Mohali News: ਮੋਹਾਲੀ ਪਿੰਡ ਵਿਖੇ ਵੱਡੇ ਗੈਸ ਸਿਲੰਡਰ ਵਿੱਚੋਂ ਛੋਟੇ ਗੈਸ ਸਿਲੰਡਰ ਵਿੱਚ ਗੈਸ ਭਰਨ ਸਮੇਂ ਸਿਲੰਡਰ ਫਟਣ ਨਾਲ ਦੋ ਜਣਿਆਂ ਦੇ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੋਹਾਲੀ ਪਿੰਡ ਦੇ ਕੌਂਸਲਰ ਰਵਿੰਦਰ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਪਿੰਡ ਮੋਹਾਲੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਗੈਸ ਸਿਲੰਡਰ ਭਰ ਕੇ ਵੇਚਣ ਦਾ ਨਜਾਇਜ਼ ਧੰਦਾ ਚੱਲ ਰਿਹਾ ਹੈ ਅਤੇ ਇਹ ਨਾਜਾਇਜ਼ ਕਾਰੋਬਾਰ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਜਾਇਜ਼ ਧੰਦੇ ਸਬੰਧੀ ਫੂਡ ਸਪਲਾਈ ਮਹਿਕਮੇ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪ੍ਰੰਤੂ ਮਹਿਕਮੇ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨਾਲ ਪਤਾ ਲੱਗਦਾ ਹੈ ਕਿ ਮਹਿਕਮੇ ਦੇ ਕੁਝ ਅਫਸਰਾਂ ਦੀ ਸ਼ਹਿ ਤੇ ਇਹ ਨਜਾਇਜ਼ ਕਾਰੋਬਾਰ ਚਲਾਇਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਪਿੰਡ ਮੋਹਾਲੀ ਵਿਚਲੀ ਮਾਰਕੀਟ ਵਿਚ ਅਚਾਨਕ ਇਕ ਧਮਾਕਾ ਹੋਇਆ। ਧਮਾਕੇ ਦੀ ਆਵਾਜ ਸੁਣ ਕੇ ਪਹਿਲਾਂ ਤਾਂ ਲੋਕ ਕਿਸੇ ਬੰਬ ਫਟਣ ਦੀ ਅਵਾਜ ਸਮਝ ਕੇ ਇਧਰ ਉਧਰ ਭੱਜਣ ਲੱਗ ਪਏ। ਇਸ ਦੌਰਾਨ ਇੱਕ ਦੁਕਾਨਦਾਰ ਵਲੋਂ ਜਦੋਂ ਰੌਲਾ ਪਾਇਆ ਗਿਆ ਕਿ ਇਹ ਧਮਾਕਾ ਗੈਸ ਸਲੰਡਰ ਫਟਣ ਕਾਰਨ ਹੋਇਆ ਹੈ ਤਾਂ ਲੋਕ ਇਕੱਠੇ ਹੋ ਗਏ।


ਗੈਸ ਸਲੰਡਰ ਦੇ ਧਮਾਕੇ ਕਾਰਨ ਉਕਤ ਗੋਦਾਮ ਦਾ ਦਰਵਾਜਾ ਵੀ ਟੁੱਟ ਗਿਆ, ਭਾਵੇਂ ਇਸ ਧਮਾਕੇ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਇਸ ਧਮਾਕੇ ਦੀ ਲਪੇਟ ਵਿੱਚ ਰਾਹ ਜਾਂਦੀ ਇਕ ਮਹਿਲਾ ਵੀ ਆ ਗਈ, ਜਦੋਂ ਕਿ ਵੱਡੇ ਸਿਲੰਡਰ ਵਿੱਚੋਂ ਛੋਟੇ ਸਿਲੰਡਰ ਵਿੱਚ ਗੈਸ ਭਰਨ ਵਾਲਾ ਸਾਗਰ ਨਾਮ ਦਾ ਵਿਅਕਤੀ ਵੀ ਜਖਮੀ ਹੋ ਗਿਆ, ਦੋਵਾਂ ਜਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਪਿੰਡ ਵਾਸੀਆਂ ਮੁਤਾਬਕ ਜੇਕਰ ਪਿੰਡ ਵਿੱਚੋਂ ਇਹ ਨਜਾਇਜ਼ ਧੰਦਾ ਬੰਦ ਨਾ ਕਰਵਾਇਆ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਗੈਸ ਸਿਲੰਡਰ ਵਾਲਾ ਗੁਦਾਮ ਕਿਸੇ ਗੁਪਤਾ ਨਾਂ ਦੇ ਵਿਅਕਤੀ ਨੇ ਕਿਰਾਏ ਤੇ ਲੈ ਕੇ ਖੋਲਿਆ ਹੋਇਆ ਹੈ, ਜਦੋਂ ਕਿ ਮਕਾਨ ਦਾ ਮਾਲਕ ਅਮਰਜੀਤ ਸਿੰਘ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜਾ ਲਿਆ। ਉਕਤ ਗੁਦਾਮ ਵਿੱਚ 100 ਤੋਂ ਵੱਧ ਘਰੇਲੂ ਅਤੇ ਕਮਰਸ਼ੀਅਲ ਗੈਸ ਸਿਲੰਡਰ ਪਏ ਸਨ। ਇਸ ਸਬੰਧੀ ਥਾਣਾ ਫੇਜ਼-1 ਦੇ ਮੁਖੀ ਸੁਖਬੀਰ ਸਿੰਘ ਨੇ ਦਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਸਿਲੰਡਰ ਅਤੇ ਹੋਰ ਸਾਮਾਨ ਵੀ ਜਬਤ ਕੀਤਾ ਜਾ ਰਿਹਾ ਹੈ।


ਇੱਥੇ ਜਿਕਰਯੋਗ ਹੈ ਕਿ 12 ਸਾਲ ਪਹਿਲਾਂ ( 20 ਜੁਲਾਈ 2012 ਦੀ ਰਾਤ ਨੂੰ) ਵਿਕਾਸ ਨਾਮ ਦਾ ਵਿਅਕਤੀ ਸ਼ਕਤੀ ਮਾਰਕੀਟ ਵਿਚ ਇਕ ਕਮਰੇ ਵਿਚ ਗੈਰ ਕਾਨੂੰਨੀ ਢੰਗ ਨਾਲ ਐਲ.ਪੀ.ਜੀ ਗੈਸ ਦੇ ਵੱਡੇ ਸਿਲੰਡਰ ਵਿਚੋਂ ਛੋਟੇ ਸਿਲੰਡਰ ਵਿਚ ਗੈਸ ਭਰ ਰਿਹਾ ਸੀ। ਇਸ ਦੌਰਾਨ ਵੱਡੇ ਸਿਲੰਡਰ ਵਿੱਚੋਂ ਅਚਾਨਕ ਗੈਸ ਲੀਕ ਹੋਣ ਲੱਗ ਪਈ ਅਤੇ ਦੇਖਦੇ ਹੀ ਦੇਖਦੇ ਸਿਲੰਡਰ ਨੂੰ ਅੱਗ ਲੱਗ ਗਈ। ਜਿਸ ਕਾਰਨ ਵਿਕਾਸ ਜ਼ਖ਼ਮੀ ਹੋ ਗਿਆ, ਉਸਨੇ ਆਪਣਾ ਬਚਾਅ ਕਰਦਿਆਂ ਅੱਗ ਲੱਗਿਆ ਸਿਲੰਡਰ ਬਾਹਰ ਵਿਹੜੇ ਵਿਚ ਸੁੱਟ ਦਿੱਤਾ ਅਤੇ ਸਿਲੰਡਰ ਫੱਟ ਗਿਆ। ਇਸ ਦੌਰਾਨ ਵਿਹੜੇ ਵਿੱਚ ਮੰਜੇ ਤੇ ਸੁੱਤੇ ਪਏ 12 ਸਾਲ ਦੇ ਸੋਨੂੰ ਅਤੇ 14 ਸਾਲ ਦੇ ਸਾਜਿਦ ਨੂੰ ਅੱਗ ਨੇ ਆਪਣੇ ਲਪੇਟੇ ਵਿਚ ਲੈ ਲਿਆ ਸੀ ਅਤੇ ਤਿੰਨੋ ਜਣੇ ਜ਼ਖ਼ਮੀ ਹੋ ਗਏਸਨ। ਇਸ ਹਾਦਸੇ ਵਿੱਚ 70 ਫੀਸਦੀ ਤੱਕ ਸੜਨ ਕਾਰਨ ਸੋਨੂੰ ਦੀ ਮੌਤ ਹੋ ਗਈ ਸੀ। ਉਸ ਸਮੇਂ ਥਾਣਾ ਫੇਜ਼-1 ਦੀ ਪੁਲੀਸ ਨੇ ਵਿਕਾਸ ਵਾਸੀ ਪਿੰਡ ਮੁਹਾਲੀ ਦੇ ਖਿਲਾਫ ਧਾਰਾ 308,304 ਦੇ ਤਹਿਤ ਮਾਮਲਾ ਦਰਜ ਕੀਤਾ ਸੀ।