼ਾਹੀ ਹਾਵੀ ਹੈ ਤਾਂ ਉਹਨਾਂ ਵੱਲੋਂ ਕੋਈ ਵੀ ਕੰਮ ਸੁਚੱਜੇ ਢੰਗ ਨਾਲ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਵੀ ਇਸ ਬਾਬਤ ਉਹਨਾਂ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਅਤੇ ਲੱਗੇ ਪੈਸਿਆਂ ਦੀ ਜਾਂਚ ਹੋਵੇ। ਦੱਸ ਦਈਏ ਕਿ ਵਿਧਾਇਕ ਗੁਰਪ੍ਰੀਤ ਗੋਗੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵੀ ਨੇ ਅਤੇ ਬਾਵਜੂਦ ਇਸ ਦੇ ਬੁੱਢੇ ਨਾਲੇ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਹਨ। ਉਹਨਾਂ ਇਹ ਵੀ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਠੋਸ ਕਦਮ ਸਰਕਾਰ ਵੱਲੋਂ ਨਾ ਚੱਕੇ ਗਏ ਤਾਂ ਉਹ ਧਰਨੇ 'ਤੇ ਵੀ ਬੈਠਣ ਨੂੰ ਮਜ਼ਬੂਰ ਹੋਣਗੇ।