Lala Lajpat Rai (ਨਵਦੀਪ ਮਹੇਸਰੀ):  ਪੰਜਾਬ ਕੇਸਰੀ ਦੇ ਨਾਮ ਨਾਲ ਜਾਣੇ ਜਾਂਦੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦਾ 96 ਵਾਂ ਬਲੀਦਾਨ ਦਿਵਸ ਅੱਜ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਜਦਕਿ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਸਾਬਕਾ ਮੰਤਰੀ ਮਾਲਤੀ ਥਾਪਰ, ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਧੰਨਾ, ਸਕੱਤਰ ਰਾਜਜੰਗ ਸਿੰਘ, ਮੌਜੂਦਾ ਤੇ ਸਾਬਕਾ ਸਰਪੰਚ ਤੋਂ ਇਲਾਵਾ ਵਿਦਿਆਰਥੀ ਅਤੇ ਹੋਰ ਲੋਕ ਹਾਜ਼ਰ ਸਨ।


COMMERCIAL BREAK
SCROLL TO CONTINUE READING

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅਜ਼ਾਦੀ ਦਾ ਸੰਘਰਸ਼ ਵਿੱਢਣ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਹਰੇਕ ਭਾਰਤ ਵਾਸੀ ਨੂੰ ਲਾਲਾ ਲਾਜਪਤ ਰਾਏ ਅਤੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਅਤੇ ਘਾਲਣਾਵਾਂ ਉੱਤੇ ਮਾਣ ਹੈ, ਜਿਨ੍ਹਾਂ ਦੇ ਸਿਰ 'ਤੇ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ।


ਉਨ੍ਹਾਂ ਕਿਹਾ ਲਾਲਾ ਲਾਜਪਤ ਰਾਏ ਜੀ ਜਿੱਥੇ ਮਹਾਨ ਆਜ਼ਾਦੀ ਘੁਲਾਟੀਏ ਸਨ, ਉਥੇ ਹੀ ਉਨ੍ਹਾਂ ਨੂੰ ਸਵਦੇਸ਼ੀ ਲਹਿਰ ਦੇ ਰਹਿਨੁਮਾ ਵਜੋਂ ਵੀ ਜਾਣਿਆ ਜਾਂਦਾ ਹੈ। ਪਿੰਡ ਵਾਸੀਆਂ ਤੇ ਪੰਚਾਇਤ ਦੀ ਮੰਗ ਪੂਰੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਨੇ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 25 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ। ਇਨ੍ਹਾਂ ਵਿਕਾਸ ਕੰਮਾਂ ਵਿੱਚ 4 ਨਵੇਂ ਪਾਰਕ ਸਮੇਤ ਜਿਮ ਲਈ 10 ਲੱਖ ਰੁਪਏ, ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਲਈ 10 ਲੱਖ ਰੁਪਏ, ਦੇਸ਼ ਭਗਤ ਸਪੋਰਟਸ ਕਲੱਬ ਲਈ 5 ਲੱਖ ਰੁਪਏ ਸ਼ਾਮਿਲ ਹਨ। ਇਸ ਤੋਂ ਇਲਾਵਾ ਪਿੰਡ ਲਈ ਵੇਸਟ ਮੈਨੇਜਮੈਂਟ ਟਰੀਟਮੈਂਟ ਪਲਾਂਟ ਲਗਾਉਣ ਦੀ ਮੰਗ ਵੀ ਮੰਤਰੀ ਨੇ ਤੁਰੰਤ ਪ੍ਰਭਾਵ ਨਾਲ ਸਵੀਕਾਰ ਕੀਤੀ।


ਇਸ ਮੌਕੇ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਨੇਦੱਸਿਆ ਕਿ ਪਿੰਡ ਢੁੱਡੀਕੇ ਦੀ ਧਰਤੀ ਭਾਗਾਂ ਵਾਲੀ ਹੈ, ਜਿੱਥੇ ਲਾਲਾ ਜੀ ਅਤੇ ਹੋਰ ਕਈ ਆਜ਼ਾਦੀ ਘੁਲਾਟੀਆਂ ਨੇ ਜਨਮ ਲਿਆ। ਉਨਾਂ ਕਿਹਾ ਕਿ ਅਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਇਸ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਦਾ ਜਜ਼ਬਾ ਕਾਇਮ ਕਰਨ ਦੀ ਪ੍ਰੇਰਨਾ ਮਿਲਦੀ ਹੈ।


ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ , ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਅਤੇ ਹੋਰ ਹਾਜ਼ਰੀਨ ਨੇ ਲਾਲਾ ਜੀ ਦੀ ਬੁੱਤ ਉੱਤੇ ਪਹੁੰਚ ਕੇ ਉਨ੍ਹਾਂ ਨੂੰ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਉਨ੍ਹਾਂ ਲਾਇਬ੍ਰੇਰੀ ਅਤੇ ਹੋਰ ਇਤਿਹਾਸਕ ਸਥਾਨਾਂ ਨੂੰ ਵੀ ਦੇਖਿਆ। ਸਕੂਲਾਂ ਦੇ ਵਿਦਿਆਰਥੀਆਂ ਨੇ ਗੀਤ, ਗਰੁੱਪ ਸੌਂਗ ਆਦਿ ਵੰਨਗੀਆਂ ਪੇਸ਼ ਕੀਤੀਆਂ। ਇਸ ਉਪਰੰਤ ਉਨਾਂ ਨੇ ਪਿੰਡ ਦੇ ਹੀ ਬਾਕੀ ਸ਼ਹੀਦਾਂ ਦੀ ਯਾਦ ਵਿੱਚ ਬਣੇ ਸਮਾਰਕ 'ਤੇ ਵੀ ਫੁੱਲ ਮਾਲਾਵਾਂ ਭੇਂਟ ਕੀਤੀਆਂ, ਅੰਤ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਵੱਲੋਂ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ।